ਸਿਰਫ ਕਾਂਗਰਸ ਪਾਰਟੀ ਪੰਜਾਬ ਦੀ ਸੱਚੀ ਹਿਤੈਸ਼ੀ ਪਾਰਟੀ : ਡਿਪਟੀ ਮੇਅਰ
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਆਮ ਆਦਮੀ ਪਾਰਟੀ ਕੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ 13 ਦੀਆਂ 13 ਸੀਟਾਂ ਜਿਤਾਉਣ ਦੀ ਬੇਨਤੀ ਤਾਂ ਕਰ ਰਹੇ ਹਨ ਤਾਂ ਜੋ ਪੰਜਾਬ ਦੀ ਆਵਾਜ਼ ਨੂੰ ਲੋਕ ਸਭਾ ਵਿੱਚ ਪੂਰੀ ਤਾਕਤ ਨਾਲ ਚੁੱਕਿਆ ਜਾ ਸਕੇ ਪਰ ਪਹਿਲਾਂ ਜਿਹੜੇ ਸੱਤ ਮੈਂਬਰ ਆਮ ਆਦਮੀ ਪਾਰਟੀ ਨੇ ਰਾਜ ਸਭਾ ਵਿੱਚ ਭੇਜੇ ਗਏ ਹਨ ਉਹ ਪੰਜਾਬ ਦੀ ਕਿੰਨੀ ਕੁ ਗੱਲ ਕਰਦੇ ਹਨ ਜਾਂ ਉਹਨਾਂ ਨੇ ਪੰਜਾਬ ਦੇ ਕਿੰਨੇ ਕੁ ਮਸਲਿਆਂ ਸਬੰਧੀ ਪਾਰਲੀਮੈਂਟ ਦੇ ਅੰਦਰ ਜਾਂ ਬਾਹਰ ਧਰਨੇ ਮਾਰੇ ਹਨ ਉਸ ਦਾ ਵੀ ਜਵਾਬ ਮੁੱਖ ਮੰਤਰੀ ਦੇ ਦੇਣ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਵੱਲੋਂ ਇਹ 7 ਰਾਜਸਭਾ ਮੈਂਬਰ ਬਣਾਏ ਗਏ ਸਨ ਤਾਂ ਉਦੋਂ ਵੀ ਬਹੁਤ ਵੱਡੇ ਸਵਾਲ ਉੱਠੇ ਸਨ ਕਿ ਪੰਜਾਬ ਤੋਂ ਬਾਹਰਲਿਆਂ ਨੂੰ ਆਮ ਆਦਮੀ ਪਾਰਟੀ ਨੇ ਰਾਜਸਭਾ ਮੈਂਬਰ ਬਣਾ ਦਿੱਤਾ ਹੈ। ਫੇਰ ਵੀ ਪੰਜਾਬ ਦੇ ਲੋਕਾਂ ਨੂੰ ਆਸ ਸੀ ਕਿ ਪੰਜਾਬ ਦੇ ਭੱਖਦੇ ਮਸਲੇ ਪਾਣੀਆਂ ਦੇ ਮਸਲੇ, ਰੂਰਲ ਡਿਵੈਲਪਮੈਂਟ ਫੰਡ ਦੇ ਮਸਲੇ, ਜੀਐਸਟੀ ਦੇ ਮਸਲੇ, ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਐਮਐਸਪੀ ਦੇ ਮਸਲੇ, ਕਿਸਾਨਾਂ ਦੀ ਕਰਜ਼ਾ ਮੁਆਫੀ ਅਤੇ ਆਤਮ ਹੱਤਿਆਵਾਂ ਦੇ ਮਸਲੇ, ਪੰਜਾਬ ਦੇ ਹੱਕਾਂ ਨਾਲ ਹੋ ਰਹੇ ਖਿਲਵਾੜ ਦੇ ਮਸਲੇ ਕੇਂਦਰ ਸਰਕਾਰ ਕੋਲ ਪੁਰਜੋਰ ਢੰਗ ਨਾਲ ਚੁੱਕੇ ਜਾਣਗੇ ਅਤੇ ਇਹਨਾਂ ਦਾ ਹੱਲ ਕਰਵਾਇਆ ਜਾਵੇਗਾ ਤੇ ਇਸ ਵਾਸਤੇ ਲੋੜ ਪਈ ਤਾਂ ਧਰਨੇ ਵੀ ਦਿੱਤੇ ਜਾਣਗੇ ਪਰ ਇਹਨਾਂ ਮੈਂਬਰ ਪਾਰਲੀਮੈਂਟਾਂ ਨੇ ਬਿਆਨਬਾਜ਼ੀ ਦੀ ਖਾਨਾ ਪੂਰਤੀ ਤੋਂ ਉੱਪਰ ਕੁਝ ਵੀ ਨਹੀਂ ਕੀਤਾ।
ਉਹਨਾਂ ਕਿਹਾ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਸਿਰਫ ਅਤੇ ਸਿਰਫ ਕਾਂਗਰਸ ਪਾਰਟੀ ਕਰ ਸਕਦੀ ਹੈ ਅਤੇ ਲੋਕ ਇਸ ਗੱਲ ਨੂੰ ਭਲੀ ਭਾਂਤ ਸਮਝ ਚੁੱਕੇ ਹਨ ਇਸ ਲਈ ਇਹਨਾਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਕਿਸੇ ਵੀ ਹੋਰ ਪਾਰਟੀ ਉੱਤੇ ਲੋਕ ਵਿਸ਼ਵਾਸ ਨਹੀਂ ਕਰ ਰਹੇ ਤੇ ਭਾਰੀ ਬਹੁਮਤ ਨਾਲ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਗੇ।