ਲੋਕਾਂ ਨੂੰ ਅਕਾਲੀ ਦਲ ਦੇ ਝੰਡੇ ਥੱਲੇ ਇਕਜੁੱਟ ਹੋਣ ਦੀ ਕੀਤੀ ਅਪੀਲ, ਕਿਹਾ ਕਿ 7 ਸਾਲ ਬਰਬਾਦ ਹੋ ਗਏ, ਕੋਈ ਵਿਕਾਸ ਨਹੀਂ, ਨਾ ਹੀ ਕੋਈ ਬੁਨਿਆਦੀ ਢਾਂਚਾ ਸਿਰਜਿਆ
82 ਦਿਨਾ ਤੋਂ ਹੜਤਾਲ ਕਰ ਰਹੇ ਆਦਰਸ਼ਤ ਸਕੂਲ ਦੇ ਅਧਿਆਪਕਾਂ ਤੇ ਸਟਾਫ ਨਾਲ ਕੀਤੀ ਮੁਲਾਕਾਤ
ਫਿਰੋਜ਼ਪੁਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਦਿੱਲੀ ਤੋਂ ਚਲਦੀਆਂ ਪਾਰਟੀਆਂ ਨਾ ਸਿਰਫ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਦੇ ਰਹੀਆਂ ਬਲਕਿ ਉਹ ਸਿੱਖ ਗੁਰਧਾਮਾਂ ’ਤੇ ਕਬਜ਼ੇ ਵੀ ਕਰ ਰਹੀਆਂ ਹਨ ਜੋ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ।
ਅਕਾਲੀ ਦਲ ਦੇ ਪ੍ਰਧਾਨ ਪਾਰਟੀ ਦੀ ਪੰਜਾਬ ਬਚਾਓ ਯਾਤਰਾ ਦੀ ਅਗਵਾਈ ਕਰਦਿਆਂ ਅੱਜ ਮਾਲਵਾ ਖਿੱਤੇ ਵਿਚ ਦਾਖਲ ਹੋਏ ਜਿਥੇ ਲੋਕਾਂ ਨੇ ਹਜ਼ਾਰਾਂ ਵਾਹਨਾਂ ਦੇ ਨਾਲ ਕਾਫਲੇ ਵਿਚ ਵੀ ਸ਼ਮੂਲੀਅਤ ਕੀਤੀ ਤੇ ਸੜਕ ਦੇ ਦੋਵੇਂ ਪਾਸੇ ਖੜ੍ਹੇ ਹੋ ਕੇ ਉਹਨਾਂ ਦਾ ਸਵਾਗਤ ਵੀ ਕੀਤਾ। ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਪਹਿਲਾਂ ਸ਼੍ਰੋਮਣੀ ਕਮੇਟੀ ਤੋੜੀ ਗਈ ਤੇ ਹਰਿਆਣਾ ਵਿਚ ਵੱਖਰੀ ਕਮੇਟੀ ਬਣਾ ਦਿੱਤੀ ਗਈ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਜਿਸ ਵਿਚ ਬਹੁ ਗਿਣਤੀ ਅਕਾਲੀ ਦਲ ਦੇ ਮੈਂਬਰਾਂ ਦੀ ਹੈ, ਦਾ ਕਬਜ਼ਾ ਵੀ ਉਹਨਾਂ ਲੋਕਾਂ ਨੇ ਲੈ ਲਿਆ ਜੋ ਕੌਮ ਲਈ ਨੁਕਸਾਨਦੇਹ ਹਨ। ਉਹਨਾਂ ਕਿਹਾ ਕਿ ਹੁਣ ਮਹਾਰਾਸ਼ਟਰ ਸਰਕਾਰ ਨੇ ਸ੍ਰੀ ਹਜ਼ੂਰ ਸਾਹਿਬ ਮੈਨੇਜਮੈਂਟ ਬੋਰਡ ’ਤੇ ਕਬਜ਼ੇ ਦੀ ਮੁਹਿੰਮ ਆਰੰਭ ਦਿੱਤੀ ਹੈ ਅਤੇ ਆਪਣੇ ਨਾਮਜ਼ਦ ਮੈਂਬਰਾਂ ਦੀ ਗਿਣਤੀ ਦੋ ਤੋਂ ਵਧਾ ਕੇ 12 ਕਰ ਦਿੱਤੀ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਵਾਲ ਕੀਤਾ ਕਿ ਕੀ ਹੁਣ ਮਹਾਰਾਸ਼ਟਰ ਸਰਕਾਰ ਸਿੱਖ ਕੌਮ ਨੂੰ ਦੱਸੇਗੀ ਕਿ ਗੁਰਧਾਮਾਂ ਦੀ ਸੇਵਾ ਸੰਭਾਲ ਕਿਵੇਂ ਕੀਤੀ ਜਾਵੇ ? ਉਹਨਾਂ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ ਮੈਨੇਜਮੈਂਟ ਬੋਰਡ ਐਕਟ 1956 ਵਿਚ ਸੋਧ ਕਰ ਕੇ ਇਸਦਾ ਪੁਨਰਗਠਨ ਕਰਨ ਦਾ ਫੈਸਲਾ ਬਹੁਤ ਨਿੰਦਣਯੋਗ ਹੈ ਤੇ ਸਿੱਖ ਕੌਮ ਇਸਨੂੰ ਕਦੇ ਪ੍ਰਵਾਨ ਨਹੀਂ ਕਰੇਗੀ।
ਸਰਦਾਰ ਬਾਦਲ ਨੇ ਕਿਹਾ ਕਿ ਇਹ ਸਭ ਕੁਝ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਅਕਾਲੀ ਦਲ ਸਿਆਸੀ ਤੌਰ ’ਤੇ ਕਮਜ਼ੋਰ ਹੋਇਆ ਹੈ। ਉਹਨਾਂ ਕਿਹਾ ਕਿ ਹੁਣ ਕੌਮ ਨੂੰ ਇਸਦਾ ਹਰਜ਼ਾਨਾ ਭੁਗਤਣਾ ਪੈ ਰਿਹਾ ਹੈ ਤੇ ਸਾਡੇ ਗੁਰੂ ਘਰਾਂ ’ਤੇ ਵੀ ਹਮਲੇ ਹੋਣ ਲੱਗ ਪਏ ਹਨ।
ਲੋਕਾਂ ਨੂੰ ਹਮੇਸ਼ਾ ਕੌਮ ਲਈ ਲੜਨ ਵਾਲੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਅਪੀਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਅਕਾਲੀ ਦਲ ਸੱਤਾ ਵਿਚ ਨਾ ਆਇਆ ਤਾਂ ਕੋਈ ਵੀ ਪੰਜਾਬ ਨੂੰ ਬਚਾ ਨਹੀਂ ਸਕੇਗਾ।
ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੌਮ ਦੇ ਅਨੇਕਾਂ ’ਗੱਦਾਰਾਂ’ ਦੇ ਹੱਥੀਂ ਗੁੰਮਰਾਹ ਨਾ ਹੋਣ। ਇਹਨਾਂ ਲੋਕਾਂ ਨੇ ਸਿੱਖ ਆਗੂਆਂ ਦੇ ਮੁਖੌਟੇ ਪਾਏ ਹੋਏ ਹਨ ਪਰ ਇਹ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ’ਤੇ ਲੱਗੇ ਹਨ। ਅਜਿਹੇ ਆਗੂਆਂ ਕਾਰਨ ਕੌਮ ਨੇ ਵੱਡਾ ਖਮਿਆਜ਼ਾ ਭੁਗਤਿਆ ਹੈ। ਇਹ ਢੁਕਵਾਂ ਸਮਾਂ ਹੈ ਕਿ ਕੌਮ ਮਹਿਸੂਸ ਕਰੇ ਕਿ ਇਹਨਾਂ ਆਗੂਆਂ ਦਾ ਅਸਲ ਮਨੋਰਥ ਕੀ ਹੈ ਤੇ ਇਹਨਾਂ ਨੂੰ ਮੂੰਹ ਨਾ ਲਗਾਇਆ ਜਾਵੇ।
