ਕਿਹਾ: ਕਾਂਗਰਸ ਨੇ ਹਮੇਸ਼ਾ ਲੋਕ ਹਿੱਤਾਂ ਨੂੰ ਪਹਿਲ ਦਿੱਤੀ ਹੈ
ਮਾਹਲਪੁਰ/ਗੜ੍ਹਸ਼ੰਕਰ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਮਾਹਲਪੁਰ ਸਮੇਤ ਗਣੇਸ਼ਪੁਰ ਅਤੇ ਮੋਰਾਂਵਾਲੀ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਜਾਣਨ ਸਮੇਤ ਵਿਕਾਸ ਕਾਰਜਾਂ ਲਈ ਆਪਣੇ ਸੰਸਦੀ ਕੋਟੇ ਵਿੱਚੋਂ ਫੰਡ ਵੀ ਜਾਰੀ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਅਤੇ ਇਲਾਕੇ ਦੇ ਵਿਕਾਸ ਲਈ ਕੰਮ ਕਰਨਾ ਉਨ੍ਹਾਂ ਦੀ ਪਹਿਲ ਹੈ। ਇਸ ਕਾਰਨ ਉਹ ਇਲਾਕੇ ਦੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ।
ਇਸ ਦੌਰਾਨ ਹਿੱਟ ਐਂਡ ਰਨ ਕਾਨੂੰਨ ਸਬੰਧੀ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਇਸ ਸਬੰਧੀ ਸਰਕਾਰ ਨੂੰ ਵੀ ਡਰਾਈਵਰਾਂ ਦਾ ਪੱਖ ਸੁਣਨਾ ਚਾਹੀਦਾ ਹੈ ਅਤੇ ਉਨ੍ਹਾਂ ਨਾਲ ਹਮਦਰਦੀ ਕਰਨੀ ਚਾਹੀਦੀ ਹੈ।
ਸੰਸਦ ਮੈਂਬਰ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਲੋਕ ਹਿੱਤਾਂ ਨੂੰ ਪਹਿਲ ਦਿੱਤੀ ਹੈ ਅਤੇ ਪਾਰਟੀ ਦੀਆਂ ਸਰਕਾਰਾਂ ਦੌਰਾਨ ਦੇਸ਼ ਦਾ ਸਰਬਪੱਖੀ ਵਿਕਾਸ ਹੋਇਆ ਹੈ। ਉਨ੍ਹਾਂ ਮਾਹਲਪੁਰ ਦੀ ਦਾਣਾ ਮੰਡੀ ਸਥਿਤ ਰਾਮਲੀਲਾ ਮੈਦਾਨ ਦੇ ਵਿਕਾਸ ਲਈ ਆਪਣੇ ਸੰਸਦੀ ਕੋਟੇ ਵਿੱਚੋਂ ਪ੍ਰਬੰਧਕਾਂ ਨੂੰ 5 ਲੱਖ ਰੁਪਏ ਦੀ ਗਰਾਂਟ ਵੀ ਸੌਂਪੀ। ਉਨ੍ਹਾਂ ਹੋਰਨਾਂ ਪਿੰਡਾਂ ਦੇ ਵਿਕਾਸ ਲਈ ਵੀ ਫੰਡ ਜਾਰੀ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਰਾਮਲੀਲਾ ਕਮੇਟੀ ਦੇ ਪ੍ਰਧਾਨ ਸੁਭਾਸ਼ ਗੌਤਮ, ਰਾਮਲੀਲਾ ਕਮੇਟੀ ਦੇ ਚੇਅਰਮੈਨ ਬਲਬੀਰ ਠਾਕੁਰ, ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਨਰਿੰਦਰ ਆਨੰਦ, ਸੁਰਿੰਦਰ ਸ਼ਰਮਾ, ਕਪਿਲ ਸ਼ਰਮਾ, ਰਾਜ ਕੁਮਾਰ, ਕਿਸ਼ੋਰ ਕੁਮਾਰ, ਗੁਰਚਰਨ ਬੱਬੂ, ਮਾਸਟਰ ਸ਼ੰਭੂ, ਡਾ. ਸਰਪੰਚ ਤੀਰਥ ਕੌਰ, ਇੰਸਪੈਕਟਰ ਬਲਦੇਵ ਕ੍ਰਿਸ਼ਨ, ਸਰਪੰਚ ਰੀਟਾ ਦੇਵੀ, ਸਰਪੰਚ ਜਸਪਾਲ ਸਿੰਘ ਲਾਲੀ ਆਦਿ ਹਾਜ਼ਰ ਸਨ।