Mohali CBSE 10th’ਚ ‘ਬਿਨਾਂ ਟਿਊਸ਼ਨ’ ਵਾਲ਼ਿਆਂ ਦਾ ਦਬਦਬਾ: ਚਾਰਵੀ, ਸੁਖਮਨਜੋਤ ਤੇ ਆਦੀ ਨੇ ਮਾਰੀ ਬਾਜ਼ੀ
99.8% ਨਾਲ਼ ਚਾਰਵੀ ਅਗਰਵਾਲ ਪਹਿਲੇ, 99.6% ਨਾਲ਼ ਸੁਖਮਨਜੋਤ ਸਿੰਘ ਦੂਜੇ, 99.4% ਨਾਲ਼ ਆਦੀ ਕੁੰਦਰਾ ਤੀਜੇ ਸਥਾਨ ‘ਤੇ — ਤਿੰਨਾਂ ਨੇ ਸਕੂਲ ਦੀ ਪੜ੍ਹਾਈ ਤੇ ਮੋਬਾਇਲ ਤੋਂ ਦੂਰੀ ਨੂੰ ਬਣਾਇਆ ਸਫਲਤਾ ਦਾ ਮੰਤਵ
CBSE ਦਸਵੀਂ ਦੇ ਨਤੀਜਿਆਂ ‘ਚ ਮੋਹਾਲੀ ਦੇ ਤਿੰਨ ਹੋਣਹਾਰਾਂ ਨੇ ਟੌਪ-3 ‘ਤੇ ਕਬਜ਼ਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਖਾਸ ਗੱਲ ਇਹ ਕਿ ਤਿੰਨਾਂ ਨੇ ਹੀ ਬਿਨਾਂ ਕਿਸੇ ਪ੍ਰਾਈਵੇਟ ਟਿਊਸ਼ਨ ਤੋਂ ਸਿਰਫ ਸਕੂਲ ਅਧਿਆਪਕਾਂ ਦੀ ਮਦਦ ਨਾਲ਼ ਇਹ ਮੁਕਾਮ ਹਾਸਲ ਕੀਤਾ।

ਪਹਿਲਾ ਸਥਾਨ: ਚਾਰਵੀ ਅਗਰਵਾਲ — 99.8%
ਮਾਨਵ ਮੰਗਲ ਸਮਾਰਟ ਸਕੂਲ ਦੀ ਚਾਰਵੀ ਅਗਰਵਾਲ ਨੇ 99.8% ਅੰਕਾਂ ਨਾਲ਼ ਜ਼ਿਲ੍ਹਾ ਟੌਪ ਕੀਤਾ। ਬਿਨਾਂ ਟਿਊਸ਼ਨ ਇਹ ਕਾਰਨਾਮਾ ਕਰਨ ਵਾਲ਼ੀ ਚਾਰਵੀ ਕੰਪਿਊਟਰ ਸਾਇੰਸ ਇੰਜੀਨੀਅਰ ਬਣਨਾ ਚਾਹੁੰਦੀ ਹੈ। PGI ਦੇ ਟੈਲੀਮੈਡੀਸਿਨ ਵਿਭਾਗ ‘ਚ ਤਾਇਨਾਤ ਡਾ. ਅਮਿਤ ਅਗਰਵਾਲ ਤੇ ਡਾ. ਰਿਚਾ ਗੁਪਤਾ ਦੀ ਧੀ ਚਾਰਵੀ ਸਫਲਤਾ ਦਾ ਸਿਹਰਾ ਮਾਂ-ਬਾਪ ਤੇ ਸਕੂਲ ਸਟਾਫ ਸਿਰ ਬੰਨ੍ਹਦੀ ਹੈ। ਪੜ੍ਹਾਈ ਦੇ ਨਾਲ਼ ਨਾਵਲ ਤੇ ਬੈਡਮਿੰਟਨ ਦਾ ਸ਼ੌਕ ਰੱਖਣ ਵਾਲ਼ੀ ਚਾਰਵੀ ਦਾ ਛੋਟਾ ਭਰਾ ਗਵਿਸ਼ ਛੇਵੀਂ ‘ਚ ਪੜ੍ਹਦਾ ਹੈ। ਇਸ ਮੌਕੇ ਚਾਰਵੀ ਅਤੇ ਆਦੀ ਕੁੰਦਰਾਂ ਅਤੇ ਸਕੂਲ ਦੇ ਬੱਚਿਆਂ ਦੇ ਵਧੀਆ ਰਿਜਲਟ ਆਉਣਾ ਤੇ ਅਸਿਸਟੈਂਟ ਡਰੈਕਟਰ ਸੰਕਲਪ ਸਰਦਾਨਾ ਨੇ ਬੱਚਿਆਂ, ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਅੱਗੋਂ ਵੀ ਪੂਰੀ ਲਗਨ ਅਤੇ ਮਿਹਨਤ ਕਰਨ ਲਈ ਪ੍ਰੇਰਿਆ।

ਦੂਜਾ ਸਥਾਨ: ਸੁਖਮਨਜੋਤ ਸਿੰਘ — 99.6%
ਸ਼ਿਵਾਲਿਕ ਪਬਲਿਕ ਸਕੂਲ, ਫੇਜ਼-6 ਦੇ ‘ਪ੍ਰਤਾਪ ਹਾਊਸ ਕੈਪਟਨ’ ਸੁਖਮਨਜੋਤ ਸਿੰਘ ਨੇ 99.6% ਲੈ ਕੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ। ਸੁਖਮਨਜੋਤ ਦਾ ਫਾਰਮੂਲਾ ਸਿੱਧਾ ਸੀ — ਰੋਜ਼ 2-3 ਘੰਟੇ, ਪਰ ਪੂਰੇ ਧਿਆਨ ਨਾਲ਼। “ਲੰਮੀ ਪੜ੍ਹਾਈ ਨਾਲ਼ੋਂ ਛੋਟੀ ਪਰ ਪੱਕੀ ਪੜ੍ਹਾਈ ਕੰਮ ਆਉਂਦੀ ਐ,” ਉਹ ਕਹਿੰਦਾ ਹੈ। ਕੋਈ ਸਖ਼ਤ ਟਾਈਮ-ਟੇਬਲ ਨਹੀਂ, ਬਸ ਰੋਜ਼ ਦੀ ਇਕਸਾਰਤਾ। IIT ‘ਚ ਜਾ ਕੇ ਇੰਜੀਨੀਅਰ ਬਣਨ ਦਾ ਸੁਪਨਾ ਵੇਖਦਾ ਸੁਖਮਨਜੋਤ ਮਾਂ-ਬਾਪ ਤੇ ਅਧਿਆਪਕਾਂ ਦੇ ਸਹਿਯੋਗ ਨੂੰ ਆਪਣੀ ਤਾਕਤ ਮੰਨਦਾ ਹੈ। ਸ਼ਿਵਾਲਿਕ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਨੂਪਕਿਰਨ ਕੌਰ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਵਧੀਆ ਮਿਹਨਤ ਕਰਕੇ ਨੰਬਰ ਲੈ ਕੇ ਆਪਣੇ ਮਾਪਿਆਂ ਅਤੇ ਸਕੂਲ ਦ ਨਾਂ ਰੌਸ਼ਨ ਕਰਨ ਅਤੇ ਅਗਲੇ ਭਵਿੱਖ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ।

ਤੀਜਾ ਸਥਾਨ: ਆਦੀ ਕੁੰਦਰਾ — 99.4%
ਮਾਨਵ ਮੰਗਲ ਸਕੂਲ ਦੀ ਆਦੀ ਕੁੰਦਰਾ ਨੇ 99.4% ਅੰਕਾਂ ਨਾਲ਼ ਤੀਜਾ ਸਥਾਨ ਮੱਲਿਆ। ਆਦੀ ਨੇ ਵੀ ਬਿਨਾਂ ਟਿਊਸ਼ਨ, ਸਿਰਫ ਸਕੂਲ ਅਧਿਆਪਕਾਂ ਤੋਂ ਪੜ੍ਹ ਕੇ ਇਹ ਮੁਕਾਮ ਪਾਇਆ। ਖਾਸ ਗੱਲ ਇਹ ਕਿ ਆਦੀ ਨੇ ਮੋਬਾਇਲ ਦੀ ਵਰਤੋਂ ਵੀ ਬਹੁਤ ਘੱਟ ਕੀਤੀ ਤੇ ਪੜ੍ਹਾਈ ‘ਤੇ ਫੋਕਸ ਰੱਖਿਆ। ਇੰਟਰਨੈਸ਼ਨਲ ਪਿਕਲਬਾਲ ਖਿਡਾਰਨ ਆਦੀ ਤਿੰਨ ਵਾਰ ਵਿਦੇਸ਼ਾਂ ‘ਚ ਸੋਨ ਤਮਗਾ ਜਿੱਤ ਚੁੱਕੀ ਹੈ। ਉਹ ਕਹਿੰਦੀ ਹੈ, “ਖੇਡ ਨੇ ਹੀ ਮੇਰੇ ਨੰਬਰ ਬਣਵਾਏ ਨੇ। ਸਰੀਰ-ਦਿਮਾਗ ਤੰਦਰੁਸਤ ਹੋਵੇ ਤਾਂ ਪੜ੍ਹਾਈ ਆਪੇ ਚੰਗੀ ਹੁੰਦੀ ਹੈ।” ਮਹਿੰਦਰਾ ਐਂਡ ਮਹਿੰਦਰਾ ‘ਚ ਸੀਨੀਅਰ ਅਹੁਦੇ ‘ਤੇ ਕੰਮ ਕਰਦੇ ਪਿਤਾ ਤੇ ਘਰੇਲੂ ਮਾਤਾ ਨੇ ਹਮੇਸ਼ਾ ਪੜ੍ਹਾਈ ਤੇ ਖੇਡ ਦੋਵਾਂ ਲਈ ਹੌਸਲਾ ਦਿੱਤਾ।
ਮਾਨਵ ਮੰਗਲ ਸਮਾਰਟ ਸਕੂਲ, ਫੇਜ਼-10 ਨੇ 99.8 ਫੀਸਦੀ ਅੰਕ ਪ੍ਰਾਪਤ ਕਰਦੇ ਹੋਏ ਮੋਹਾਲੀ ਵਿੱਚ ਟੌਪ ਕੀਤਾ।

ਪਰੀਸ਼ਾ ਵਰਮਾ ਨੇ 99.4 ਫੀਸਦੀ ਅੰਕ ਹਾਸਲ ਕੀਤੇ।
ਸਕੂਲ ਦਾ ਨਤੀਜਾ 100 ਫੀਸਦੀ ਰਿਹਾ, ਜਿੱਥੇ ਸਾਰੇ 313 ਵਿਦਿਆਰਥੀ ਪਰੀਖਿਆ ਵਿੱਚ ਪਾਸ ਹੋਏ। ਕੁੱਲ 32 ਵਿਦਿਆਰਥੀਆਂ ਨੇ 97 ਫੀਸਦੀ ਜਾਂ ਇਸ ਤੋਂ ਵੱਧ ਅੰਕ ਹਾਸਲ ਕੀਤੇ, ਜਦਕਿ 63 ਵਿਦਿਆਰਥੀਆਂ ਨੇ 95 ਫੀਸਦੀ ਤੋਂ ਵੱਧ ਅਤੇ 114 ਵਿਦਿਆਰਥੀਆਂ ਨੇ 90 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ।
ਇਸ ਤੋਂ ਇਲਾਵਾ, ਕਈ ਵਿਦਿਆਰਥੀਆਂ ਨੇ ਪੂਰੇ ਅੰਕ ਵੀ ਪ੍ਰਾਪਤ ਕੀਤੇ, ਜਿਨ੍ਹਾਂ ਵਿੱਚ ਗਣਿਤ ਵਿੱਚ 9, ਅੰਗਰੇਜ਼ੀ ਵਿੱਚ 7 ਅਤੇ ਸਮਾਜਿਕ ਵਿਗਿਆਨ ਵਿੱਚ 14 ਵਿਦਿਆਰਥੀ ਸ਼ਾਮਲ ਹਨ।
ਮੰਗਲ ਸਕੂਲ ਦੇ ਡਾਇਰੈਕਟਰ ਸੰਜੇ ਸਰਦਾਨਾਂ ਨੇ ਸਕੂਲ ਦੇ ਬੱਚਿਆਂ ਨੂੰ ਅਗਲੇ ਭਵਿੱਖ ਲਈ ਸ਼ੁਭਕਾਮਨਾਵਾਂ ਅਤੇ ਵਧੀਆ ਨੰਬਰ ਲੈਣ ਲਈ ਵਧਾਈਆਂ ਦਿੱਤੀਆਂ।

ਸਫ਼ਲਤਾ ਦਾ ਸਾਂਝਾ ਫਾਰਮੂਲਾ: ਬਿਨਾਂ ਟਿਊਸ਼ਨ ਸਕੂਲ ‘ਤੇ ਭਰੋਸਾ, ਮੋਬਾਇਲ ਤੋਂ ਦੂਰੀ, ਰੋਜ਼ ਦੀ ਨਿਯਮਿਤ ਮਿਹਨਤ ਤੇ ਖੇਡ-ਪੜ੍ਹਾਈ ਦਾ ਸੰਤੁਲਨ। ਇਸ ਫਾਰਮੂਲੇ ਤੋਂ ਬਾਕੀ ਵਿਦਿਆਰਥੀਆਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ।




