Follow us

29/11/2023 11:26 am

Download Our App

Home » News In Punjabi » ਚੰਡੀਗੜ੍ਹ » ਭਾਸ਼ਾ ਵਿਭਾਗ ਮੋਹਾਲੀ ਵੱਲੋਂ “ਮੱਲ੍ਹਮ” ਕਾਵਿ- ਸੰਗ੍ਰਹਿ ਤੇ ਵਿਚਾਰ ਚਰਚਾ

ਭਾਸ਼ਾ ਵਿਭਾਗ ਮੋਹਾਲੀ ਵੱਲੋਂ “ਮੱਲ੍ਹਮ” ਕਾਵਿ- ਸੰਗ੍ਰਹਿ ਤੇ ਵਿਚਾਰ ਚਰਚਾ

 ਐਸ.ਏ.ਐਸ.ਨਗਰ : ਜ਼ਿਲ੍ਹਾ ਭਾਸ਼ਾ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਅੱਜ ਡਾ. ਕੁਲਜੀਤ ਸਿੰਘ ਜੰਜੂਆ ਦੇ ਕਾਵਿ- ਸੰਗ੍ਰਹਿ ‘ਮੱਲ੍ਹਮ’ ਨੂੰ ਲੋਕ ਅਰਪਣ ਅਤੇ ਵਿਚਾਰ ਚਰਚਾ ਕੀਤੀ ਗਈ।

ਵਿਚਾਰ ਚਰਚਾ ਦੀ ਪ੍ਰਧਾਨਗੀ ਡਾ. ਦੀਪਕ ਮਨਮੋਹਨ ਸਿੰਘ, ਮੁੱਖ ਮਹਿਮਾਨ ਵਜੋਂ ਡਾ. ਲਖਵਿੰਦਰ ਸਿੰਘ ਜੌਹਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਭੀਮਇੰਦਰ ਸਿੰਘ ਅਤੇ ਡਾ. ਸ਼ਿੰਦਰਪਾਲ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ।

ਸਮਾਗਮ ਦੇ ਆਰੰਭ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ। ਉਨ੍ਹਾਂ ਡਾ. ਕੁਲਜੀਤ ਸਿੰਘ ਜੰਜੂਆ ਦੇ ਕਾਵਿ-ਸੰਗ੍ਰਹਿ ‘ਮੱਲ੍ਹਮ’ ਲਈ ਮੁਬਾਰਕਬਾਦ ਦਿੰਦਿਆਂ ਇਸ ਨੂੰ ਮਾਨਵੀ ਸੰਵੇਦਨਾਵਾਂ ਨਾਲ ਲਬਰੇਜ਼ ਸ਼ਾਇਰੀ ਆਖਿਆ।

ਡਾ. ਬੋਹਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਸਮੂਹ ਪ੍ਰਧਾਨਗੀ ਮੰਡਲ ਵੱਲੋਂ ‘ਮੱਲ੍ਹਮ’ ਕਾਵਿ ਸੰਗ੍ਰਹਿ ਲੋਕ ਅਰਪਣ ਕਰਨ ਉਪਰੰਤ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਦੀਪਕ ਮਨਮੋਹਨ ਸਿੰਘ ਵੱਲੋਂ ਕਿਹਾ ਗਿਆ ਕਿ ਹਥਲੀ ਪੁਸਤਕ ਜ਼ਿੰਦਗੀ ਨੂੰ ਰੱਜ ਕੇ ਅਤੇ ਚੱਜ ਨਾਲ ਜਿਊਣ ਦਾ ਪ੍ਰਵਚਨ ਸਿਰਜਦੀ ਹੈ। ਇਸ ਕਵਿਤਾ ਅੰਦਰ ਸਮੁੱਚੀ ਕਾਇਨਾਤ ਦੀ ਮੁਹੱਬਤ ਸਮਾਈ ਹੈ।

ਮੁੱਖ ਮਹਿਮਾਨ ਡਾ. ਲਖਵਿੰਦਰ ਸਿੰਘ ਜੌਹਲ ਵੱਲੋਂ ਕਿਹਾ ਗਿਆ ਕਿ ਲੇਖਕ ਦਾ ਪਰਵਾਸੀ ਧਰਤੀ ‘ਤੇ ਵਿਚਰਦਿਆਂ ਵੀ ਪਿੰਡ ਨਾਲ ਸੰਵਾਦ ਵਿਚ ਰਹਿਣਾ ਡਾ. ਜੰਜੂਆ ਦੀ ਕਵਿਤਾ ਦਾ ਇਹ ਸਿਖ਼ਰ ਹੈ। ਵਿਸ਼ੇਸ਼ ਮਹਿਮਾਨ ਵਜੋਂ ਡਾ. ਭੀਮਇੰਦਰ ਸਿੰਘ ਵੱਲੋਂ ਪੁਸਤਕ ਦੇ ਲੋਕ ਅਰਪਣ ’ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਕਵਿਤਾ ਸਮਾਜਿਕ ਅਤੇ ਕੁਦਰਤੀ ਚੌਗਿਰਦੇ ਸਬੰਧੀ ਚਿੰਤਾ ਅਤੇ ਚਿੰਤਨ ਦੀ ਕਵਿਤਾ ਹੈ।

ਡਾ. ਸ਼ਿੰਦਰਪਾਲ ਸਿੰਘ ਨੇ ਪੁਸਤਕ ਬਾਰੇ ਬੋਲਦਿਆਂ ਆਖਿਆ ਕਿ ਪਲੇਠੀ ਸਿਰਜਣਾ ਹੋਣ ਦੇ ਬਾਵਜੂਦ ਇਸ ਵਿਚ ਬਹੁਤ ਪਰਿਪੱਕ ਕਵਿਤਾਵਾਂ ਹਨ। ਉਨ੍ਹਾਂ ਆਖਿਆ ਕਿ ਇਹ ਸ਼ਾਇਰੀ ਮਾਨਵਤਾ ਵਿਚ ਵਿਸ਼ਵਾਸ ਦ੍ਰਿੜ ਕਰਦੀ ਨਾਰੀ ਨੂੰ ਸ਼੍ਰਿਸਟੀ ਦਾ ਮੂਲ ਧੁਰਾ ਅਤੇ ਸੰਚਾਲਕ ਸ਼ਕਤੀ ਥਾਪਦੀ ਹੈ। ਡਾ. ਮੋਹਨ ਤਿਆਗੀ ਵੱਲੋਂ ‘ਮੱਲ੍ਹਮ ਕਾਵਿ-ਸੰਗ੍ਰਹਿ ਦੀ ਦ੍ਰਿਸ਼ਟੀਗਤ ਚੇਤਨਾ’ ਵਿਸ਼ੇ ‘ਤੇ ਪ੍ਰਭਾਵਪੂਰਨ ਪਰਚਾ ਪੜ੍ਹਦੇ ਹੋਏ ਕਿਹਾ ਕਿ ਅਜੋਕੇ ਸਮਾਜ, ਮਨੁੱਖ ਅਤੇ ਹਾਲਾਤਾਂ ਦੇ ਮੱਦੇਨਜ਼ਰ ਇਸ ਕਵਿਤਾ ਵਿਚਲਾ ਮੱਲ੍ਹਮ ਦਾ ਮੈਟਾਫ਼ਰ ਬਿਲਕੁਲ ਢੁੱਕਵਾਂ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਡਾ.ਜੰਜੂਆ ਦੀ ਕਵਿਤਾ ਮਹਿਜ਼ ਸੁਹਜਮਈ ਵਰਤਾਰਾ ਨਹੀਂ ਸਗੋਂ ਤਬਦੀਲੀ ਦਾ ਸਸ਼ੱਕਤ ਹਥਿਆਰ ਹੈ। ਡਾ. ਗੁਰਜੰਟ ਸਿੰਘ ਵੱਲੋਂ ‘ਮੱਲ੍ਹਮ’ ਕਾਵਿ-ਸੰਗ੍ਰਹਿ ਦੀਆਂ ਸੰਚਾਰਗਤ ਜੁਗਤਾਂ’ ਵਿਸ਼ੇ ‘ਤੇ ਪਰਚਾ ਪੜ੍ਹਦੇ ਹੋਏ ਕਿਹਾ ਕਿ ਡਾ. ਜੰਜੂਆ ਦੀ ਕਵਿਤਾ ਅਣਮਨੁੱਖੀ ਘਟਨਾਵਾਂ ਦੇ ਸਥਾਪਤ ਪ੍ਰਵਚਨ ਨੂੰ ਡੂੰਘੀ ਵੇਦਨਾ ਸਹਿਤ ਪੇਸ਼ ਕਰਦੀ ਹੈ ਅਤੇ ਜ਼ਿਹਨੀ ਅਤੇ ਜਿਸਮਾਨੀ ਫੱਟਾਂ ਤੋਂ ਪੈਦਾ ਹੋਈ ਪੀੜ ‘ਤੇ ਮੱਲ੍ਹਮ ਵਾਂਗ ਕੰਮ ਕਰਦੀ ਹੈ।

