ਚੰਡੀਗੜ੍ਹ: ਇੰਡੀਆ ਗਠਜੋੜ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦਿੰਦਿਆਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਇੱਥੇ ਏ.ਆਈ.ਸੀ.ਸੀ ਜਨਰਲ ਸਕੱਤਰ ਰਾਜੀਵ ਸ਼ੁਕਲਾ ਨਾਲ ਯੂਥ ਕਾਂਗਰਸ ਦੀ ਕਨਵੈਨਸ਼ਨ ਨੂੰ ਸੰਬੋਧਨ ਕੀਤਾ।
ਇਸ ਮੌਕੇ ਸੁੱਖੂ ਨੇ ਸ਼ਹਿਰ ਵਾਸੀਆਂ ਨੂੰ ਤਿਵਾੜੀ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਪਹਿਲਾਂ ਹੀ ਇੱਕ ਸ਼ਾਨਦਾਰ ਸੰਸਦ ਮੈਂਬਰ ਅਤੇ ਇੱਕ ਸਫਲ ਕੇਂਦਰੀ ਮੰਤਰੀ ਸਾਬਤ ਹੋ ਚੁੱਕੇ ਹਨ। ਸੁੱਖੂ ਨੇ ਐਨਐਸਯੂਆਈ ਅਤੇ ਯੂਥ ਕਾਂਗਰਸ ਦੇ ਦਿਨਾਂ ਦੌਰਾਨ ਤਿਵਾੜੀ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਉਨ੍ਹਾਂ ਨੇ ਤਿਵਾੜੀ ਨੂੰ ਹਮੇਸ਼ਾ ਈਮਾਨਦਾਰ, ਵਚਨਬੱਧ ਅਤੇ ਮਿਹਨਤੀ ਵਿਅਕਤੀ ਵਜੋਂ ਪਾਇਆ ਹੈ।
ਇਸ ਦੌਰਾਨ ਬੋਲਦਿਆਂ, ਏ.ਆਈ.ਸੀ.ਸੀ. ਦੇ ਜਨਰਲ ਸਕੱਤਰ ਰਾਜੀਵ ਸ਼ੁਕਲਾ ਨੇ ਕਿਹਾ ਕਿ ਚੰਡੀਗੜ੍ਹ ਨੂੰ ਇੱਕ ਅਜਿਹਾ ਨੁਮਾਇੰਦਾ ਮਿਲੇਗਾ, ਜਿਸਦਾ ਕੌਮੀ ਪੱਧਰ ਦਾ ਕੱਦ ਹੋਵੇ ਅਤੇ ਦੇਸ਼ ਭਰ ਵਿੱਚ ਜਾਣਿਆ ਜਾਂਦਾ ਹੋਵੇ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਚੰਡੀਗੜ੍ਹ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਤਿਵਾੜੀ ਸਭ ਤੋਂ ਵਧੀਆ ਉਮੀਦਵਾਰ ਹਨ।
ਇਸ ਮੌਕੇ ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਭਾਨਾ ਨੇ ਕਿਹਾ ਕਿ ਤਿਵਾੜੀ ਨੇ ਪਾਰਟੀ ਵਰਕਰਾਂ ਵਿੱਚ ਨਵੀਂ ਊਰਜਾ ਭਰੀ ਹੈ ਅਤੇ ਉਨ੍ਹਾਂ ਦੀ ਜੁਝਾਰੂ ਸ਼ਖਸੀਅਤ ਕਾਰਨ ਵਰਕਰ ਉਤਸ਼ਾਹਤ ਤੇ ਊਰਜਾਵਾਨ ਮਹਿਸੂਸ ਕਰ ਰਹੇ ਹਨ।
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ ਲੱਕੀ ਨੇ ਭਰੋਸਾ ਦਿਵਾਇਆ ਕਿ ਤਿਵਾੜੀ ਰਿਕਾਰਡ ਫਰਕ ਨਾਲ ਚੋਣ ਜਿੱਤਣਗੇ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਲੋਕਾਂ ਵੱਲੋਂ ਮਿਲੇ ਹੁੰਗਾਰੇ ਅਨੁਸਾਰ ਇਸ ਵਾਰ ਕਾਂਗਰਸ ਪਾਰਟੀ ਦੀ ਰਿਕਾਰਡ ਤੋੜ ਜਿੱਤ ਹੋਵੇਗੀ।
ਮਨੀਸ਼ ਤਿਵਾੜੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁੱਖੂ ਅਤੇ ਰਾਜੀਵ ਸ਼ੁਕਲਾ ਦਾ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਚੰਡੀਗੜ੍ਹ ਦੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਗੇ।
ਸਾਬਕਾ ਕੇਂਦਰੀ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਦੇਸ਼ ਭਰ ਵਿੱਚ ਬਦਲਾਅ ਦੀ ਹਵਾ ਚੱਲ ਰਹੀ ਹੈ ਅਤੇ ਇਹ ਤੈਅ ਹੈ ਕਿ 4 ਜੂਨ ਤੋਂ ਬਾਅਦ ਇੰਡੀਆ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਬਦਲਾਅ ਦੀ ਭਾਵਨਾ ਪੂਰੇ ਦੇਸ਼ ਵਿੱਚ ਸਾਫ਼ ਤੌਰ ਤੇ ਦੇਖਣ ਨੂੰ ਮਿਲ ਰਹੀ ਹੈ ਅਤੇ ਇਹ ਵੋਟਿੰਗ ਪੈਟਰਨ ਵਿੱਚ ਵੀ ਦਿਖਾਈ ਦੇ ਰਹੀ ਹੈ।
