Follow us

24/05/2024 6:01 pm

Search
Close this search box.
Home » News In Punjabi » ਚੰਡੀਗੜ੍ਹ » ਪੰਜਾਬ ਸਰਕਾਰ ਕਰ ਰਹੀ ਕਿਸਾਨਾਂ ਦੀ ਲੁੱਟ, ਗਮਾਡਾ ਨਹੀਂ ਦੇ ਰਿਹਾ ਅਕਵਾਇਰ ਕੀਤੀਆਂ ਜ਼ਮੀਨਾਂ ਦੀ ਲੈਂਡਪੂਲਿੰਗ ਤੇ ਮੁਆਵਜ਼ਾ : ਪਰਵਿੰਦਰ ਸੋਹਾਣਾ

ਪੰਜਾਬ ਸਰਕਾਰ ਕਰ ਰਹੀ ਕਿਸਾਨਾਂ ਦੀ ਲੁੱਟ, ਗਮਾਡਾ ਨਹੀਂ ਦੇ ਰਿਹਾ ਅਕਵਾਇਰ ਕੀਤੀਆਂ ਜ਼ਮੀਨਾਂ ਦੀ ਲੈਂਡਪੂਲਿੰਗ ਤੇ ਮੁਆਵਜ਼ਾ : ਪਰਵਿੰਦਰ ਸੋਹਾਣਾ

ਐਰੋਸਿਟੀ, ਐਟਰੋਪੋਲਿਸ, ਸਨਅਤੀ ਸੈਕਟਰ 101 ਦੇ ਕਿਸਾਨਾਂ ਦੀਆਂ ਅਕਵਾਇਰ ਹੋਈਆਂ ਜ਼ਮੀਨਾਂ ਦੇ ਮਾਮਲੇ ਵਿੱਚ ਬੋਲੇ ਮੁੱਖ ਸੇਵਾਦਾਰ ਅਕਾਲੀ ਦਲ ਹਲਕਾ ਮੋਹਾਲੀ

ਪੰਜਾਬ ਸਰਕਾਰ ਕਰ ਰਹੀ ਕਿਸਾਨਾਂ ਦੀ ਲੁੱਟ, ਗਮਾਡਾ ਨਹੀਂ ਦੇ ਰਿਹਾ ਅਕਵਾਇਰ ਕੀਤੀਆਂ ਜ਼ਮੀਨਾਂ ਦੀ ਲੈਂਡਪੂਲਿੰਗ ਤੇ ਮੁਆਵਜ਼ਾ : ਪਰਵਿੰਦਰ ਸਿੰਘ ਸੋਹਾਣਾ

15 ਦਿਨਾਂ ਵਿੱਚ ਮੁਆਵਜ਼ੇ ਨਾ ਦਿੱਤੇ ਤਾਂ ਕਿਸਾਨਾਂ ਨੂੰ ਨਾਲ ਲੈ ਕੇ ਗਮਾਡਾ ਅਤੇ ਵਿਧਾਇਕ ਦੇ ਦਫਤਰ ਘੇਰੇਗਾ ਅਕਾਲੀ ਦਲ : ਸੋਹਾਣਾ

ਸ਼੍ਰੋਮਣੀ ਅਕਾਲੀ ਦਲ ਮੋਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਧੀਨ ਆਉਂਦੇ ਵਿਭਾਗ ਗਮਾਡਾ ਵੱਲੋਂ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੀਆਂ ਗਮਾਡਾ ਵੱਲੋਂ ਅਕਵਾਇਰ ਕੀਤੀਆਂ ਗਈਆਂ ਜ਼ਮੀਨਾਂ ਦੀ ਐਲਓਆਈ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਇਲਾਕੇ ਦੇ ਕਿਸਾਨ ਤਰਾਹੀ ਤਰਾਹੀ ਕਰ ਰਹੇ ਹਨ ਅਤੇ ਜੇਕਰ ਉਹਨਾਂ ਨੂੰ ਮੁਆਵਜੇ ਨਾ ਦਿੱਤੇ ਗਏ ਤਾਂ ਉਹ ਸਰਕਾਰ ਦੇ ਖਿਲਾਫ ਸੜਕਾਂ ਉੱਤੇ ਆਉਣਗੇ।