ਡਾ. ਕੰਵਰ ਜਸਮਿੰਦਰ ਪਾਲ ਸਿੰਘ ਵੱਲੋਂ ਡਾ. ਕੁਲਜੀਤ ਸਿੰਘ ਜੰਜੂਆ ਨੂੰ ਮੱਲ੍ਹਮ ਪੁਸਤਕ ਦੀ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਇਸ ਕਵਿਤਾ ਦਾ ਸਮੁੱਚਾ ਅਵਚੇਤਨ ਪੰਜਾਬ ਅਤੇ ਪੰਜਾਬੀਅਤ ਦਾ ਲਬਰੇਜ਼ ਹੈ। ਉਨ੍ਹਾਂ ਵੱਲੋਂ ਇਹ ਵੀ ਆਖਿਆ ਗਿਆ ਕਿ ਕਿਤਾਬ ਵਿਚ ਸ਼ਾਮਲ ਕਵਿਤਾਵਾਂ ਪੰਜਾਬੀਅਤ ਦੇ ਜ਼ਖ਼ਮਾਂ ‘ਤੇ ਵਾਕਿਆ ਹੀ ਮੱਲ੍ਹਮ ਦਾ ਕੰਮ ਕਰਦੀਆਂ ਹਨ।

ਇਨ੍ਹਾਂ ਤੋਂ ਇਲਾਵਾ ਸ਼੍ਰੀ ਸੁਰਿੰਦਰ ਸਿੰਘ ਸੁਨੰੜ ਅਤੇ ਸ਼੍ਰੀ ਰਾਜਿੰਦਰ ਸਿੰਘ ਧੀਮਾਨ ਵੱਲੋਂ ਵੀ ਵਿਚਾਰ ਚਰਚਾ ਵਿਚ ਹਿੱਸਾ ਲੈਂਦਿਆ ਪੁਸਤਕ ਦੀ ਬਣਤਰ ਅਤੇ ਬੁਣਤਰ ਬਾਰੇ ਆਪਣੇ ਵਿਚਾਰ ਰੱਖ ਗਏ। ਇਸ ਮੌਕੇ ਸੁਖਪ੍ਰੀਤ ਕੌਰ ਵੱਲੋਂ ਮੱਲ੍ਹਮ ਕਵਿਤਾ ਦਾ ਪਾਠ ਵੀ ਕੀਤਾ ਗਿਆ। ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਕਾਰਜ਼ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ। ਇਸ ਵਿਚਾਰ ਚਰਚਾ ਵਿਚ ਪ੍ਰੋ. ਦਿਲਬਾਗ ਸਿੰਘ, ਪ੍ਰੋ. ਨਿਰਮਲ ਸਿੰਘ ਬਾਸੀ, ਕੇਵਲਜੀਤ ਸਿੰਘ ਕੰਵਲ ,ਮਨਜੀਤ ਪਾਲ ਸਿੰਘ, ਗੁਰਦਰਸ਼ਨ ਸਿੰਘ ਮਾਵੀ, ਗੁਰਚਰਨ ਸਿੰਘ, ਧਿਆਨ ਸਿੰਘ ਕਾਹਲੋਂ, ਮਨਜੀਤ ਸਿੰਘ, ਜਤਿੰਦਰਪਾਲ ਸਿੰਘ, ਹਰਮਨਦੀਪ ਸਿੰਘ ਅਤੇ ਜਪਨੀਤ ਕੌਰ ਵੱਲੋਂ ਵੀ ਸ਼ਿਰਕਤ ਕੀਤੀ ਗਈ।

ਸਮਾਗਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

dawn punjab
Author: dawn punjab

Leave a Comment

RELATED LATEST NEWS