ਛੋਟੇ ਛੋਟੇ ਬੱਚਿਆਂ ਤੋਂ ਮੰਗਵਾਈ ਜਾ ਰਹੀ ਭੀਖ, ਸੜਕਾਂ ਉੱਤੇ ਕਰਦੇ ਹਨ ਨਸ਼ੇ, ਪਾਰਕਾਂ ਵਿੱਚ ਕਰਦੇ ਹਨ ਸ਼ੌਚ, ਨਹਾਉਣ ਧੋਣ ਦਾ ਕੰਮ
ਮੋਹਾਲੀ ਨੂੰ ਭਿਖਾਰੀ ਮੁਕਤ ਸ਼ਹਿਰ ਬਣਾਉਣ ਦੀ ਕੀਤੀ ਮੰਗ
ਮੋਹਾਲੀ : ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਮੋਹਾਲੀ ਵਿੱਚ ਵਧਦੀ ਜਾ ਰਹੀ ਭਿਖਾਰੀਆਂ ਦੀ ਗਿਣਤੀ ਅਤੇ ਇਹਨਾਂ ਵੱਲੋਂ ਪਾਇਆ ਜਾ ਰਹੇ ਗੰਦ ਉੱਤੇ ਕਾਬੂ ਪਾਉਣ ਦੀ ਮੰਗ ਕੀਤੀ ਹੈ ਅਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ।
ਡਿਪਟੀ ਮੇਅਰ ਨੇ ਕਿਹਾ ਕਿ ਇਹਨਾਂ ਭਿਖਾਰੀਆਂ ਨੇ ਹੁਣ ਮੋਹਾਲੀ ਦੀ ਮੁੱਖ ਸੜਕ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਇਹ ਲੋਕ ਸਰੇਆਮ ਪਾਰਕਾਂ ਵਿੱਚ ਨਹਾਉਂਦੇ ਧੋਂਦੇ ਹਨ ਅਤੇ ਸ਼ੌਚ ਕਰਦੇ ਹਨ। ਇਸ ਤੋਂ ਇਲਾਵਾ ਛੋਟੇ ਛੋਟੇ ਬੱਚਿਆਂ ਨੂੰ ਸਿੱਖਿਆ ਮੰਗਣ ਲਈ ਅੱਗੇ ਕਰ ਦਿੱਤਾ ਜਾਂਦਾ ਹੈ ਜੋ ਗੱਡੀਆਂ ਦੇ ਸ਼ੀਸ਼ੇ ਖੜਕਾਉਂਦੇ ਹਨ ਤੇ ਜਬਰੀ ਭਿੱਖਿਆ ਮੰਗਦੇ ਹਨ। ਉਹਨਾਂ ਕਿਹਾ ਕਿ ਕਈ ਭਿਖਾਰੀਆਂ ਨੇ ਆਪਣੇ ਆਪ ਨੂੰ ਅੰਗਹੀਣ ਸਾਬਤ ਕਰਨ ਲਈ ਫੌੜੀਆਂ ਚੁੱਕੀਆਂ ਹੋਈਆਂ ਹਨ ਪਰ ਅਸਲ ਵਿੱਚ ਇਹ ਨਕਲੀ ਅੰਗਹੀਣ ਹਨ ਇਹਨਾਂ ਨੂੰ ਕੋਈ ਬਿਮਾਰੀ ਨਹੀਂ। ਉਹਨਾਂ ਕਿਹਾ ਕਿ ਇਹ ਮੁੱਖ ਸੜਕਾਂ ਉੱਤੇ ਹੀ ਨਸ਼ੇ ਕਰਦੇ ਹਨ ਅਤੇ ਦਾਰੂ ਪੀ ਕੇ ਰੌਲਾ ਪਾਉਂਦੇ ਹਨ। ਇਹਨਾਂ ਨੇ ਆਪਣੇ ਇਲਾਕੇ ਵੰਡੇ ਹੋਏ ਹਨ ਅਤੇ ਆਪਸ ਵਿੱਚ ਲੜਾਈ ਵੀ ਬਹੁਤ ਜ਼ਿਆਦਾ ਕਰਦੇ ਹਨ। ਜਿਸ ਨਾਲ ਪੂਰੇ ਇਲਾਕੇ ਦਾ ਮਾਹੌਲ ਖਰਾਬ ਹੋ ਰਿਹਾ ਹੈ।
ਉਹਨਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਗੱਡੀਆਂ ਦਾ ਰਾਸ਼ ਵੱਧਦਾ ਹੈ ਅਤੇ ਇਹ ਲੋਕ ਚੌਕਾਂ ਉੱਤੇ ਤਰ੍ਹਾਂ ਤਰ੍ਹਾਂ ਦੇ ਸਮਾਨ ਵੇਚਣ ਲੱਗ ਜਾਂਦੇ ਹਨ ਤੇ ਭੀਖ ਮੰਗਦੇ ਹਨ ਜਿਸ ਨਾਲ ਹਾਦਸਿਆਂ ਦਾ ਖਤਰਾ ਵੱਧ ਜਾਂਦਾ ਹੈ।
