Follow us

05/12/2023 1:39 pm

Download Our App

Home » News In Punjabi » ਚੰਡੀਗੜ੍ਹ » ਭਗਵੰਤ ਮਾਨ ਝੋਨੇ ’ਤੇ MSP ਖਤਮ ਕਰਨ ਲਈ ਕੇਂਦਰ ਸਰਕਾਰ ਦਾ ਏਜੰਡਾ ਆਗੂ ਕਰ ਰਹੇ ਹਨ: ਹਰਸਿਮਰਤ ਬਾਦਲ

ਭਗਵੰਤ ਮਾਨ ਝੋਨੇ ’ਤੇ MSP ਖਤਮ ਕਰਨ ਲਈ ਕੇਂਦਰ ਸਰਕਾਰ ਦਾ ਏਜੰਡਾ ਆਗੂ ਕਰ ਰਹੇ ਹਨ: ਹਰਸਿਮਰਤ ਬਾਦਲ

ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਝੋਨੇ ’ਤੇ ਐਮ ਐਸ ਪੀ ਖਤਮ ਕਰਨ ਦਾ ਕੇਂਦਰ ਸਰਕਾਰ ਦਾ ਏਜੰਡਾ ਲਾਗੂ ਕਰ ਰਹੇ ਹਨ ਤੇ ਉਹਨਾਂ ਨੇ ਇਸੇ ਵਾਸਤੇ ਸੂਬੇ ਦੇ ਐਡਵੋਕੇਟ ਜਨਰਲ ਨੂੰ ਹਦਾਇਤ ਕੀਤੀ ਹੈ ਕਿ ਉਹ ਦਿੱਲੀ ਵਿਚ ਹਵਾਈ ਪ੍ਰਦੂਸ਼ਣ ’ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੂੰ ਇਸਦੀ ਸਿਫਾਰਸ਼ ਕਰਨ।

ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਅਜਿਹਾ ਕਰਨ ਨਾਲ ਪੰਜਾਬ ਪੰਜਾਹ ਸਾਲ ਪਛੜ ਜਾਵੇਗਾ ਤੇ ਇਸਦੇ ਖੇਤੀਬਾੜੀ ਅਰਥਚਾਰੇ ਨੂੰ ਵੱਡੀ ਢਾਹ ਲੱਗੇਗੀ। ਉਹਨਾਂ ਕਿਹਾ ਕਿ ਪਿਛਲੇ ਪੰਜਾਹ ਸਾਲਾਂ ਤੋਂ ਪੰਜਾਬ ਦੇਸ਼ ਦੇ ਅਨਾਜ ਭੰਡਾਰ ਭਰਨ ’ਤੇ ਲੱਗਾ ਹੋਇਆ ਹੈ। ਅਸੀਂ ਜਨਤਕ ਵੰਡ ਪ੍ਰਣਾਲੀ (ਪੀ ਡੀ ਐਸ) ਲਈ ਸਭ ਤੋਂ ਵੱਡਾ ਯੋਗਦਾਨ ਪਾਉਂਦੇ ਹਾਂ। ਹੁਣ ਐਮ ਐਸ ਪੀ ਖਤਮ ਕਰ ਕੇ ਪੰਜਾਬ ਵਿਚੋਂ ਝੋਨੇ ਦੀ ਪੈਦਾਵਾਰ ਖਤਮ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵੀ ਇਸੇ ਵਾਸਤੇ ਲਿਆਂਦੇ ਸਨ। ਉਹਨਾਂ ਕਿਹਾ ਕਿ ਭਾਵੇਂ ਕਾਨੂੰਨ ਖਤਮ ਕਰ ਦਿੱਤੇ ਗਏ ਪਰ ਕਿਸਾਨ ਅੰਦੋਲਨ ਦੌਰਾਨ 650 ਕਿਸਾਨਾਂ ਸ਼ਹੀਦ ਹੋ ਗਏ ਸਨ। ਹੁਣ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਵਿਚੋਂ ਝੋਨੇ ਦੀ ਪੈਦਾਵਾਰ ਖਤਮ ਕਰਨ ਲਈ ਕੇਂਦਰ ਸਰਕਾਰ ਦੇ ਏਜੰਡੇ ਦੀ ਇਕਪਾਸੜ ਸਿਫਾਰਸ਼ ਕਰ ਰਹੀ ਹੈ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਜਿਹਾ ਕਦਮ ਸੂਬੇ ਦੀ ਖੇਤੀਬਾੜੀ ਆਰਥਿਕਤਾ ਨੂੰ ਤਬਾਹ ਹੀ ਨਹੀਂ ਕਰੇਗਾ ਬਲਕਿ ਕਿਸਾਨਾਂ ਨੂੰ ਗਰੀਬੀ ਵੱਲ ਧੱਕੇਗਾ ਜਿਸ ਨਾਲ ਕਿਸਾਨ ਖੁਦਕੁਸ਼ੀਆਂ ਵੱਧ ਜਾਣਗੀਆਂ। ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਕੀਮਤ ’ਤੇ ਇਸ ਪੰਜਾਬ ਵਿਰੋਧੀ ਕਦਮ ਨੂੰ ਲਾਗੂ ਨਹੀਂ ਹੋਣ ਦਿਆਂਗੇ।

ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪ ਵਿਧਾਇਕਾਂ ਦਾ ਘਿਰਾਓ ਕਰਨ ਤੇ ਉਹਨਾਂ ਨੂੰ ਪੁੱਛਣ ਕਿ ਉਹ ਸੂਬੇ ਦੇ ਖੇਤੀਬਾੜੀ ਅਰਥਚਾਰੇ ਨੂੰ ਤਬਾਹ ਕਿਉਂ ਕਰਨਾ ਚਾਹੁੰਦੇ ਹਨ ਤੇ ਦਹਾਕਿਆਂ ਤੋਂ ਸਹੀ ਢੰਗ ਨਾਲ ਚਲ ਰਹੇ ਖੇਤੀਬਾੜੀ ਮੰਡੀਕਰਣ ਸਿਸਟਮ ਨੂੰ ਕਿਉਂ ਖਤਮ ਕਰਨਾ ਚਾਹੁੰਦੇ ਹਨ ਜਿਸ ਵਿਚ ਮੰਡੀਆਂ ਵੀ ਹਨ, ਸਟੋਰੇਜ ਲਈ ਥਾਂ ਤੇ ਪੇਂਡੂ ਲਿੰਕ ਸੜਕਾਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈਆਂ ਸਨ।

ਸਰਦਾਰਨੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਹਿੱਤ ਵੇਚਣ ਦੀ ਥਾਂ ਮੁੱਖ ਮੰਤਰੀ ਇਹ ਦੱਸਣ ਕਿ ਉਹਨਾਂ ਪਰਾਲੀ ਦੀ ਸੰਭਾਲ ਲਈ ਲੋੜੀਂਦੀਆਂ ਬਾਇਓਮਾਸ ਫੈਕਟਰੀ ਕਿਉਂ ਨਹੀਂ ਲਗਾ ਰਹੇ ਜਿਸਦਾ ਉਹਨਾਂ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਨਾ ਤਾਂ ਪਰਾਲੀ ਸੰਭਾਲ ਲਈ ਮੁਆਵਜ਼ਾ ਦਿੱਤਾ ਗਿਆ ਹੈ ਤੇ ਨਾ ਹੀ ਲੋੜੀਂਦੀ ਮਸ਼ੀਨਰੀ ਹੀ ਦਿੱਤੀ ਜਾ ਰਹੀਹੈ। ਉਹਨਾਂ ਕਿਹਾ ਕਿ ਜਿਹੜਾ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪਰਾਲੀ ਖਤਮ ਕਰਨ ਵਾਲਾ ਕੈਮੀਕਲ ਪੰਜਾਬ ਨੂੰ ਦੇਣ ਦੀ ਗੱਲ ਕਹੀ ਸੀ, ਉਹ ਵੀ ਕਿਸੇ ਨਹੀਂ ਦਿਸਦਾ।

ਸਰਦਾਰਨੀ ਬਾਦਲ ਨੇ ਕਿਹਾ ਕਿ ਉਹ 2022 ਤੋਂ ਪੰਜਾਬੀਆਂ ਨੂੰ ਪੰਜਾਬ ਖਿਲਾਫ ਆਪ ਦੀਆਂ ਸਾਜ਼ਿਸ਼ਾਂ ਪ੍ਰਤੀ ਜਾਗਰੂਕ ਕਰਦੇ ਆ ਰਹੇ ਹਨ। ਉਹਨਾ ਕਿਹਾ ਕਿ ਇਹ ਦੂਜੀ ਵਾਰ ਹੈ ਜਦੋਂ ਆਪ ਨੇ ਸੁਪਰੀਮ ਕੋਰਟ ਵਿਚ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਹੈ। ਪਹਿਲਾਂ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਉਹ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਵਾਸਤੇ ਤਿਆਰ ਹੈ ਪਰ ਵਿਰੋਧੀ ਧਿਰ ਵਿਰੋਧ ਕਰਦੀ ਹੈ। ਇਸ ਮਗਰੋਂ ਮੁੱਖ ਮੰਤਰੀ ਨੇ ਚੰਡੀਗੜ੍ਹ ਵਿਚ ਹਰਿਆਣਾ ਲਈ ਵਿਧਾਨ ਸਭਾ ਦੀ ਤਜਵੀਜ਼ ’ਤੇ ਸਖ਼ਤ ਸਟੈਂਡ ਨਾ ਲੈ ਕੇ ਪੰਜਾਬ ਦੇ ਹਿੱਤ ਵੇਚੇ ਜਿਸ ਤੋਂ ਸਪਸ਼ਟ ਹੋਇਆ ਕਿ ਸੂਬੇ ਨਾਲ ਸਬੰਧਤ ਸਾਰੇ ਅਹਿਮ ਮਸਲਿਆਂ ’ਤੇ ਪੰਜਾਬ ਦਾ ਸਟੈਂਡ ਮੁੱਖ ਮੰਤਰੀ ਕਮਜ਼ੋਰ ਕਰ ਰਹੇ ਹਨ।


ਸਰਦਾਰਨੀ ਬਾਦਲ ਨੇ ਕਿਹਾ ਕਿ ਝੋਨੇ ਦੀ ਪੈਦਾਵਾਰ ਸੂਬੇ ਦੇ ਕਿਸਾਨਾਂ ਦੀ ਜ਼ਿੰਦਗੀ ਨਾਲ ਜੁੜੀ ਹੈ। ਇਸ ਫਸਲ ਦੇ ਸਦਕਾ ਹੀ ਕਿਸਾਨ ਆਪਣੇ ਘਰ ਚਲਾਉਂਦੇ ਹਨ ਤੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਹਨ। ਝੋਨੇ ’ਤੇ ਨਿਸ਼ਚਿਤ ਐਮ ਐਸ ਪੀ ਦਾ ਮਤਲਬ ਹੈ ਆਮਦਨ ਤੇ ਸਥਿਰਤਾ। ਅਸੀਂ ਇਸ ਸਥਿਰਤਾ ਨੂੰ ਟੁੱਟਣ ਨਹੀਂ ਦਿਆਂਗੇ।

dawn punjab
Author: dawn punjab

Leave a Comment

RELATED LATEST NEWS