ਸ਼ਰਾਬ ਦੀ ਢੋਆ-ਢੁਆਈ ਤੇ ਨਿਗਰਾਨੀ
ਜ਼ਿਲ੍ਹੇ ਵਿੱਚ ਦੋ ਡਿਸਟਿਲਰੀਆਂ, ਇੱਕ ਬਰੂਅਰੀ ਅਤੇ 13 ਬੋਟਲਿੰਗ ਪਲਾਂਟ ਤੋਂ ਇਲਾਵਾ 299 ਸ਼ਰਾਬ ਦੇ ਠੇਕੇ ਰਹਿਣਗੇ ਕਰੜੀ ਨਿਗਰਾਨੀ ਹੇਠ
ਸਾਹਿਬਜ਼ਾਦਾ ਅਜੀਤ ਸਿੰਘ ਨਗਰ :
ਲੋਕ ਸਭਾ ਚੋਣਾਂ-2024 ਦੌਰਾਨ ਸ਼ਰਾਬ ਦੇ ਗੈਰ-ਕਾਨੂੰਨੀ ਪ੍ਰਵਾਹ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਸ਼ਰਾਬ ਦੀ ਢੋਆ-ਢੁਆਈ ‘ਤੇ ਨਿਗਰਾਨੀ ਵਧਾਉਣ ਦੇ ਹੁਕਮ ਦਿੱਤੇ ਹਨ।
ਡਿਪਟੀ ਕਮਿਸ਼ਨਰ ਨੇ ਮੈਰਿਜ ਪੈਲੇਸ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਉਹ ਸਬੰਧਤ ਏ.ਆਰ.ਓ. ਦੀ ਅਗਾਊਂ ਪ੍ਰਵਾਨਗੀ ਤੋਂ ਪਹਿਲਾਂ ਕਿਸੇ ਵੀ ਸਿਆਸੀ ਇਕੱਠ ਦੀ ਇਜਾਜ਼ਤ ਨਾ ਦੇਣ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਸਟਿਲਰੀਆਂ, ਬੋਟਲਿੰਗ ਪਲਾਂਟਾਂ ਅਤੇ ਮੈਰਿਜ ਪੈਲੇਸ ਮਾਲਕਾਂ ਦੀ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਪੱਧਰ ‘ਤੇ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੋ ਡਿਸਟਿਲਰੀਆਂ, ਇੱਕ ਬਰੂਅਰੀ ਅਤੇ 13 ਬੋਟਲਿੰਗ ਪਲਾਂਟਾਂ ਤੋਂ ਸ਼ਰਾਬ ਦੀ ਢੋਆ-ਢੁਆਈ ਦੀ ਨਿਗਰਾਨੀ ‘ਤੇ ਸਖ਼ਤੀ ਨਾਲ ਅਮਲ ਕਰਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ 299 ਸ਼ਰਾਬ ਦੇ ਠੇਕਿਆਂ ਦੀ ਵਿਕਰੀ ‘ਤੇ ਨਿਗਰਾਨੀ ਰੱਖਣ ਦੇ ਨਾਲ ਨਾਲ ਜ਼ਿਲ੍ਹਾ ਪ੍ਰਸ਼ਾਸਨ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ ਹੈ। ਸ਼ਰਾਬ, ਨਸ਼ੀਲੇ ਪਦਾਰਥਾਂ ਜਾਂ ਰਿਸ਼ਵਤਖੋਰੀ ਵਰਗੇ ਲਾਲਚ ਦੇ ਕਿਸੇ ਵੀ ਮਾਮਲੇ ਵਿੱਚ ਜ਼ੀਰੋ ਟਾਲਰੈਂਸ ਦੀ ਨੀਤੀ ਹੋਵੇਗੀ।
