ਐਮਿਟੀ ਯੂਨੀਵਰਸਿਟੀ ਮੋਹਾਲੀ ਵਿਖੇ ਮੁੱਖ ਚੋਣ ਅਫ਼ਸਰ ਸਿਬਿਨ ਸੀ ਅਗਵਾਈ ਹੇਠ 25 ਜਨਵਰੀ ਨੂੰ ਹੋਵੇਗਾ ਸਮਾਗਮ
ਸਾਹਿਬਜ਼ਾਦਾ ਅਜੀਤ ਸਿੰਘ ਨਗਰ :
ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੁੱਖ ਚੋਣ ਅਫ਼ਸਰ ਪੰਜਾਬ ਸਿਬਿਨ ਸੀ ਦੀ ਅਗਵਾਈ ਚ ਮੋਹਾਲੀ ਵਿਖੇ 25 ਜਨਵਰੀ ਨੂੰ ਨੈਸ਼ਨਲ ਵੋਟਰ ਦਿਵਸ ਮੌਕੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੌਰਾਨ ਐਮਿਟੀ ਯੂਨੀਵਰਸਿਟੀ ਮੋਹਾਲੀ ਵਿਖੇ ਚੋਣ ਅਮਲ ਵਿੱਚ ਸਰਵੋਤਮ ਕਾਰਜ (ਬੈਸਟ ਇਲੈਕਟ੍ਰੋਲ ਅਵਾਰਡ) ਲਈ ਈਸ਼ਵਰ ਸਿੰਘ ਸਪੈਸ਼ਲ ਡਾਇਰੈਕਟਰ ਜਰਨਲ ਪੁਲਿਸ, ਹਿਮਾਸ਼ੂ ਜੈਨ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ, ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਜ਼ਿਲ੍ਹਾ ਨੋਡਲ ਅਫਸਰ ਸਵੀਪ ਮੁਹਾਲੀ ਕਮ ਅਫਸਰ ਇੰਚਾਰਜ ਸਿਵਲ ਇੰਜੀਨੀਅਰਿੰਗ ਵਿੰਗ, ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਅਤੇ ਸਹਾਇਕ ਨੋਡਲ ਅਫਸਰ ਸਵੀਪ ਜਲੰਧਰ ਸੁਰਜੀਤ ਲਾਲ ਨੂੰ ਸਨਮਾਨਿਤ ਕੀਤਾ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਸਵੀਪ ਗਤੀਵਿਧੀਆਂ ਲਈ ਪੰਜਾਬ ਭਰ ਵਿੱਚ ਸਰਵੋਤਮ ਗਤੀਵਿਧੀਆਂ ਲਈ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਅਤੇ ਸਮੁਚੀ ਟੀਮ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਵੋਟਰ ਜਾਗਰੂਕਤਾ ਮੁਹਿੰਮ ਵਿਚ ਮੁਹਾਲੀ ਜ਼ਿਲ੍ਹੇ ਨੇ ਸਰਵੋਤਮ ਪ੍ਰਦਰਸ਼ਨ ਕੀਤਾ ਹੈ।
14ਵੇਂ ਨੈਸ਼ਨਲ ਵੋਟਰ ਦਿਵਸ ਦੇ ਸਬੰਧ ਵਿੱਚ ਰਾਜ ਪੱਧਰੀ ਸਮਾਗਮ 25 ਜਨਵਰੀ ਨੂੰ ਐਮਿਟੀ ਯੂਨੀਵਰਸਿਟੀ ਮੋਹਾਲੀ ਵਿਖੇ ਮਨਾਇਆ ਜਾ ਰਿਹਾ ਹੈ।
ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ 25 ਜਨਵਰੀ ਨੂੰ ਡੀ ਸੀ ਦਫ਼ਤਰ ਮੋਹਾਲੀ ਤੋਂ ਸਵੇਰੇ 9:30 ਵਜੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਵੱਲੋਂ ਟਰੈਕਟਰ/ਬਾਈਕ ਰੈਲੀ ਨੂੰ ਐਮਿਟੀ ਯੂਨੀਵਰਸਿਟੀ ਲਈ ਰਵਾਨਾ ਕੀਤਾ ਜਾਵੇਗਾ।
ਸਮਾਗਮ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਗੁਰਬਖਸ਼ ਸਿੰਘ ਅੰਟਾਲ ਨੇ ਦੱਸਿਆ ਕਿ ਸਵੇਰੇ 10:30 ਵਜੇ ਮੁੱਖ ਮਹਿਮਾਨ ਸ਼੍ਰੀ ਸਿਬਿਨ ਸੀ ਮੁੱਖ ਚੋਣ ਅਫ਼ਸਰ ਪੰਜਾਬ ਦੀ ਆਮਦ ਨਾਲ ਐਮਿਟੀ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਸਮਾਗਮ ਦੀ ਆਰੰਭਤਾ ਹੋਵੇਗੀ। ਉਪਰੰਤ ਸਵੀਪ ਪੇਂਟਿੰਗ ਪ੍ਰਦਰਸ਼ਨੀ, ਸ਼ਮਾ ਰੌਸ਼ਨ, ਸਵਾਗਤੀ ਗੀਤ, ਇਲੈਕਸ਼ਨ ਮਸਕਟ ਸ਼ੇਰਾ 2.0 ਦੀ ਰਿਲੀਜ਼, ਡਿਪਟੀ ਕਮਿਸ਼ਨਰ, ਮੁੱਖ ਚੋਣ ਅਫ਼ਸਰ ਅਤੇ ਯੂਨਿਵਰਸਿਟੀ ਦੇ ਵੀ ਸੀ ਦੇ ਸੰਬੋਧਨ ਦਰਮਿਆਨ ਰੰਗਾ ਰੰਗ ਪ੍ਰੋਗਰਾਮ ਅਤੇ ਸਨਮਾਨ ਸਮਾਗਮ ਹੋਵੇਗਾ।