5 ਜਿੰਦਗੀਆਂ ਬਚਾਉਂਦਾ ਹੈ ਇੱਕ ਖੂਨਦਾਨੀ : ਕੁਲਜੀਤ ਸਿੰਘ ਬੇਦੀ
ਖੂਨਦਾਨ ਜ਼ਿੰਦਗੀ ਬਚਾਉਣ ਵਾਲਾ ਮਹਾਂਦਾਨ : ਜਥੇਦਾਰ ਅਮਰੀਕ ਸਿੰਘ ਮੋਹਾਲੀ
ਐਸ.ਏ.ਐਸ ਨਗਰ: Blood donation: ਮੋਹਾਲੀ ਦੇ ਫੇਜ਼ 2 ਦੇ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਵਿਖੇ ਡਾ. ਇਕਬਾਲ ਕੌਰ ਦੀ ਯਾਦ ‘ਚ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਡਿਪਟੀ ਮੇਅਰ ਮੋਹਾਲੀ ਕੁਲਜੀਤ ਸਿੰਘ ਬੇਦੀ, ਮੋਹਾਲੀ ਨਗਰ ਨਿਗਮ ਦੇ ਸਾਬਕਾ ਪ੍ਰਧਾਨ ਜਥੇਦਾਰ ਅਮਰੀਕ ਸਿੰਘ ਮੋਹਾਲੀ, ਸਮਾਜ ਸੇਵੀ ਰਾਜਾ ਕੰਵਰਜੋਤ ਸਿੰਘ ਮੋਹਾਲੀ ਨੇ ਹਾਜਰੀ ਲਵਾਈ ਅਤੇ ਖੂਨਦਾਨੀਆਂ ਦਾ ਉਤਸ਼ਾਹ ਵਧਾਇਆ। ਚੰਡੀਗੜ੍ਹ ਦੇ ਸੈਕਟਰ 16 ਦੇ ਸਰਕਾਰੀ ਹਸਪਤਾਲ ਤੋਂ ਆਈ ਟੀਮ ਨੇ 30 ਯੂਨਿਟ ਖੂਨ ਇਕੱਤਰ ਕੀਤਾ।
ਇਸ ਮੌਕੇ ਬੋਲਦਿਆਂ ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ ਨਗਰ ਨਿਗਮ ਮੋਹਾਲੀ ਨੇ ਕਿਹਾ ਕਿ ਇੱਕ ਖੂਨਦਾਨੀ ਪੰਜ ਲੋਕਾਂ ਦੀ ਜਾਨ ਬਚਾਉਂਦਾ ਹੈ ਇਸ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਖੂਨਦਾਨ ਕਰਨਾ ਚਾਹੀਦਾ ਹੈ। ਜਥੇਦਾਰ ਅਮਰੀਕ ਸਿੰਘ ਮੋਹਾਲੀ ਨੇ ਕਿਹਾ ਕਿ ਖੂਨਦਾਨ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਹੋ ਸਕਦਾ ਕਿਉਂਕਿ ਇਹ ਜ਼ਿੰਦਗੀ ਬਚਾਉਣ ਵਾਲਾ ਦਾਨ ਹੈ। ਉਹਨਾਂ ਕਿਹਾ ਕਿ ਅੱਜ ਖੂਨਦਾਨੀਆਂ ਦੀ ਲੋੜ ਹੋਰ ਵੀ ਵੱਧ ਰਹੀ ਹੈ ਕਿਉਂਕਿ ਹਸਪਤਾਲਾਂ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਮਰੀਜ਼ ਹਨ ਜਿਨਾਂ ਨੂੰ ਖੂਨ ਦੀ ਲੋੜ ਹੈ। ਰਾਜਾ ਕੰਵਰਜੋਤ ਸਿੰਘ ਮੋਹਾਲੀ ਨੇ ਕਿਹਾ ਕਿ ਖੂਨ ਦਾਨ ਕਰਨ ਵਾਲਾ ਸਗੋਂ ਜਿਆਦਾ ਸਿਹਤਮੰਦ ਰਹਿੰਦਾ ਹੈ ਅਤੇ ਖੂਨ ਦਾਨ ਕਰਨ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ।
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁਖੀ ਸ. ਜੋਗਿੰਦਰ ਸਿੰਘ ਸੋਂਧੀ ਨੇ ਕਿਹਾ ਕਿ ਡਾਕਟਰ ਇਕਬਾਲ ਕੌਰ ਇਸ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਦੇ ਰਹੇ ਹਨ ਪਿਛਲੇ ਸਾਲ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਹਨਾਂ ਕਿਹਾ ਕਿ ਉਹਨਾਂ ਦੀ ਯਾਦ ਵਿੱਚ ਪਰਿਵਾਰ ਵੱਲੋਂ ਇਹ ਖੂਨਦਾਨ ਕੈਂਪ ਲਗਾ ਕੇ ਬਹੁਤ ਵੱਡੀ ਸੇਵਾ ਦਾ ਕੰਮ ਕੀਤਾ ਗਿਆ ਹੈ।
ਡਾਕਟਰ ਇਕਬਾਲ ਕੌਰ ਦੇ ਪਤੀ ਸ. ਇਕਬਾਲ ਇੰਦਰ ਸਿੰਘ ਨੇ ਸਾਰੇ ਖੂਨਦਾਨੀਆਂ ਅਤੇ ਹਾਜ਼ਰ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾਕਟਰਾਂ ਦੀ ਸਮੁੱਚੀ ਟੀਮ ਨੂੰ ਸਿਰੋਪਾ ਦੇ ਕੇ ਸਨਮਾਨ ਕੀਤਾ ਗਿਆ ਅਤੇ ਸਮੂਹ ਖੂਨਦਾਨੀਆਂ ਨੂੰ ਸਰਕਾਰੀ ਹਸਪਤਾਲ ਦੇ ਬਲੱਡ ਸੈਂਟਰ ਵੱਲੋਂ ਸਰਟੀਫਿਕੇਟ ਦਿੱਤੇ ਗਏ।