ਉਨ੍ਹਾਂ ਸਪੱਸ਼ਟ ਕਿਹਾ ਕਿ ਆਬਕਾਰੀ ਵਿਭਾਗ ਦੇ ਅਧਿਕਾਰੀ ਜ਼ਿਲ੍ਹੇ ਵਿੱਚ ਲਗਾਤਾਰ ਚੌਕਸੀ ਰੱਖ ਕੇ ਅਤੇ ਜ਼ਿਲ੍ਹਾ ਪੁਲਸ ਨਾਲ ਨਾਕੇ ਲਗਾ ਕੇ ਗੈਰ-ਕਾਨੂੰਨੀ ਸ਼ਰਾਬ ਦੀ ਢੋਆ-ਢੁਆਈ ਨੂੰ ਰੋਕਣ ਲਈ ਜਿੰਮੇਵਾਰ ਹੋਣਗੇ। ਸਾਰੇ ਨਿਰਮਾਣ ਯੂਨਿਟਾਂ ਵਿੱਚ ਮੌਜੂਦਾ ਸਥਾਪਿਤ ਮਾਸ ਫਲੋ ਮੀਟਰਾਂ ਨੂੰ ਅਸਲ ਸਮੇਂ ਦੇ ਪ੍ਰਵਾਹ ਅਤੇ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਤੋਂ ਇਲਾਵਾ ਕਿਊਆਰ-ਕੋਡ ਸਮਰਥਿਤ ਪਾਸ (ਐਲ-34) ਅਤੇ ਪਰਮਿਟ (ਐਲ-32) ਨੂੰ ਕੈਪਚਰ ਕਰਨ ਵਾਲੇ ਮਾਸ ਫਲੋ ਮੀਟਰਾਂ ਨੂੰ ਕਾਰਜਸ਼ੀਲ ਰੱਖਣ ਦੇ ਨਾਲ ਸਾਰੇ 299 ਠੇਕਿਆਂ ਲਈ ਸਥਾਨਾਂ ਦੇ ਨਕਸ਼ੇ ਤੇ ਵੈਧ ਲਾਇਸੰਸ ਪ੍ਰਦਰਸ਼ਿਤ ਕਰਦੇ ਰਹਿਣ ਦੇ ਆਦੇਸ਼ ਦਿੱਤੇ।
ਉਨ੍ਹਾਂ ਨੇ ਆਬਕਾਰੀ ਅਧਿਕਾਰੀਆਂ ਨੂੰ ਸ਼ਰਾਬ ਦੇ ਠੇਕਿਆਂ ਦੀ ਰੋਜ਼ਾਨਾ ਵਿਕਰੀ ਅਤੇ ਸਟਾਕ ਦੀ ਜਾਂਚ ਕਰਨ ਅਤੇ 30 ਪ੍ਰਤੀਸ਼ਤ ਤੋਂ ਵੱਧ ਵਿਕਰੀ ਵਧਣ ਦੀ ਸੂਰਤ ਵਿੱਚ ਤੁਰੰਤ ਸਾਰੇ ਰਿਕਾਰਡ ਦੀ ਜਾਂਚ ਕਰਨ ਲਈ ਕਿਹਾ।
ਡੀਸੀ ਨੇ ਆਬਕਾਰੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਤੋਂ ਇਲਾਵਾ ਅੰਤਰਰਾਜੀ ਸਰਹੱਦ, ਅੰਦਰੂਨੀ ਪਿੰਡਾਂ, ਝੁੱਗੀ-ਝੌਂਪੜੀ ਵਾਲੇ ਖੇਤਰਾਂ ਵਿੱਚ ਪੈਂਦੇ ਠੇਕਿਆਂ ‘ਤੇ ਨਿਯਮਤ ਤੌਰ ‘ਤੇ ਸਖ਼ਤ ਨਜ਼ਰ ਰੱਖੀ ਜਾਵੇਗੀ।
ਇਸੇ ਤਰ੍ਹਾਂ ਉਨ੍ਹਾਂ ਦੇ ਰਿਜ਼ੋਰਟ ਵਿੱਚ ਹੋਣ ਵਾਲੇ ਵਿਆਹਾਂ ਅਤੇ ਹੋਰ ਸਮਾਜਿਕ ਸਮਾਗਮਾਂ ਦੌਰਾਨ ਆਬਕਾਰੀ ਵਿਭਾਗ ਦੇ ਜਾਇਜ਼ ਪਰਮਿਟ ਤੋਂ ਬਿਨਾਂ ਕੋਈ ਵੀ ਸ਼ਰਾਬ ਦਾ ਡਰਿੰਕ ਨਹੀਂ ਪਰੋਸਿਆ ਜਾਵੇਗਾ।
