ਪ੍ਰੀਖਿਆ ਅਪ੍ਰੈਲ ਦੇ ਆਖ਼ਰੀ ਹਫ਼ਤੇ ਵਿੱਚ ਹੋਵੇਗੀ, ਭਰਤੀ ਲਈ ਆਨਲਾਈਨ ਪੇਪਰ ਜ਼ਰੂਰੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ :
ਭਾਰਤੀ ਸੈਨਾ ਵਲੋਂ ਅਗਨੀਵੀਰ ਅਤੇ ਹੋਰ ਰੋਜ਼ਗਾਰ ਸਕੀਮਾਂ ਜਿਵੇਂ ਕਿ ਮਹਿਲਾ ਅਗਨੀਵੀਰ ਪੁਲਿਸ, ਜੇ.ਸੀ.ਓ. ਕੇਟਰਿੰਗ ਜਾਂ ਸੋਲਜ਼ਰ, ਨਰਸਿੰਗ ਅਸਿਸਟੈਂਟ ਜਾਂ ਹੋਰ ਦੇ ਤਹਿਤ ਭਾਰਤੀ ਸੈਨਾ ਦੀ ਭਰਤੀ ਕੀਤੀ ਜਾਵੇਗੀ। ਭਾਰਤੀ ਸੈਨਾ ‘ਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰ 16 ਫਰਵਰੀ ਤੋਂ ਲੈ ਕੇ 15 ਮਾਰਚ ਤੱਕ ਆਨ-ਲਾਈਨ ਮਾਧਿਅਮ ਰਾਹੀਂ ਅਪਲਾਈ ਕਰ ਸਕਦੇ ਹਨ। ਇਸ ਪ੍ਰਕਿਰਿਆ ਦੀ ਪ੍ਰੀਖਿਆ ਅਪ੍ਰੈਲ ਦੇ ਆਖ਼ਰੀ ਹਫ਼ਤੇ ਵਿੱਚ ਹੋਵੇਗੀ।
ਇਹ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਮਾਨਸ਼ਾਹੀਆ, ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੇ ਦੱਸਿਆ ਕਿ ਚਾਹਵਾਨ ਤੇ ਯੋਗ ਉਮੀਦਵਾਰ, ਸੈਨਾ ਭਰਤੀ ਦੀ ਰਜਿਸਟ੍ਰੇਸ਼ਨ ਲਈ ਬਿਨੈਕਾਰ ਭਾਰਤੀ ਸੈਨਾ ਦੀ ਵੈਬਸਾਈਟ https://joinindianarmy.nic.in ਤੇ ਲਾਗ ਇੰਨ ਕਰ ਸਕਦੇ ਹਨ। ਜਿਸ ਵਿੱਚ ਪ੍ਰਾਰਥੀ 175 ਵਿੱਚੋਂ ਪੰਜ ਸੈਂਟਰ ਚੁਣ ਸਕਦੇ ਹਨ। ਜਿਸ ਵਿੱਚੋਂ ਉਹਨਾਂ ਨੂੰ ਇੱਕ ਸੈਂਟਰ ਪ੍ਰਦਾਨ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਭਾਰਤੀ ਸੈਨਾ ਵਿੱਚ ਭਰਤੀ ਹੋਣ ਲਈ ਬਿਨੈਕਾਰ ਕੇਵਲ ਆਨ ਲਾਈਨ ਮਾਧਿਅਮ ਰਾਹੀਂ ਹੀ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਕਿਹਾ ਭਾਰਤੀ ਸੈਨਾ ਦੀ ਭਰਤੀ ਤਿੰਨ ਚਰਨਾਂ ਵਿੱਚ ਹੋਵੇਗੀ;
•ਆਨ ਲਾਈਨ ਕਾਮਨ ਐਂਟਰੈਂਸ ਪ੍ਰੀਖਿਆ (ਕੰਪਿਊਟਰ ਅਧਾਰਿਤ ਪ੍ਰੀਖਿਆ)
•ਫਿਜੀਕਲ ਟੈਸਟ
•ਮੈਡੀਕਲ ਟੈਸਟ।
ਇਹ ਨਵੀਂ ਭਰਤੀ ਪ੍ਰਕਿਰਿਆ ਤਕਨੀਕੀ ਯੁਕਤ ਅਤੇ ਫਿਜੀਕਲ ਫਿੱਟ ਪ੍ਰਾਰਥੀਆਂ ਨੂੰ ਸੈਨਾ ਵਿੱਚ ਸੇਵਾ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ ਬਣਾਈ ਗਈ ਹੈ। ਇਸ ਸਕੀਮ ਵਿੱਚ (ਦਸਵੀਂ ਪਾਸ) ਦੋ ਸਾਲ ਆਈ.ਟੀ.ਆਈ. ਪਾਸ ਪ੍ਰਾਰਥੀ, ਪਾਲੀਟੈਕਨਿਕ ਪਾਸ, ਐੱਨ.ਸੀ.ਸੀ. ਦੇ ਏ/ਬੀ/ਸੀ ਸਰਟੀਫਿਕੇਟ ਹੋਲਡਰ ਪ੍ਰਾਰਥੀ ਅਤੇ ਸਪੋਰਟਸ ਨਾਲ ਸਬੰਧੀ ਪ੍ਰਾਰਥੀਆਂ ਲਈ ਬੋਨਸ ਮਾਰਕਸ ਹਨ।
ਉਨ੍ਹਾਂ ਦੱਸਿਆ ਕਿ ਭਾਰਤੀ ਸੈਨਾ ਵਿੱਚ ਹੁਣ ਜਿਹੜੀ ਵੀ ਭਰਤੀ ਹੋਵੇਗੀ ਉਹ ਉੱਪਰ ਦਿੱਤੀ ਪ੍ਰਕਿਰਿਆ ਅਨੁਸਾਰ ਹੀ ਹੋਵੇਗੀ। ਪ੍ਰੀਖਿਆ ਦੇ ਸਿਲੇਬਸ ਅਤੇ ਪੇਪਰ ਪੈਟਰਨ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ, ਫ਼ਰਕ ਕੇਵਲ ਐਨਾ ਹੈ ਕਿ ਪੇਪਰ ਪੈੱਨ ਪ੍ਰੀਖਿਆ ਦੀ ਥਾਂ ਆਨ ਲਾਈਨ ਪ੍ਰੀਖਿਆ ਹੋਵੇਗੀ। ਇਸ ਸਾਰੀ ਪ੍ਰੀਖਿਆ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ ਭਾਰਤੀ ਸੈਨਾ ਦੀ ਭਰਤੀ ਵੈੱਬਸਾਈਟ joinindianarmy.nic.in ਉੱਤੇ ਉਪਲੱਬਧ ਹੈ।
ਉਨ੍ਹਾਂ ਨੇ ਪ੍ਰਾਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਯੋਗ ਪ੍ਰਾਰਥੀ ਇਸ ਮੌਕੇ ਦਾ ਲਾਭ ਉਠਾਉਣ ਅਤੇ 16 ਫਰਵਰੀ ਤੋਂ ਲੈ ਕੇ 15 ਮਾਰਚ ਤੱਕ ਆਪਣੇ ਜਰੂਰੀ ਦਸਤਾਵੇਜ ਲੈ ਕੇ ਉੱਪਰ ਦਿੱਤੀ ਵੈੱਬ ਸਾਈਟ ਉੱਤੇ ਆਪਣੇ ਆਪ ਨੂੰ ਰਜਿਸਟਰ ਕਰਨ।