ਹਸਪਤਾਲ ਕੋਲੋਂ ਪੰਜਾਬ ਸਰਕਾਰ ਨੂੰ ਮਿਲੇ 138 ਕਰੋੜ ਰੁਪਏ ਕਿੱਥੇ ਗਏ? : ਕੁਲਵੰਤ ਸਿੰਘ
ਐਸ.ਏ.ਐਸ ਨਗਰ: ਪੰਜਾਬ ਵਿਧਾਨ ਸਭਾ ‘ਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਹਲਕਾ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਮੈਕਸ ਹਸਪਤਾਲ ਨੂੰ ਸਰਕਾਰੀ ਜ਼ਮੀਨ ਦੇਣ ਦਾ ਮੁੱਦਾ ਜ਼ੋਰਾਂ-ਸ਼ੋਰਾਂ ਨਾਲ ਚੁੱਕਿਆ। ਸ. ਕੁਲਵੰਤ ਸਿੰਘ ਨੇ ਵਿਧਾਨ ਸਭਾ ‘ਚ ਸਵਾਲ ਪੁੱਛਿਆ ਕਿ ਮੈਕਸ ਹਸਪਤਾਲ ਤੋਂ ਪੰਜਾਬ ਸਰਕਾਰ ਨੂੰ ਮਿਲੇ 138 ਕਰੋੜ ਰੁਪਏ ਕਿੱਥੇ ਖਰਚੇ ਗਏ ਹਨ? ਉਨ੍ਹਾਂ ਨੇ ਸ਼ੰਕਾ ਜ਼ਾਹਿਰ ਕਰਦਿਆਂ ਪੁੱਛਿਆ ਕਿ ਕੀ ਪੰਜਾਬ ਸਰਕਾਰ ਨੂੰ ਹਸਪਤਾਲ ਕੋਲੋਂ ਮਿਲੀ ਕਰੋੜਾਂ ਦੀ ਰਕਮ ਨਾਲ ਗਰੀਬ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਹਨ?
ਵਿਧਾਇਕ ਸ. ਕੁਲਵੰਤ ਸਿੰਘ ਨੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਸਵਾਲ ਪੁੱਛਿਆ ਕਿ ਪੰਜਾਬ ਸਰਕਾਰ ਵੱਲੋਂ ਮੈਕਸ ਹਸਪਤਾਲ ਫੇਜ਼ 6 ਐਸ.ਏ.ਐਸ. ਨਗਰ ਨੂੰ ਹਸਪਤਾਲ ਦੀ ਉਸਾਰੀ ਲਈ ਸਰਕਾਰੀ ਹਸਪਤਾਲ ਦੀ ਜ਼ਮੀਨ ਦਾ ਕੁਝ ਹਿੱਸਾ ਕੁਝ ਸ਼ਰਤਾਂ ‘ਤੇ ਦਿੱਤਾ ਗਿਆ ਸੀ, ਜਿਵੇਂ ਕਿ ਇਸ ਹਸਪਤਾਲ ਦੇ ਚਾਲੂ ਹੋਣ ਉਪਰੰਤ ਇਸ ਹਸਪਤਾਲ ਨੂੰ ਮਰੀਜ਼ਾਂ ਜਾਂ ਹੋਰ ਵਸੀਲਿਆਂ ਤੋਂ ਪ੍ਰਾਪਤ ਹੋਣ ਵਾਲੀ ਕੁੱਲ ਰਾਸ਼ੀ ਦਾ ਕੁੱਝ ਹਿੱਸਾ ਸਰਕਾਰ ਨੂੰ ਦੇਣ ਦੇ ਅਧਾਰ ‘ਤੇ ਦਿੱਤੀ ਗਈ ਸੀ, ਕੀ ਮੈਕਸ ਹਸਪਤਾਲ ਵੱਲੋਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਪੁੱਛਿਆ ਕੀ ਸ਼ਰਤਾਂ ਮੁਤਾਬਕ ਇਸ ਹਸਪਤਾਲ ਵੱਲੋਂ ਬਣਦੀ ਰਾਸ਼ੀ ਪੰਜਾਬ ਸਰਕਾਰ ਕੋਲ ਜਮ੍ਹਾ ਕਰਵਾਈ ਜਾ ਰਹੀ ਹੈ। ਜੇਕਰ ਜਮ੍ਹਾ ਕਰਵਾਈ ਗਈ ਹੈ ਤਾਂ ਹੁਣ ਤੱਕ ਕਿੰਨੀ ਰਾਸ਼ੀ ਸਰਕਾਰ ਨੂੰ ਪ੍ਰਾਪਤ ਹੋਈ ਹੈ ਅਤੇ ਉਹ ਪੈਸਾ ਗਰੀਬ ਲੋਕਾਂ ਲਈ ਮੁਫ਼ਤ ਇਲਾਜ ਅਤੇ ਹੋਰ ਸਹੂਲਤਾਂ ਲਈ ਖਰਚਿਆਂ ਜਾ ਰਿਹਾ ਹੈ ਜਾਂ ਇਸ ਪੈਸੇ ਦੀ ਕਿਤੇ ਹੋਰ ਵਰਤੋਂ ਕੀਤੀ ਜਾ ਰਹੀ ਹੈ। ਇਸ ਬਾਰੇ ਪੰਜਾਬ ਸਿਹਤ ਮੰਤਰੀ ਨੂੰ ਵੇਰਵੇ ਸਾਂਝੇ ਕਰਨ ਦੀ ਬੇਨਤੀ ਕੀਤੀ।
ਵਿਧਾਇਕ ਸ. ਕੁਲਵੰਤ ਸਿੰਘ ਦੇ ਸਵਾਲ ਦਾ ਜਵਾਬ ਦਿੰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਪੈਸੇ ਦੀ ਵਰਤੋਂ ਸੰਬੰਧੀ ਪ੍ਰਿੰਸੀਪਲ ਐਂਡ ਹੈਲਥ ਵੈਲਫੇਅਰ ਦੇ ਅਧੀਨ ਇੱਕ ਕਮੇਟੀ ਬਣਾਈ ਗਈ ਹੈ। ਇਸ ਪੈਸੇ ਦੀ ਵਰਤੋਂ ਸਰਕਾਰੀ ਹਸਪਤਾਲਾਂ ਦੀ ਮੁਰੰਮਤ, ਦਵਾਈਆਂ, ਹਸਪਤਾਲ ਦੇ ਲੰਬਿਤ ਪਏ ਬਿਜਲੀ ਦੇ ਬਿੱਲ ਦੀ ਅਦਾਇਗੀ ਕੀਤੀ ਗਈ ਹੈ, ਇਸ ‘ਚੋਂ 13 ਕਰੋੜ 24 ਲੱਖ ਖਰਚਿਆਂ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਹੋਰ ਪੰਜਾਬ ਦੀਆਂ ਥਾਵਾਂ ‘ਤੇ ਹਸਪਤਾਲ ਦੀ ਉਸਾਰੀ, ਮੁਰੰਮਤ, ਦਵਾਈਆਂ ਲਈ ਖਰਚ ਕੀਤੇ ਜਾਂਦੇ ਹਨ। ਇਸਦੇ ਨਾਲ ਹੀ ਮੋਹਾਲੀ ਦੇ ਹੈਲਥ ਯੂਨਿਟ, ਹਸਪਤਾਲ ਸਮੇਤ ਜਿੱਥੇ ਵੀ ਜ਼ਰੂਰਤ ਹੁੰਦੀ ਹੈ, ਉੱਥੇ ਹੀ ਪੈਸਾ ਖਰਚਿਆਂ ਜਾਂਦਾ ਹੈ | ਉਨ੍ਹਾਂ ਕਿਹਾ ਇਸ ਸੰਬੰਧੀ ਪੂਰੇ ਵੇਰਵੇ ਵਿਧਾਇਕ ਸ. ਕੁਲਵੰਤ ਸਿੰਘ ਨੂੰ ਮੁਹੱਈਆ ਕਰਵਾ ਦਿੱਤੇ ਜਾਣਗੇ | ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੀ ਪਾਰਦਰਸ਼ਤਾ ਨਾਲ ਕੰਮ ਕਰ ਰਹੀ ਹੈ ਅਤੇ ਸਿਹਤ ਖੇਤਰ ਨੂੰ ਉੱਚਾ ਚੁੱਕਣ ਲਈ ਵਚਨਵੱਧ ਹੈ।