ਚੰਡੀਗੜ੍ਹ::
ਅਜ ਸੋਮਵਾਰ ਨੂੰ ਵੀ ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਇਸ ਸਬੰਧੀ ਗ੍ਰਹਿ ਮੰਤਰਾਲੇ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ। ਇਸ ਤਹਿਤ ਸੋਮਵਾਰ 26 ਫਰਵਰੀ ਤੱਕ ਇੰਟਰਨੈੱਟ ਬੰਦ ਕਰਨ ਦੇ ਪਹਿਲੇ ਹੁਕਮ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਹੁਕਮ ਨਾਲ 20 ਥਾਣਿਆਂ ਦੇ ਅਧਿਕਾਰ ਖੇਤਰ ਪ੍ਰਭਾਵਿਤ ਹੋਣਗੇ। ਕੇਂਦਰ ਸਰਕਾਰ ਨੇ ਇਹ ਹੁਕਮ ਇੰਡੀਅਨ ਟੈਲੀਗ੍ਰਾਫ ਐਕਟ 1985 ਦੀ ਧਾਰਾ 7 ਤਹਿਤ ਜਾਰੀ ਕੀਤਾ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਬੰਦ ਹੋਣ ਦਾ ਮੁੱਦਾ ਉਠਾਇਆ ਸੀ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਗੱਲ ਨੂੰ ਨਜ਼ਰਅੰਦਾਜ਼ ਕਰਦਿਆਂ ਕੇਂਦਰ ਨੇ ਆਪਣੇ ਹੁਕਮਾਂ ਨੂੰ ਅੱਗੇ ਵੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਮਾਨ ਨੇ ਕੇਂਦਰ ਨੂੰ ਪੱਤਰ ਲਿਖ ਕੇ ਤੁਰੰਤ ਪ੍ਰਭਾਵ ਨਾਲ ਇੰਟਰਨੈੱਟ ਚਾਲੂ ਕਰਨ ਲਈ ਕਿਹਾ ਸੀ ਅਤੇ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਵਿੱਚ ਵੀ ਇਹ ਮੁੱਦਾ ਉਠਾਇਆ ਸੀ।
ਜਾਣਕਾਰੀ ਲਈ ਦੱਸ ਦਈਏ ਕਿ, ਪਟਿਆਲਾ ਜ਼ਿਲ੍ਹੇ ਦੇ ਥਾਣਾ ਸ਼ੰਭੂ, ਜੁਲਕਾਂ, ਪਸਿਆਣਾ, ਪਾਤੜਾਂ, ਸ਼ੁਤਰਾਣਾ, ਸਮਾਣਾ, ਘਨੌਰ, ਦੇਵੀਗੜ੍ਹ ਅਤੇ ਬਲਬੇੜਾ ਵਿੱਚ ਇੰਟਰਨੈੱਟ ਸੇਵਾ ਬੰਦ ਰਹੇਗੀ। ਇਸ ਤੋਂ ਇਲਾਵਾ ਮੁਹਾਲੀ ਦੇ ਥਾਣਾ ਲਾਲੜੂ, ਬਠਿੰਡਾ ਦੇ ਥਾਣਾ ਸੰਗਤ, ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਖਿਆਲਾਂਵਾਲੀ, ਮਾਨਸਾ ਦੇ ਥਾਣਾ ਸਰਦੂਲਗੜ੍ਹ, ਸੰਗਰੂਰ ਦੇ ਥਾਣਾ ਖਨੌਰੀ, ਮੂਨਕ, ਲਹਿਰਾ, ਸੁਨਾਮ, ਝੱਜੀ ਅਤੇ ਥਾਣਾ ਫਤਿਹਗੜ੍ਹ ਸਾਹਿਬ ਦੇ ਥਾਣਾ ਸਦਰ ਇਲਾਕੇ ਵਿੱਚ ਇੰਟਰਨੈੱਟ ਸੇਵਾ ਠੱਪ ਰਹੇਗੀ।