ਪੰਜਾਬੀਆਂ ਨੂੰ ਹੋਰ ਸਮਾਂ ਬਰਬਾਦ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ 7 ਸਾਲ ਤਾਂ ਪਹਿਲਾਂ ਹੀ ਬਰਬਾਦ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੂਠੀਆਂ ਸਹੁੰਆਂ ਖਾ ਕੇ ਪੰਜਾਬੀਆਂ ਨੂੰ ਮੂਰਖ ਬਣਾਇਆ। ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਝੂਠੀਆਂ ਗਰੰਟੀਆਂ ਦੇ ਕੇ ਤੁਹਾਡੀਆਂ ਵੋਟਾਂ ਲੈ ਗਿਆ। ਉਹਨਾਂਕਿਹਾ ਕਿ ਕਾਂਗਰਸ ਤੇ ਆਪ ਸਰਕਾਰਾਂ ਨੇ ਪੰਜਾਬ ਦੇ ਸਾਲ ਬਰਬਾਦ ਕਰ ਦਿੱਤੇ ਤੇ ਕੋਈ ਵਿਕਾਸ ਨਹੀਂ ਕੀਤਾ ਤੇ ਨਾ ਹੀ ਬੁਨਿਆਦੀ ਢਾਂਚੇ ਦੀ ਸਿਰਜਣਾ ਕੀਤੀ ਤੇ ਸਭ ਕੁਝ ਠੱਪ ਹੋ ਕੇ ਰਹਿ ਗਿਆ ਤੇ ਸਮਾਜ ਭਲਾਈ ਸਕੀਮਾਂ ਦੇ ਲਾਭ ਵੀ ਇਕ ਤੋਂ ਬਾਅਦ ਇਕ ਵਾਪਸ ਲੈ ਲਏ ਗਏ।
ਸਰਦਾਰ ਬਾਦਲ ਨੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਥਾਪਿਤ ਕੀਤੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਤੇ ਸਟਾਫ ਨਾਲ ਵੀ ਮੁਲਾਕਾਤ ਕੀਤੀ। ਇਹ ਸਟਾਫ ਸਕੂਲਾਂ ਲਈ ਫੰਡ ਤੇ ਸਹੂਲਤਾਂ ਨਾ ਦੇਣ ਕਾਰਨ 82 ਦਿਨਾ ਤੋਂ ਹੜਤਾਲ ’ਤੇ ਹੈ। ਅਕਾਲੀ ਦਲ ਦੇ ਪ੍ਰਧਾਨ ਨੂੰ ਇਹਨਾਂ ਨੇਦੱਸਿਆ ਕਿ ਮੁੱਖ ਮੰਤਰੀ ਨੇ ਮੀਟਿੰਗਾਂ ਵਾਸਤੇ ਵਾਰ-ਵਾਰ ਉਹਨਾਂ ਨੂੰ ਚੰਡੀਗੜ੍ਹ ਸੱਦਿਆ ਪਰ ਮਿਲਣ ਤੋਂ ਨਾਂਹ ਕਰ ਦਿੱਤੀ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਦਰਸ਼ ਸਕੂਲ ਸਕੀਮ, ਜਿਸ ਤਹਿਤ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ, ਨੂੰ ਦੁਨੀਆਂ ਭਰ ਵਿਚ ਸਲਾਹਿਆ ਗਿਆ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਕੂਲਾਂ ਲਈ ਫੰਡ ਨਹੀਂ ਦਿੱਤੇ ਜਾ ਰਹੇ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਸੀਂ ਇਹਨਾਂ ਸਕੂਲਾਂ ਦਾ ਹੋਰ ਵਿਕਾਸ ਕਰਾਂਗੇ।
ਇਸ ਮੌਕੇ ਸੀਨੀਅਰ ਆਗੂ ਸਰਦਾਰ ਜਨਮੇਜਾ ਸਿੰਘ ਸੇਖੋਂ, ਸਰਦਾਰ ਵਰਦੇਵ ਸਿੰਘ ਮਾਨ, ਸਰਦਾਰ ਮੋਂਟੂ ਵੋਹਰਾ ਅਤੇ ਸਰਦਾਰ ਜੋਗਿੰਦਰ ਸਿੰਘ ਜਿੰਦੂ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ।