ਐਸ.ਏ.ਐਸ.ਨਗਰ : ਡਾ. ਬੀ ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਵੱਲੋਂ ਭਾਰਤੀ ਰਾਇਮੈਟੋਲੋਜੀ ਐਸੋਸੀਏਸ਼ਨ ਦੇ ਸਹਿਯੋਗ ਨਾਲ ‘ਰਾਇਮੇਟੋਲੋਜੀ ਅਪਡੇਟ 2023’ ਦੀ ਅੰਤਰਰਾਸ਼ਟਰੀ ਸੀ ਐਮ ਈ, ਦੀ ਮੇਜ਼ਬਾਨੀ ਕੀਤੀ ਗਈ, ਜਿਸ ਵਿੱਚ 30 ਤੋਂ ਵੱਧ ਫੈਕਲਟੀ ਮੈਂਬਰਾਂ ਅਤੇ ਦੇਸ਼ ਭਰ ਤੋਂ 125 ਡੈਲੀਗੇਟਾਂ ਦੀ ਹਾਜ਼ਰੀ ਨਾਲ ਇਹ ਕਾਨਫਰੰਸ ਖੇਤਰ ਦੇ ਕੁਝ ਇੱਕ ਮਹੱਤਵਪੂਰਨ ਇਕੱਤਰਤਾ ਹੋ ਨਿੱਬੜੀ।
ਡੀ ਐਮ ਸੀ ਲੁਧਿਆਣਾ ਦੇ ਪ੍ਰਿੰਸੀਪਲ ਅਤੇ ਬਾਬਾ ਫਰੀਦ ਯੂਨੀਵਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਮੈਡੀਕਲ ਸਾਇੰਸਜ਼ ਦੇ ਡੀਨ ਡਾ. ਸੰਦੀਪ ਪੁਰੀ ਨੇ ਮੁੱਖ ਮਹਿਮਾਨ ਵਜੋਂ ਅਤੇ ਪ੍ਰੋ. ਅਮਨ ਸ਼ਰਮਾ, ਪ੍ਰਧਾਨ(ਇਲੈਕਟ)-ਇੰਡੀਅਨ ਰਾਇਮੈਟੋਲੋਜੀ ਐਸੋਸੀਏਸ਼ਨ, ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਸਨ।
ਡਾ. ਬਿਨੀਤ ਵੈਦਿਆ, ਡਾਇਰੈਕਟਰ, ਨੈਸ਼ਨਲ ਸੈਂਟਰ ਫਾਰ ਰਾਇਮੈਟੋਲੋਜੀ, ਨੇਪਾਲ, ਨੇ ਖੇਤਰੀ ਸਹਿਯੋਗ ਦੀ ਮਹੱਤਤਾ ਅਤੇ ਵਿਚਾਰਾਂ ਦੇ ਅਦਾਨ ਪ੍ਰਦਾਨ ‘ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ, ਪੀ ਜੀ ਆਈ ਐਮ ਈ ਆਰ ਤੋਂ ਡਾ. ਵਰੁਣ ਧੀਰ, ਦਿੱਲੀ ਤੋਂ ਡਾ. ਬਿਮਲੇਸ਼ ਧਰ, ਡਾ. ਸੁਵਰਤ ਆਰੀਆ ਅਤੇ ਡਾ. ਆਰਤੀ ਸ਼ਰਮਾ, ਜੇ ਆਈ ਪੀ ਐਮ ਈ ਆਰ ਤੋਂ ਡਾ. ਚਨਾਵੀਰੱਪਾ, ਮੋਹਾਲੀ ਤੋਂ ਡਾ. ਬੋਨੀ ਅੰਬੂਜਮ ਅਤੇ ਹੋਰਾਂ ਨੇ ਆਪਣੀ ਮੁਹਾਰਤ ਅਤੇ ਤਜ਼ਰਬੇ ਸਾਂਝੇ ਕੀਤੇ।
ਕਾਨਫਰੰਸ ਨੇ ਰਾਇਮੈਟੋਲੋਜੀ ਦੇ ਖੇਤਰ ਵਿੱਚ ਵਿਭਿੰਨ ਜਾਣਕਾਰੀ ਅਤੇ ਖੋਜ ਲਈ ਇੱਕ ਅਹਿਮ ਮੰਚ ਪ੍ਰਦਾਨ ਕੀਤਾ। ਖਾਸ ਤੌਰ ‘ਤੇ, ਪ੍ਰੋਗਰਾਮ ਵਿੱਚ ਹਾਜ਼ਰੀਨ ਨੂੰ ਸਭ ਤੋਂ ਨਵੀਨਤਮ ਅਤੇ ਵਿਹਾਰਕ ਗਿਆਨ ਪ੍ਰਦਾਨ ਕਰਨ ‘ਤੇ ਕੇਂਦ੍ਰਤ ਕਰਦੇ ਹੋਏ ਕਈ ਸੈਸ਼ਨ ਸ਼ਾਮਲ ਕੀਤੇ ਗਏ ਸਨ। ਇਹਨਾਂ ਸੈਸ਼ਨਾਂ ਵਿੱਚ ਰਾਇਮੇਟਾਇਡ ਗਠੀਆ ਅਤੇ ਇਸਦੇ ਵੱਖ-ਵੱਖ ਪਹਿਲੂਆਂ, ਐਸ ਐਲ ਈ, ਵੈਸਕੁਲਾਈਟਿਸ ਆਦਿ ਸਮੇਤ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ।