ਅੱਜ ਇੱਕ ਪੱਤਰਕਾਰ ਸੰਮੇਲਨ ਵਿੱਚ ਪਰਵਿੰਦਰ ਸਿੰਘ ਸੋਹਾਣਾ ਨੇ ਦੋਸ਼ ਲਗਾਇਆ ਕਿ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਖੁਦ ਕਾਲੋਨਾਈਜਰ ਹੋਣ ਕਾਰਨ ਇਸ ਮੁੱਦੇ ਉੱਤੇ ਗਮਾਡਾ ਦੇ ਖਿਲਾਫ ਆਪਣਾ ਮੂੰਹ ਬੰਦ ਕਰਕੇ ਬੈਠੇ ਹਨ ਜਦੋਂ ਕਿ ਉਹਨਾਂ ਨੂੰ ਇਸ ਪੂਰੇ ਮਾਮਲੇ ਬਾਰੇ ਭਲੀ ਭਾਂਤ ਪਤਾ ਹੈ। ਉਹਨਾਂ ਕਿਹਾ ਕਿ ਇਲਾਕੇ ਦੇ ਕਿਸਾਨ ਇਸ ਕਰਕੇ ਆਪਣੇ ਵਿਧਾਇਕ ਤੋਂ ਬਹੁਤ ਜਿਆਦਾ ਰੋਸ ਵਿੱਚ ਹਨ।

ਉਹਨਾਂ ਮਿਸਾਲ ਦਿੰਦਿਆਂ ਕਿਹਾ ਕਿ ਐਟਰੋਪੋਲਿਸ ਪ੍ਰੋਜੈਕਟ ਲਈ ਗਮਾਡਾ ਵੱਲੋਂ ਜਮੀਨਾਂ ਅਕਵਾਇਰ ਕੀਤੀਆਂ ਗਈਆਂ ਸਨ ਜਿਸ ਨੂੰ ਚਾਰ ਸਾਲ ਬੀਤ ਚੁੱਕੇ ਹਨ ਪਰ ਹਾਲੇ ਤੱਕ ਏ ਬੀ ਸੀ ਡੀ ਬਲਾਕ ਦੇ ਕਿਸਾਨਾਂ ਨੂੰ ਲੈਂਡ ਪੂਲਿੰਗ ਨਹੀਂ ਦਿੱਤੀ ਗਈ  ਜਦੋਂ ਕਿ ਇਹ ਰਕਬਾ 250 ਏਕੜ ਦੇ ਕਰੀਬ ਬਣਦਾ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਗਮਾਡਾ ਨੇ ਇੰਡਸਟਰੀਅਲ 101 ਸੈਕਟਰ ਵਾਸਤੇ ਜਮੀਨਾਂ ਅਕਵਾਇਰ ਕੀਤੀਆਂ ਸਨ ਪਰ ਇਹਨਾਂ ਦਾ ਮੁਆਵਜ਼ਾ ਵੀ ਹਾਲੇ ਤੱਕ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਸੈਕਸ਼ਨ 11 ਤੋਂ ਬਾਅਦ ਕਿਸਾਨਾਂ ਤੋਂ ਜ਼ਮੀਨ ਖਰੀਦ ਲਈ ਉਹਨਾਂ ਨੂੰ ਵੀ ਲੈਂਡ ਪੂਲਿੰਗ ਨਹੀਂ ਦਿੱਤੀ ਜਾ ਰਹੀ ਜੋ ਕਿ ਸਰਾ ਸਰ ਖਰੀਦਦਾਰਾਂ ਨਾਲ ਧੱਕਾ ਹੈ। ਉਹਨਾਂ ਕਿਹਾ ਕਿ 10 ਸਾਲ ਪਹਿਲਾਂ ਐਰੋ ਸਿਟੀ ਵਾਸਤੇ ਅਕਵਾਇਰ ਹੋਈ ਜਮੀਨ ਦੇ ਬਦਲੇ ਮਿਲੇ ਵਪਾਰਕ ਸ਼ੋਰੂਮਾ ਦੇ ਕਬਜ਼ੇ ਵੀ ਹਾਲੇ ਤੱਕ ਗਮਾਡਾ ਵੱਲੋਂ ਕਿਸਾਨਾਂ ਨੂੰ ਨਹੀਂ ਦਿੱਤੇ ਗਏ।

