ਸਿੱਖ ਸਿਧਾਂਤਾਂ ਵਿਚ ਸਿੱਖ ਬੀਬੀਆਂ ਦੇ ਹੈਲਮਟ/ਟੋਪੀ ਪਾਉਣ ’ਤੇ ਮਨਾਹੀ: ਕਾਲਕਾ, ਕਾਹਲੋਂ
ਚੰਡੀਗੜ੍ਹ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਸ਼ ਵਿਚ ਦੋ ਪਹੀਆ ਵਾਹਨ ਚਲਾਉਣ ਵੇਲੇ ਸਿੱਖ ਬੀਬੀਆਂ ਲਈ ਹੈਲਮਟ ਪਾਉਣੀ ਲਾਜ਼ਮੀ ਕਰਨ ਸਬੰਧੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਿੱਖ ਧਾਰਮਿਕ ਸੰਸਥਾਵਾਂ ਨਾਲ ਰਾਇ ਮਸ਼ਵਰਾ ਜ਼ਰੂਰ ਕਰ ਲਿਆ ਜਾਵੇ।
ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਸ੍ਰੀ ਅਰਜੁਨ ਰਾਮ ਮੇਘਵਾਲ ਨੂੰ ਦਿਲੇ ਪੱਤਰ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿਚ ਕੁਝ ਮੀਡੀਆ ਰਿਪੋਰਟਾਂ ਆਈਆਂ ਹਨ ਜਿਹਨਾਂ ਵਿਚ ਕਿਹਾ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਯੂ. ਟੀ ਚੰਡੀਗੜ੍ਹ ਵਿਚ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਾਉਣ ਤੋਂ ਸਿੱਖ ਬੀਬੀਆਂ ਨੂੰ ਦਿੱਤੀ ਛੋਟ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਉਹਨਾਂ ਨੇ ਕੇਂਦਰੀ ਮੰਤਰੀ ਨੂੰ ਚੇਤੇ ਕਰਵਾਇਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਕਤੂਬਰ 2018 ਵਿਚ ਯੂ.ਟੀ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਸੀ ਕਿ ਚੰਡੀਗੜ੍ਹ ਵਿਚ ਦੋ ਪਹੀਆ ਵਾਹਨ ਚਲਾਉਣ ਸਮੇਂ ਸਿੱਖ ਬੀਬੀਆਂ ਨੂੰ ਹੈਲਮਟ ਪਾਉਣ ਤੋਂ ਛੋਟ ਦਿੱਤੀ ਜਾਵੇ।
ਉਹਨਾਂ ਨੇ ਇਹ ਵੀ ਦੱਸਿਆ ਕਿ ਸਿੱਖ ਧਰਮ ਵਿਚ ਸਿੱਖ ਬੀਬੀਆਂ ਦੇ ਹੈਲਮਟ/ਟੋਪੀ ਪਾਉਣ ਦੀ ਮਨਾਹੀ ਹੈ।
ਉਹਨਾਂ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਵੱਲੋਂ ਸਿੱਖ ਸਿਧਾਂਤਾਂ ਦੇ ਖਿਲਾਫ ਕੋਈ ਵੀ ਫੈਸਲਾ ਜੋ ਕਿ ਸਿੱਖ ਭਾਵਨਾਵਾਂ ਨੂੰ ਸੱਟ ਮਾਰਦਾ ਹੋਵੇ, ਲੈਣ ਤੋਂ ਪਹਿਲਾਂ ਸਿੱਖ ਧਾਰਮਿਕ ਸੰਸਥਾਵਾਂ ਨਾਲ ਰਾਇ ਮਸ਼ਵਰਾ ਕਰ ਲਿਆ ਜਾਵੇ।
ਉਹਨਾਂ ਆਸ ਪ੍ਰਗਟ ਕੀਤੀ ਕਿ ਮੰਤਰੀ ਹਾਲਾਤ ਦੀ ਗੰਭੀਰਤਾ ਅਤੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਮਝਣਗੇ ਤੇ ਇਸ ਮਾਮਲੇ ’ਤੇ ਸਿੱਖ ਧਾਰਮਿਕ ਸੰਸਥਾਵਾਂ ਨਾਲ ਰਾਇ ਮਸ਼ਵਰਾ ਕਰਨ ਉਪਰੰਤ ਹੀ ਕੋਈ ਫੈਸਲਾ ਲੈਣਗੇ।