ਦੇਸ਼ ਭਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਮਾਹਿਰਾਂ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੁਆਰਾ 15 ਤੋਂ ਵੱਧ ਵਿਗਿਆਨਕ ਪੇਪਰ ਪੇਸ਼ ਕੀਤੇ ਗਏ। ਇਨ੍ਹਾਂ ਪੇਸ਼ਕਾਰੀਆਂ ਨੇ ਇਸ ਖੇਤਰ ਵਿੱਚ ਨਵੀਨਤਮ ਤਰੱਕੀਆਂ, ਸਫਲਤਾਵਾਂ ਅਤੇ ਉੱਭਰ ਰਹੇ ਰੁਝਾਨਾਂ ਰਾਹੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਕਾਨਫਰੰਸ ਦੇ ਹਾਜ਼ਰੀਨ ਇਸ ਸਦਾ-ਵਿਕਸਤ ਖੇਤਰ ਵਿੱਚ ਗਿਆਨ ਅਤੇ ਅਭਿਆਸ ਵਿੱਚ ਸਮੇਂ ਦੇ ਹਾਣ ਦੇ ਰਹਿਣ।
ਕਾਨਫਰੰਸ ਦੇ ਭਾਗੀਦਾਰ ਰਾਇਮੈਟੋਲੋਜੀ ਮਾਹਿਰਾਂ ਦੇ ਇਸ ਇਕੱਠ ਦਾ ਹਿੱਸਾ ਬਣ ਕੇ ਬਹੁਤ ਖੁਸ਼ ਸਨ। ਕਾਨਫਰੰਸ ਨੇ ਅਤਿ-ਆਧੁਨਿਕ ਗਿਆਨ ਦੇ ਅਦਾਨ-ਪ੍ਰਦਾਨ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਜਿਹਾ ਮੰਚ ਪ੍ਰਦਾਨ ਕੀਤਾ ਜੋ ਬਿਨਾਂ ਸ਼ੱਕ ਇਸ ਖੇਤਰ ਵਿਚਲੀ ਅਹਿਮ ਜਾਣਕਾਰੀ ਨੂੰ ਅੱਗੇ ਵਧਾਏਗਾ ਅਤੇ ਮਰੀਜ਼ਾਂ ਵਿੱਚ ਅਕਸਰ ਹੋਣ ਵਾਲੇ ਜੋੜਾਂ ਦੇ ਦਰਦ ਦੀ ਆਮ ਸ਼ਿਕਾਇਤ ਲਈ ਪਹੁੰਚ ਨੂੰ ਸੁਚਾਰੂ ਬਣਾਏਗਾ।
ਡਾ. ਅਸ਼ੀਸ਼ ਜਿੰਦਲ, ਸਮਾਗਮ ਦੇ ਪ੍ਰਬੰਧਕੀ ਸਕੱਤਰ ਨੇ ਭਾਗੀਦਾਰੀ ‘ਤੇ ਤਸੱਲੀ ਪ੍ਰਗਟ ਕੀਤੀ ਅਤੇ ਵਚਨਬੱਧਤਾ ਦੁਹਰਾਈ ਕਿ ਏ ਆਈ ਐਮ ਐਸ ਮੋਹਾਲੀ ਦਾ ਮੈਡੀਸਨ ਵਿਭਾਗ, ਕਲੀਨਿਕਲ ਦੇਖਭਾਲ ਨੂੰ ਬਿਹਤਰ ਅਤੇ ਮਿਆਰੀ ਬਣਾਉਣ ਲਈ ਇਸ ਤਰ੍ਹਾਂ ਦੇ ਸਮਾਗਮਾਂ ਦਾ ਪ੍ਰਬੰਧ ਭਵਿੱਖ ਵਿੱਚ ਵੀ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਕਾਨਫਰੰਸ ਦੀ ਸੰਪੂਰਨਤਾ ਹਾਜ਼ਰੀਨ ਨੂੰ ਰਾਇਮੈਟੋਲੋਜੀ ਦੇ ਲਗਾਤਾਰ ਵਿਕਸਤ ਹੋ ਰਹੇ ਖੇਤਰ ਵਿੱਚ ਚੁਣੌਤੀਆਂ ਅਤੇ ਮੌਕਿਆਂ ਨਾਲ ਨਜਿੱਠਣ ਲਈ ਪ੍ਰੇਰਿਤ ਅਤੇ ਬਿਹਤਰ ਢੰਗ ਨਾਲ ਤਿਆਰ ਕਰਨ ਦੇ ਸੰਕਲਪ ਨਾਲ ਕੀਤੀ ਗਈ।