ਮੋਹਾਲੀ ਨੂੰ ਵਿਸ਼ੇਸ਼ ਗਰਾਂਟਾਂ ਦੇਣ ਲਈ ਬਜਟ ਵਿੱਚ ਪ੍ਰਾਵਧਾਨ ਕਰਨ ਸਬੰਧੀ ਡਿਪਟੀ ਮੇਅਰ ਨੇ ਲਿਖਿਆ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੂੰ ਪੱਤਰ
ਮੋਹਾਲੀ: ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਦੇ ਅਤਿ ਮਹੱਤਵਪੂਰਨ ਸ਼ਹਿਰ ਮੋਹਾਲੀ ਦੇ ਵਿਕਾਸ ਵਾਸਤੇ ਬਜਟ ਵਿੱਚ ਵੱਖਰਾ ਰਾਖਵਾਂ ਫੰਡ ਰੱਖਿਆ ਜਾਵੇ।
ਆਪਣੇ ਪੱਤਰ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੋਹਾਲੀ ਸ਼ਹਿਰ ਲਗਾਤਾਰ ਵਿਕਸਿਤ ਹੁੰਦਾ ਜਾ ਰਿਹਾ ਹੈ ਅਤੇ ਇਸ ਦਾ ਖੇਤਰਫਲ ਕਾਫੀ ਵੱਧ ਚੁੱਕਿਆ ਹੈ। ਉਹਨਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੀ ਜਰੂਰਤ ਹੈ ਜਦੋਂ ਕਿ ਮੋਹਾਲੀ ਨਗਰ ਨਿਗਮ ਦੀ ਵਿੱਤੀ ਹਾਲਤ ਖਸਤਾ ਹੋਈ ਪਈ ਹੈ। ਉਹਨਾਂ ਕਿਹਾ ਕਿ ਕਈ ਵਿਭਾਗਾਂ ਤੋਂ ਨਗਰ ਨਿਗਮ ਨੇ ਕਰੋੜਾਂ ਰੁਪਏ ਲੈਣੇ ਹਨ ਪਰ ਇਹ ਰਕਮ ਵੀ ਨਜ਼ਰ ਨਿਗਮ ਨੂੰ ਨਹੀਂ ਮਿਲ ਰਹੀ। ਉਹਨਾਂ ਕਿਹਾ ਕਿ ਮਿਸਾਲ ਵਜੋਂ ਗਮਾਡਾ ਨੇ ਮੋਹਾਲੀ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ 25 ਫੀਸਦੀ ਹਿੱਸਾ ਦੇਣਾ ਹੁੰਦਾ ਹੈ ਜੋ ਨਹੀਂ ਦਿੱਤਾ ਜਾ ਰਿਹਾ ਅਤੇ ਇਸੇ ਤਰ੍ਹਾਂ ਬਿਜਲੀ ਵਿਭਾਗ ਵੱਲੋਂ ਐਕਸਾਈਜ਼ ਡਿਊਟੀ ਦੇ ਰੂਪ ਵਿੱਚ ਇਕੱਠੀ ਕੀਤੀ ਗਈ ਰਕਮ ਨਗਰ ਨਿਗਮ ਨੂੰ ਦੇਣੀ ਹੁੰਦੀ ਹੈ ਜੋ ਕਿ ਕਰੋੜਾਂ ਰੁਪਏ ਬਕਾਇਆ ਪਈ ਹੈ ਪਰ ਇਹ ਰਕਮ ਵੀ ਨਗਰ ਨਿਗਮ ਨੂੰ ਨਹੀਂ ਦਿੱਤੀ ਜਾ ਰਹੀ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਦੂਜੇ ਪਾਸੇ ਚੰਡੀਗੜ੍ਹ ਵਾਸਤੇ ਕੇਂਦਰ ਸਰਕਾਰ ਵੱਲੋਂ ਕਰੋੜਾਂ ਰੁਪਏ ਦੀਆਂ ਗਰਾਂਟਾਂ ਦਿੱਤੀਆਂ ਜਾਂਦੀਆਂ ਹਨ ਅਤੇ ਇਸ ਵਾਰ ਵੀ ਪਹਿਲਾਂ ਦਿੱਤੀਆਂ ਗਰਾਂਟਾਂ ਤੋਂ ਇਲਾਵਾ 591 ਕਰੋੜ ਰੁਪਏ ਵੱਖਰੇ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਚੰਡੀਗੜ੍ਹ ਦਾ ਆਪਣਾ ਵੀ ਵਿਕਾਸ ਦਾ ਲੰਮਾ ਚੌੜਾ ਬਜਟ ਹੈ ਅਤੇ ਪੰਜਾਬ ਅਤੇ ਹਰਿਆਣਾ ਵੱਲੋਂ ਵੀ ਉਸ ਨੂੰ ਫੰਡ ਦਿੱਤੇ ਜਾਂਦੇ ਹਨ ਕਿਉਂਕਿ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ। ਉਹਨਾਂ ਕਿਹਾ ਕਿ ਇਸ ਦੇ ਉਲਟ ਮੋਹਾਲੀ ਸ਼ਹਿਰ, ਜੋ ਕਿ ਚੰਡੀਗੜ੍ਹ ਤੋਂ ਵੀ ਕਿਤੇ ਜਿਆਦਾ ਖੇਤਰਫਲ ਵਿੱਚ ਫੈਲ ਚੁੱਕਿਆ ਹੈ, ਦੀ ਨਗਰ ਨਿਗਮ ਦਾ ਬਜਟ ਹੀ ਸਿਰਫ 200 ਕਰੋੜ ਰੁਪਏ ਦਾ ਹੈ।
ਉਹਨਾਂ ਆਪਣੇ ਪੱਤਰ ਵਿੱਚ ਕਿਹਾ ਕਿ ਮੋਹਾਲੀ ਪੰਜਾਬ ਦੇ ਅਤਿ ਮਹੱਤਵਪੂਰਨ ਸ਼ਹਿਰ ਹੋਣ ਦੇ ਨਾਲ ਨਾਲ ਪੰਜਾਬ ਦੀ ਮਿਨੀ ਰਾਜਧਾਨੀ ਵਜੋਂ ਵਿਕਸਿਤ ਹੋ ਚੁੱਕਿਆ ਹੈ ਅਤੇ ਇੱਥੇ ਪੰਜਾਬ ਦੇ ਅਤਿ ਮਹੱਤਵਪੂਰਨ ਵਿਭਾਗ ਸਥਾਪਿਤ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਰੱਖ ਰਖਾਓ ਲਈ ਹਮੇਸ਼ਾ ਸਰਕਾਰਾਂ ਵੱਡੀਆਂ ਰਕਮਾਂ ਦਿੰਦੀਆਂ ਰਹੀਆਂ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੋਹਾਲੀ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਦੇ ਚਲਦੇ ਮੋਹਾਲੀ ਵਿੱਚ ਨਿਵੇਸ਼ ਵੀ ਘਟਦਾ ਜਾ ਰਿਹਾ ਹੈ ਅਤੇ ਖਾਸ ਤੌਰ ਤੇ ਐਨਆਰਆਈ ਲੋਕ ਜੋ ਮੋਹਾਲੀ ਵਿੱਚ ਜਾਇਦਾਦ ਖਰੀਦਣ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਉਂਦੇ ਸਨ ਹੁਣ ਆਪਣੀਆਂ ਜਾਇਦਾਦਾਂ ਵੇਚਣ ਵੱਲ ਤੁਰ ਪਏ ਹਨ।
ਉਹਨਾਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਫੌਰੀ ਤੌਰ ਤੇ ਮੋਹਾਲੀ ਵਾਸਤੇ ਗਰਾਂਟਾਂ ਜਾਰੀ ਕੀਤੀਆਂ ਜਾਣ ਅਤੇ ਆਉਂਦੇ ਬਜਟ ਵਿੱਚ ਮੋਹਾਲੀ ਦੇ ਵਿਕਾਸ ਅਤੇ ਰੱਖ ਰਖਾਓ ਲਈ ਵਿਸ਼ੇਸ਼ ਰਕਮ ਰੱਖੀ ਜਾਵੇ ਤਾਂ ਜੋ ਮੋਹਾਲੀ ਦਾ ਬਹੁ ਪੱਖੀ ਵਿਕਾਸ ਹੋ ਸਕੇ।