ਉਹਨਾਂ ਕਿਹਾ ਕਿ ਲੈਂਡ ਪੂਲਿੰਗ ਸਮੇਂ ਸਿਰ ਨਾ ਮਿਲਣ ਕਾਰਨ ਕਿਸਾਨ ਬੁਰੀ ਤਰ੍ਹਾਂ ਤੰਗ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਲੈਂਡ ਪੂਲਿੰਗ ਦੇ ਤਹਿਤ ਅੱਠ ਕਨਾਲਾਂ ਦੇ ਬਦਲੇ 1000 ਗਜ ਦਾ ਰਿਹਾਇਸ਼ੀ ਅਤੇ 200 ਗੱਜ ਦਾ ਵਪਾਰਕ ਪਲਾਟ ਗਮਾਡਾ ਵੱਲੋਂ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਕਿਸਾਨ ਦੀ ਮਰਜ਼ੀ ਹੁੰਦੀ ਹੈ ਕਿ ਉਹ ਇਹਨਾਂ ਪਲਾਟਾਂ ਨੂੰ ਰੱਖੇ ਜਾਂ ਅੱਗੇ ਵੇਚ ਕੇ ਜਰੂਰਤਾਂ ਪੂਰੀਆਂ ਕਰੇ। ਉਹਨਾਂ ਕਿਹਾ ਕਿ ਜਮੀਨ ਅਕਵਾਇਰ ਹੋ ਚੁੱਕੀ ਹੈ ਅਤੇ ਕਿਸਾਨ ਨੂੰ ਹੁਣ ਇਹਨਾਂ ਜਮੀਨਾਂ ਉੱਤੇ ਲੋਨ ਵੀ ਨਹੀਂ ਮਿਲਦਾ ਤੇ ਇਸ ਕਰਕੇ ਬਿਮਾਰੀ, ਬੱਚਿਆਂ ਦੀ ਉੱਚ ਸਿੱਖਿਆ, ਵਿਆਹ ਅਤੇ ਹੋਰਨਾ ਖਰਚਿਆਂ ਲਈ ਉਸ ਕੋਲ ਪੈਸੇ ਨਹੀਂ ਹਨ।

ਉਹਨਾਂ ਕਿਹਾ ਕਿ ਗਮਾਡਾ ਦੇ ਅਧਿਕਾਰੀ ਭਰਸ਼ਟਾਚਾਰ ਵਿੱਚ ਲਿਪਤ ਹਨ ਅਤੇ ਰੋਜ਼ਾਨਾ ਹੀ ਗਮਾਡਾ ਦੇ ਅਧਿਕਾਰੀਆਂ ਦੇ ਖਿਲਾਫ ਖਬਰਾਂ ਵੀ ਲੱਗ ਰਹੀਆਂ ਹਨ ਤੇ ਗ੍ਰਿਫਤਾਰੀਆਂ ਵੀ ਹੋ ਰਹੀਆਂ ਹਨ ਪਰ ਭਰਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਚੀਫ ਟਾਊਨ ਪਲੈਨਰ ਪੰਕਜ ਬਾਵਾ ਵਰਗੇ ਪਤਾ ਨਹੀਂ ਕਿੰਨੇ ਹੀ ਹੋਰ ਪੰਕਜ ਬਾਵਾ ਗਮਾਡਾ ਵਿੱਚ ਬੈਠੇ ਹਨ ਅਤੇ ਪੂਰਾ ਗਮਾਡਾ ਭਰਸ਼ਟਾਚਾਰ ਵਿੱਚ ਲਿਪਤ ਹੋ ਚੁੱਕਿਆ ਹੈ।

ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਫੌਰੀ ਤੌਰ ਤੇ ਇਸ ਮਾਮਲੇ ਵਿੱਚ ਕਾਰਵਾਈ ਕਰੇ ਅਤੇ ਕਿਸਾਨਾਂ ਦੀਆਂ ਜਮੀਨਾਂ ਨੂੰ ਅਕਵਾਇਰ ਕਰਨ ਬਦਲੇ ਉਹਨਾਂ ਨੂੰ ਫੌਰੀ ਤੌਰ ਤੇ ਐਲਓਆਈਆਂ ਜਾਰੀ ਕੀਤੀਆਂ ਜਾਣ। ਉਹਨਾਂ ਕਿਹਾ ਕਿ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨਿੱਜੀ ਦਿਲਚਸਪੀ ਦਿਖਾ ਕੇ ਇਸ ਵਾਸਤੇ ਕੰਮ ਕਰਨ।

ਉਹਨਾਂ ਕਿਹਾ ਕਿ 15 ਦਿਨਾਂ ਦੇ ਅੰਦਰ ਜੇਕਰ ਗਮਾਡਾ ਨੇ ਉਪਰੋਕਤ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਇਲਾਕੇ ਦੇ ਲੋਕਾਂ ਨੂੰ ਲੈ ਕੇ ਗਮਾਡਾ ਦੇ ਦਫਤਰ ਅਤੇ ਵਿਧਾਇਕ ਦੇ ਦਫਤਰ ਅੱਗੇ ਧਰਨੇ ਦੇਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਗਮਾਡਾ ਦੀ ਹੋਵੇਗੀ।

dawn punjab
Author: dawn punjab

Leave a Comment

RELATED LATEST NEWS