ਡਿਪਟੀ ਮੇਅਰ ਨੇ ਬਾਬਾ ਬੰਦਾ ਸਿੰਘ ਬਹਾਦਰ ਬੱਸ ਅੱਡਾ ਵੀ ਛੇਤੀ ਹੀ ਆਰੰਭ ਹੋਣ ਦੀ ਆਸ ਪ੍ਰਗਟਾਈ
ਬਾਬਾ ਬੰਦਾ ਸਿੰਘ ਬਹਾਦਰ ਬੱਸ ਸਟੈਂਡ ਮੋਹਾਲੀ ਵਿਖੇ ਕੁਝ ਸਮਾਂ ਪਹਿਲਾਂ ਬਾਬਾ ਜੀ ਦੀ ਇੱਥੇ ਲਗਾਏ ਗਏ ਬੁੱਤ ਦਾ ਨੁਕਸਾਨ ਹੋਣ ਤੋਂ ਬਾਅਦ ਇਸ ਦੀ ਮੁਰੰਮਤ ਲਈ ਇਸ ਨੂੰ ਭੇਜਿਆ ਗਿਆ ਸੀ। ਅੱਜ ਇੱਥੇ ਇਹ ਬੁੱਤ ਦੁਬਾਰਾ ਸਥਾਪਿਤ ਕੀਤਾ ਗਿਆ ਹੈ ਅਤੇ ਹਾਲੇ ਇਥੇ ਕੰਮ ਚੱਲ ਰਿਹਾ ਹੈ।
ਮੋਹਾਲੀ ਨਗਰ ਨਿਗਮ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਬੁੱਤ ਦੇ ਇਥੋਂ ਗਾਇਬ ਹੋਣ ਦਾ ਮਸਲਾ ਚੁੱਕਿਆ ਸੀ ਜਿਸ ਦੇ ਜਵਾਬ ਵਿੱਚ ਪ੍ਰਬੰਧਕਾਂ ਨੇ ਕਿਹਾ ਸੀ ਕਿ ਬੁੱਤ ਨੂੰ ਨੁਕਸਾਨ ਪੁੱਜਿਆ ਸੀ ਜਿਸ ਕਰਕੇ ਇਸਨੂੰ ਬਦਲਿਆ ਜਾ ਰਿਹਾ ਹੈ, ਨੇ ਅੱਜ ਇੱਥੇ ਪੁੱਜ ਕੇ ਬੁੱਤ ਦੇ ਦਰਸ਼ਨ ਕੀਤੇ।
ਇਸ ਮੌਕੇ ਬੋਲਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਇਹ ਬੁੱਤ ਦੁਬਾਰਾ ਇੱਥੇ ਲੱਗ ਗਿਆ ਹੈ ਅਤੇ ਕੰਮ ਪੂਰਾ ਹੋਣ ਤੋਂ ਬਾਅਦ ਇਸ ਨੂੰ ਲੋਕ ਅਰਪਿਤ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਉਹਨਾਂ ਨੇ ਇਹ ਆਵਾਜ਼ ਚੁੱਕੀ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਬੱਸ ਸਟੈਂਡ ਦੇ ਪ੍ਰਬੰਧਕਾਂ ਨੂੰ ਇਹ ਬੁੱਤ ਫੌਰੀ ਤੌਰ ਤੇ ਲਗਾਉਣ ਦੀਆਂ ਹਦਾਇਤਾਂ ਕੀਤੀਆਂ ਸਨ।
ਉਹਨਾਂ ਕਿਹਾ ਕਿ ਉਹਨਾਂ ਨੇ ਇਸ ਬੱਸ ਸਟੈਂਡ ਨੂੰ ਵਧੀਆ ਢੰਗ ਨਾਲ ਚਾਲੂ ਕਰਨ ਅਤੇ ਇਸ ਦੇ ਨਾਲ ਕਬਜ਼ੇ ਵਿੱਚ ਕੀਤੀ ਗਈ ਸੜਕ ਨੂੰ ਚਾਲੂ ਕਰਵਾਉਣ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਪਾਇਆ ਹੋਇਆ ਹੈ ਅਤੇ ਉਹਨਾਂ ਨੂੰ ਆਸ ਹੈ ਕਿ ਛੇਤੀ ਇਹ ਬਸ ਅੱਡਾ ਵੀ ਪੂਰਨ ਰੂਪ ਵਿੱਚ ਕੰਮ ਕਰਨ ਲੱਗ ਜਾਵੇਗਾ ਅਤੇ ਸੜਕ ਵੀ ਖੁੱਲ ਜਾਵੇਗੀ ਜਿਸ ਨਾਲ ਇਸ ਇਲਾਕੇ ਵਿੱਚ ਟਰੈਫਿਕ ਵਿਵਸਥਾ ਨੂੰ ਵਧੀਆ ਹੁੰਗਾਰਾ ਮਿਲੇਗਾ।
ਉਹਨਾਂ ਕਿਹਾ ਕਿ ਇਹ ਡਬਲ ਸੜਕ ਸੀ ਜਿਸ ਦਾ ਇੱਕ ਪਾਸਾ ਬੱਸ ਅੱਡੇ ਦੇ ਬਣਨ ਵੇਲੇ ਕੰਪਨੀ ਵੱਲੋਂ ਕਬਜ਼ੇ ਵਿੱਚ ਲਿਆ ਗਿਆ ਸੀ ਪਰ ਅੱਜ ਤੱਕ ਇਹ ਸੜਕ ਦਾ ਕਬਜ਼ਾ ਹਟਾਇਆ ਨਹੀਂ ਗਿਆ ਜਿਸ ਕਾਰਨ ਸਿੰਗਲ ਰੋਡ ਉੱਤੇ ਹੀ ਲੋਕ ਲੰਘਦੇ ਹਨ ਅਤੇ ਇੱਥੇ ਜਾਮ ਲੱਗਦੇ ਹਨ।
ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪਾਏ ਗਏ ਕੇਸ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਹੁਣ ਇੱਥੇ ਬੱਸਾਂ ਅੰਦਰ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਨੂੰ ਆਸ ਹੈ ਕਿ ਇਹ ਵਧੀਆ ਬੱਸ ਅੱਡਾ ਆਰੰਭ ਹੋਵੇਗਾ ਅਤੇ ਮੋਹਾਲੀ ਦੇ ਵਾਸੀਆਂ ਨੂੰ ਇਸ ਦਾ ਲਾਭ ਹੋਵੇਗਾ।
ਉਹਨਾਂ ਇਸ ਮੌਕੇ ਖਾਸ ਤੌਰ ਤੇ ਮੋਹਾਲੀ ਦੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀਆਂ ਹਿਦਾਇਤਾਂ ਤੋਂ ਬਾਅਦ ਬੱਸ ਅੱਡੇ ਦੇ ਪ੍ਰਬੰਧਕਾਂ ਨੇ ਬਾਬਾ ਜੀ ਦੇ ਬੁੱਤ ਨੂੰ ਇੱਥੇ ਮੁੜ ਲਗਾਉਣ ਦਾ ਕੰਮ ਮੁਕੰਮਲ ਕਰਵਾਇਆ ਹੈ।
ਉਹਨਾਂ ਕਿਹਾ ਕਿ ਇੱਥੇ ਕੰਮ ਮੁਕੰਮਲ ਹੋਣ ਤੋਂ ਬਾਅਦ ਇਹ ਬੁੱਤ ਲੋਕ ਅਰਪਿਤ ਹੋਵੇਗਾ ਜੋ ਕਿ ਬੜੀ ਖੁਸ਼ੀ ਦੀ ਗੱਲ ਹੈ।