ਉਹਨਾਂ ਕਿਹਾ ਕਿ ਸਰਕਾਰ ਨਾਬਾਲਗ ਬੱਚਿਆਂ ਨੂੰ ਕੰਮ ਕਰਨ ਤੋਂ ਰੋਕਦੀ ਹੈ ਪਰ ਇਹ ਲੋਕ ਨਬਾਲਗ ਬੱਚਿਆਂ ਤੋਂ ਭੀਖ ਮੰਗਾਉਣ ਦਾ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਮਾਰਕੀਟਾਂ ਵਿੱਚ ਵੀ ਇਹ ਬੱਚੇ ਕਰਦੇ ਹਨ ਅਤੇ ਮਾਰਕੀਟਾਂ ਦੇ ਵਰੰਡਿਆਂ ਵਿੱਚ ਇਹ ਲੋਕ ਵੱਡੀ ਗਿਣਤੀ ਵਿੱਚ ਸੌਂਦੇ ਰਹੇ ਹਨ ਅਤੇ ਹੁਣ ਮੁੱਖ ਸੜਕਾਂ ਦੇ ਨਾਲ ਫੁੱਟ ਪਾਥਾਂ ਉੱਪਰ ਵੀ ਕਬਜ਼ਾ ਕਰਕੇ ਸੌਣ ਲੱਗ ਪਏ ਹਨ। ਉਹਨਾਂ ਕਿਹਾ ਕਿ ਹੁਣ ਇਹ ਤਾਜ਼ਾ ਹੀ ਪੰਚਕੁੱਲਾ ਵਿੱਚ ਇੱਕ ਗੱਡੀ ਸੜਕ ਉੱਤੇ ਪਏ ਬੰਦਿਆਂ ਉੱਤੇ ਚੜ ਚੁੱਕੀ ਹੈ ਤੇ ਅਜਿਹਾ ਹੀ ਖਦਸ਼ਾ ਮੋਹਾਲੀ ਵਿੱਚ ਵੀ ਬਣਿਆ ਰਹਿੰਦਾ ਹੈ।
ਉਹਨਾਂ ਕਿਹਾ ਕਿ ਮੋਹਾਲੀ ਦਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੋਹਾਲੀ ਪੁਲਿਸ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਇਹਨਾਂ ਭਿਖਾਰੀਆਂ ਉੱਤੇ ਕਾਬੂ ਪਾਇਆ ਜਾਵੇ ਅਤੇ ਖਾਸ ਤੌਰ ਤੇ ਤਿਉਹਾਰ ਦੇ ਇਸ ਸੀਜ਼ਨ ਵਿੱਚ ਇਹਨਾਂ ਨੂੰ ਚੌਂਕਾਂ ਉੱਤੇ ਕਿਸੇ ਵੀ ਹਾਲਤ ਵਿੱਚ ਨਾ ਖੜਨ ਦਿੱਤਾ ਜਾਵੇ ਤੇ ਨਾ ਹੀ ਸੜਕਾਂ ਉੱਤੇ ਕਬਜ਼ਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਹਨਾਂ ਕਿਹਾ ਕਿ ਪੂਰੇ ਮੋਹਾਲੀ ਵਿੱਚ ਇਹਨਾਂ ਲੋਕਾਂ ਨੇ ਗੰਦ ਪਾਇਆ ਹੋਇਆ ਹੈ ਅਤੇ ਤਰਸ ਕਰਨ ਵਾਲੇ ਲੋਕਾਂ ਨੂੰ ਇਹ ਇਮੋਸ਼ਨਲੀ ਬਲੈਕਮਲ ਕਰਦੇ ਹਨ ਜੋ ਤਰਸ ਖਾ ਕੇ ਇਹਨਾਂ ਨੂੰ ਭੀਖ ਦਿੰਦੇ ਹਨ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੰਗ ਕੀਤੀ ਕਿ ਫੌਰੀ ਤੌਰ ਤੇ ਇਹਨਾਂ ਭਿਖਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਦਾ ਇਥੋਂ ਕੋਈ ਹੋਰ ਇੰਤਜ਼ਾਮ ਕਰਕੇ ਮੋਹਾਲੀ ਨੂੰ ਭਿਖਾਰੀਆਂ ਤੋਂ ਮੁਕਤ ਕਰਾਇਆ ਜਾਵੇ। ਇਸ ਪੱਤਰ ਦੀ ਕਾਪੀ ਡੀਜੀਪੀ ਪੰਜਾਬ, ਡੀਸੀ ਮੋਹਾਲੀ ਅਤੇ ਐਸਐਸਪੀ ਮੋਹਾਲੀ ਨੂੰ ਵੀ ਭੇਜੀ ਗਈ ਹੈ।
