ਚੰਡੀਗੜ੍ਹ ਦੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਆਗੂ ਪਵਨ ਬਾਂਸਲ ਨੇ ਚੰਡੀਗੜ੍ਹ ਵਿੱਚ ਲਗਾਤਾਰ ਵੱਧ ਰਹੇ ਅਪਰਾਧ ਦੇ ਗ੍ਰਾਫ ਅਤੇ ਇਸ ਵਿੱਚ ਸ਼ਹਿਰ ਦੇ ਨਾਬਾਲਗਾਂ ਦੀ ਸ਼ਮੂਲੀਅਤ ’ਤੇ ਚਿੰਤਾ ਪ੍ਰਗਟਾਈ ਹੈ।
ਪਵਨ ਬਾਂਸਲ ਨੇ ਪ੍ਰੈਸ ਨੋਟ ਜਾਰੀ ਕਰ ਕਿਹਾ ਕਿ ਇੱਕ ਰਿਪੋਰਟ ਅਨੁਸਾਰ ਪਿਛਲੇ ਇੱਕ ਸਾਲ ਵਿੱਚ ਕਿਸ਼ੋਰਾਂ ਵਿੱਚ ਅਪਰਾਧ ਦਰ ਵਿੱਚ 46% ਦਾ ਵਾਧਾ ਹੋਇਆ ਹੈ, ਜੋ ਕਿ ਸ਼ਹਿਰ ਦੇ ਸਮਾਜਿਕ ਵਿਕਾਸ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਰਿਪੋਰਟ ਮੁਤਾਬਕ ਸਾਲ 2023 ‘ਚ 32 ਨਾਬਾਲਗ ਚੋਰੀ, 22 ਖੋਹ, 29 ਦੰਗੇ, 17 ਕਤਲ ਅਤੇ 16 ਬਲਾਤਕਾਰ ਦੇ ਮਾਮਲਿਆਂ ‘ਚ ਦੋਸ਼ੀ ਪਾਏ ਗਏ।
“ਗਰੀਬ ਪਰਿਵਾਰਾਂ ਤੋਂ ਆਉਣ ਵਾਲੇ ਇਨ੍ਹਾਂ ਬੱਚਿਆਂ ਨੂੰ ਕਿਸ਼ੋਰ ਉਮਰ ਵਿਚ ਹੀ ਆਪਣੇ ਘਰਾਂ ਦੀਆਂ ਜ਼ਿੰਮੇਵਾਰੀਆਂ ਝੱਲਣੀਆਂ ਪੈਂਦੀਆਂ ਹਨ ਅਤੇ ਕਿਉਂਕਿ ਦੇਸ਼ ਦੇ ਨਾਲ-ਨਾਲ ਚੰਡੀਗੜ੍ਹ ਵਿਚ ਬੇਰੁਜ਼ਗਾਰੀ ਆਪਣੇ ਸਿਖਰ ‘ਤੇ ਹੈ, ਇਸ ਕਾਰਨ ਇਹ ਨੌਜਵਾਨ ਅਪਰਾਧ ਦਾ ਰਾਹ ਅਪਣਾਉਣ ਲੱਗਦੇ ਹਨ।
ਓਹਨਾਂ ਕਿਹਾ ਇਹ ਭਾਜਪਾ ਦੀ ਸਰਾਸਰ ਨਾਕਾਮੀ ਹੈ, ਜਿਸ ਨੇ ਚੰਗੇ ਦਿਨਾਂ ਦਾ ਵਾਅਦਾ ਕੀਤਾ ਸੀ, ਪਰ ਅੱਜ ਹਰ ਨਾਗਰਿਕ ਨੂੰ ਅਜਿਹੇ ਕੰਢੇ ‘ਤੇ ਲਿਆ ਖੜ੍ਹਾ ਕੀਤਾ ਹੈ ਕਿ ਸਮਾਜ ਦਾ ਤਾਣਾ-ਬਾਣਾ ਹੀ ਵਿਗੜ ਗਿਆ ਹੈ। ਇੱਕ ਪਾਸੇ ਭਾਜਪਾ ਦਾਅਵਾ ਕਰਦੀ ਹੈ ਕਿ ਦੇਸ਼ ਵਿੱਚ ਗਰੀਬੀ ਘਟੀ ਹੈ ਅਤੇ ਦੂਜੇ ਪਾਸੇ ਚੰਡੀਗੜ੍ਹ ਵਿੱਚ ਸੀਸੀਟੀਵੀ ਕੈਮਰੇ ਲੱਗਣ ਨਾਲ ਅਪਰਾਧ ਘਟੇ ਹਨ। ਪਰ ਇਹ ਰਿਪੋਰਟ ਇਨ੍ਹਾਂ ਦੋਹਾਂ ਦਾਅਵਿਆਂ ਦਾ ਪਰਦਾਫਾਸ਼ ਕਰਦੀ ਹੈ। ਉਹ ਬੱਚੇ ਜਿਨ੍ਹਾਂ ਦੇ ਹੱਥਾਂ ਵਿੱਚ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ ਅਤੇ ਅੱਖਾਂ ਵਿੱਚ ਭਵਿੱਖ ਦੇ ਸੁਪਨੇ ਹੋਣੇ ਚਾਹੀਦੇ ਹਨ, ਉਹ ਅਪਰਾਧੀ ਬਣ ਰਹੇ ਹਨ, ਸਾਡੇ ਦੇਸ਼ ਲਈ ਇਸ ਤੋਂ ਵੱਡੀ ਸ਼ਰਮਨਾਕ ਸਥਿਤੀ ਹੋਰ ਕੀ ਹੋ ਸਕਦੀ ਹੈ।
ਬਾਂਸਲ ਨੇ ਕਿਹਾ ਕਿ ਕਾਂਗਰਸ ਨੇ ਨੌਜਵਾਨਾਂ ਨਾਲ ਹੋ ਰਹੀ ਬੇਇਨਸਾਫੀ ਦੇ ਖਿਲਾਫ ਜੰਗ ਛੇੜੀ ਹੋਈ ਹੈ ਅਤੇ ਜੇਕਰ ਉਹ ਸੱਤਾ ‘ਚ ਆਈ ਤਾਂ ਸਾਰਿਆਂ ਨੂੰ ਇਨਸਾਫ ਦਿੱਤਾ ਜਾਵੇਗਾ। ਜੇਕਰ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦਾ ਹੱਕ ਮਿਲ ਜਾਵੇਗਾ ਤਾਂ ਅਪਰਾਧ ਵੀ ਘਟਣਗੇ ਅਤੇ ਦੇਸ਼ ਵੀ ਤਰੱਕੀ ਕਰੇਗਾ।