ਐਸ.ਏ.ਐਸ.ਨਗਰ ਦੇ ਸਹਾਇਕ ਕਮਿਸ਼ਨਰ ਆਬਕਾਰੀ ਅਸ਼ੋਕ ਚਲਹੋਤਰਾ ਨੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਕਿ ਜ਼ਿਲ੍ਹੇ ਵਿੱਚ 04 ਟੀਮਾਂ ਵੱਲੋਂ ਇੱਕ ਸਮੇਂ ਵਿੱਚ ਨਾਕਿਆਂ ‘ਤੇ ਪੁਲਿਸ ਨਾਲ ਸਾਂਝੀ ਚੈਕਿੰਗ ਕਰਨ ਤੋਂ ਇਲਾਵਾ ਇਨਫੋਰਸਮੈਂਟ ਕੀਤੀ ਜਾ ਰਹੀ ਹੈ। ਪ੍ਰਤੀ ਹਲਕੇ ਵਿੱਚ ਇੱਕ ਆਬਕਾਰੀ ਚੈਕਿੰਗ ਟੀਮ ਹੋਵੇਗੀ ਜਿਸ ਵਿੱਚ 01 ਈ.ਟੀ.ਓ., 01 ਇੰਸਪੈਕਟਰ ਅਤੇ ਪੁਲਿਸ ਸਟਾਫ਼ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ, 04 ਆਬਕਾਰੀ ਇੰਸਪੈਕਟਰ ਆਪਣੇ ਸਰਕਲਾਂ ਵਿੱਚ ਕੰਮ ਕਰ ਰਹੇ ਹਨ।
ਚੰਡੀਗੜ੍ਹ ਅਤੇ ਹਰਿਆਣਾ ਵੱਲ ਪੰਜਾਬ ਦੀ ਸਰਹੱਦ ਦੇ 03 ਕਿਲੋਮੀਟਰ ਦੇ ਦਾਇਰੇ ਵਿੱਚ ਪੈਂਦੇ ਠੇਕਿਆਂ ਦੀ ਸੂਚੀ ਇਹਨਾਂ ਅਧਿਕਾਰੀਆਂ ਨਾਲ ਸਾਂਝੀ ਕੀਤੀ ਗਈ ਹੈ ਅਤੇ ਉਹਨਾਂ ਨੂੰ ਪੰਜਾਬ ਵਿੱਚ ਵੋਟਾਂ ਪੈਣ ਤੋਂ 48 ਵਜੇ ਤੋਂ ਪਹਿਲਾਂ ਇਹਨਾਂ ਠੇਕਿਆਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ। ਹੋਰ ਲਾਇਸੰਸਧਾਰਕਾਂ ਜਿਵੇਂ ਬਾਰ, ਹੋਟਲ ਅਤੇ ਮੈਰਿਜ ਪੈਲੇਸਾਂ ਨੂੰ ਵੀ ਆਦਰਸ਼ ਚੋਣ ਜ਼ਾਬਤੇ ਦੌਰਾਨ ਉਨ੍ਹਾਂ ਦੀ ਅਹਿਮ ਜ਼ਿੰਮੇਵਾਰੀ ਅਤੇ ਭੂਮਿਕਾ ਬਾਰੇ ਜਾਗਰੂਕ ਕੀਤਾ ਗਿਆ ਹੈ। ਉਹਨਾਂ ਦੇ ਸਟਾਕ ਅਤੇ ਸਪਲਾਈ ਨੂੰ ਵੀ ਪਰਮਿਟ ਅਤੇ ਪਾਸਾਂ ਦੀ ਪ੍ਰਣਾਲੀ ਦੁਆਰਾ ਨਿਯੰਤ੍ਰਿਤ ਕੀਤਾ ਜਾਂਦਾ ਹੈ। ਇਨ੍ਹਾਂ ਦੀ ਵਿਭਾਗ ਵੱਲੋਂ ਲਗਾਤਾਰ ਜਾਂਚ ਵੀ ਕੀਤੀ ਜਾਂਦੀ ਹੈ।
ਇਸੇ ਤਰ੍ਹਾਂ ਹੋਰ ਸੰਵੇਦਨਸ਼ੀਲ ਥਾਵਾਂ ਜਿਵੇਂ ਕਿ ਸੜਕ ਕਿਨਾਰੇ ਢਾਬਿਆਂ ਅਤੇ ਪੈਟਰੋਲ ਪੰਪਾਂ ਆਦਿ ਦੀ ਐਕਸਾਈਜ਼ ਟੀਮਾਂ ਅਤੇ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਏਡੀਸੀ ਵਿਰਾਜ ਐਸ ਤਿੜਕੇ ਅਤੇ ਦਮਨਜੀਤ ਸਿੰਘ ਮਾਨ, ਸਹਾਇਕ ਕਮਿਸ਼ਨਰ ਡੇਵੀ ਗੋਇਲ ਅਤੇ ਆਬਕਾਰੀ ਵਿਭਾਗ ਦੇ ਈਟੀਓਜ਼ ਅਤੇ ਆਬਕਾਰੀ ਇੰਸਪੈਕਟਰ ਸ਼ਾਮਲ ਸਨ।