ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਘੱਟੋਂ ਘੱਟ ਪੰਜ ਬੂਟੇ ਲਗਾਉਣ ਦੀ ਕੀਤੀ ਅਪੀਲ
ਸਾਲ 2023-24 ਦੌਰਾਨ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਵਿੱਚ ਲਗਾਏ ਕਰੀਬ 33000 ਪੌਦੇ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਹਰਿਆਵਲ ਮੁਹਿੰਮ ਤਹਿਤ ਅੱਜ ਸੈਕਟਰ 66 ਵਿਖੇ ਸਥਿਤ ਮੰਡੀ ਬੋਰਡ ਦੀ ਕਲੌਨੀ ਵਿੱਚ ਫ਼ਲਦਾਰ, ਛਾਂ ਵਾਲੇ ਅਤੇ ਮੈਡੀਸਨ ਦੇ ਪੌਦੇ ਲਗਾਏ ਗਏ। ਜਿਨ੍ਹਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਉੱਥੇ ਦੇ ਵਸਨੀਕਾਂ ਨੂੰ ਸੌਂਪੀ ਗਈ। ਇਸ ਮੌਕੇ ਚੇਅਰਮੈਨ ਵੱਲੋਂ ਰੁੱਖਾਂ ਦੀ ਸੰਭਾਲ ਅਤੇ ਗਲੋਬਲ ਵਾਰਮਿੰਗ ਕਰਕੇ ਹੋ ਰਹੇ ਵਾਤਾਵਰਣ ਦੇ ਨੁਕਸਾਨ ਬਾਰੇ ਆਪਣੇ ਵਿਚਾਰ ਰੱਖਦਿਆਂ ਸਾਰੇ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਆਲੇ-ਦੁਆਲੇ ਪੰਜ-ਪੰਜ ਬੂਟੇ ਲਾਜ਼ਮੀ ਲਗਾਉਣ ਲਈ ਉਤਸਾਹਿਤ ਕੀਤਾ ਗਿਆ।
ਸ. ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਬਹੁਤ ਜਰੂਰੀ ਹਨ ਅਤੇ ਸ਼ਹੀਦ ਭਗਤ ਸਿੰਘ ਹਰਿਆਵਲ ਮੁਹਿੰਮ ਤਹਿਤ ਸਾਲ 2023-24 ਦੌਰਾਨ ਪੰਜਾਬ ਰਾਜ ਦੀਆਂ ਵੱਖ-ਵੱਖ ਮੰਡੀਆਂ ਵਿੱਚ ਅਧਿਕਾਰੀਆਂ, ਕਰਮਚਾਰੀਆਂ, ਆੜ੍ਹਤੀ ਐਸੋਸੀਏਸ਼ਨਾਂ ਅਤੇ ਐਨ.ਜੀ.ਓਜ਼ ਦੇ ਸਹਿਯੋਗ ਨਾਲ ਕਰੀਬ 33 ਹਜਾਰ ਫਲਦਾਰ, ਛਾਂ ਵਾਲੇ ਅਤੇ ਮੈਡੀਸਨ ਦੇ ਪੌਦੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜੇਕਰ ਇਹ ਪੌਦੇ ਟੈਂਡਰ ਪ੍ਰਕਿਰਿਆ ਰਾਹੀਂ ਸਰਕਾਰੀ ਰੇਟਾਂ ਤੇ ਲਗਵਾਏ ਜਾਂਦੇ ਤਾਂ ਇਨ੍ਹਾਂ ਪੌਦਿਆਂ ਨੂੰ ਲਗਾਉਣ ਤੇ ਲਗਭੱਗ 8.85 ਕਰੋੜ ਰੁਪਏ ਦਾ ਖਰਚਾ ਆਉਣਾ ਸੀ। ਪਰ ਆੜ੍ਹਤੀ ਐਸੋਸੀਏਸ਼ਨਾਂ, ਐਨ.ਜੀ.ਓਜ਼ ਅਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਸਦਕਾ ਇਹ ਪੌਦੇ ਫਰੀ ਆਫ ਕਾਸਟ ਲਗਾਏ ਗਏ ਹਨ, ਜਿਸ ਨਾਲ ਪੰਜਾਬ ਮੰਡੀ ਬੋਰਡ ਉੱਪਰ ਕੋਈ ਵਿੱਤੀ ਬੋਝ ਵੀ ਨਹੀਂ ਪਿਆ।
ਚੇਅਰਮੈਨ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਬੂਟੇ ਲਗਾਏ ਜਾਂਦੇ ਰਹਿੰਗੇ। ਉਨ੍ਹਾਂ ਦੱਸਿਆ ਕਿ ਪ੍ਰਦੂਸ਼ਣ ਦੇ ਖਾਤਮੇ ਅਤੇ ਹਰਿਆਲੀ ਨੂੰ ਵਧਾਉਣ ਦੇ ਲਈ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿਖੇ 7880 ਵਰਗ ਫੁੱਟ ਖੇਤਰ ਵਿੱਚ 700 ਰੁੱਖਾ ਦਾ ਜੰਗਲ ਲਗਾਇਆ ਹੋਇਆ ਹੈ। ਇਸ ਮੌਕੇ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਸਕੱਤਰ, ਮੰਡੀ ਬੋਰਡ, ਸ. ਗੁਰਦੀਪ ਸਿੰਘ, ਇੰਜੀਨਿਅਰ-ਇਨ-ਚੀਫ, ਸ. ਗੁਰਿੰਦਰ ਸਿੰਘ ਚੀਮਾ, ਮੁੱਖ ਇੰਜੀਨੀਅਰ, ਸ. ਸੁਖਵਿੰਦਰ ਸਿੰਘ, ਕਾਰਜਕਾਰੀ ਇੰਜੀਨਿਅਰ ਸਮੇਤ ਸਮੂਹ ਅਧਿਕਾਰੀ ਮੌਜੂਦ ਰਹੇ।