ਭਾਜਪਾ ਨੇ ਮਾਰਿਆ ਪੰਜਾਬੀਆਂ ਦੀ ਪਿੱਠ ਵਿੱਚ ਇੱਕ ਹੋਰ ਛੁਰਾ : ਕੁਲਜੀਤ ਸਿੰਘ ਬੇਦੀ
ਜਾਖੜ ਤੇ ਬਿੱਟੂ ਆਪਣਾ ਸਟੈਂਡ ਸਪਸ਼ਟ ਕਰਨ ਜਾਂ ਦੇਣ ਅਸਤੀਫਾ : ਕੁਲਜੀਤ ਸਿੰਘ ਬੇਦੀ
ਮੋਹਾਲੀ : ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਚੰਡੀਗੜ੍ਹ ਵਿੱਚ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਲਈ ਦਸ ਏਕੜ ਜਗ੍ਹਾ ਦਿੱਤੇ ਜਾਣ ਉੱਤੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ ਭਾਜਪਾ ਦਾ ਪੰਜਾਬ ਦੀ ਪਿੱਠ ਵਿੱਚ ਇੱਕ ਹੋਰ ਛੁਰਾ ਗਰਦਾਣਿਆ ਹੈ। ਉਹਨਾਂ ਕਿਹਾ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਆਪਣੇ ਆਪ ਨੂੰ ਮੌਜੂਦਾ ਪੰਜਾਬ ਦਾ ਮਸੀਹਾ ਸਾਬਤ ਕਰਨ ਦਾ ਢੋਲ ਪਿੱਟਣ ਵਾਲੇ ਰਵਨੀਤ ਸਿੰਘ ਬਿੱਟੂ ਇਸ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਨਹੀਂ ਤਾਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਚੰਡੀਗੜ੍ਹ ਨੂੰ ਪੰਜਾਬ ਦੇ ਪਿੰਡ ਉਜਾੜ ਕੇ ਬਣਾਇਆ ਗਿਆ ਸੀ ਤੇ ਚੰਡੀਗੜ੍ਹ ਪੰਜਾਬ ਦੀ ਹੀ ਰਾਜਧਾਨੀ ਹੈ। ਜਦੋਂ ਹਰਿਆਣਾ ਨਵਾਂ ਸੂਬਾ ਬਣਿਆ ਤਾਂ ਨਵੇਂ ਸੂਬੇ ਦੀ ਹਮੇਸ਼ਾ ਵੱਖਰੀ ਰਾਜਧਾਨੀ ਹੁੰਦੀ ਹੈ ਜੋ ਕਿ ਪੰਚਕੁਲਾ, ਗੁੜਗਾਓਂ ਜਾਂ ਹਰਿਆਣਾ ਵਿੱਚ ਕਿਤੇ ਵੀ ਹੋਰ ਸ਼ਹਿਰ ਵਿੱਚ ਬਣਾਈ ਜਾ ਸਕਦੀ ਸੀ। ਉਹਨਾਂ ਕਿਹਾ ਕਿ ਭਾਜਪਾ ਨੇ ਜਾਣ ਬੁੱਝ ਕੇ ਚੰਡੀਗੜ੍ਹ ਤੋਂ ਪੰਜਾਬ ਦਾ ਦਾਅਵਾ ਕਮਜ਼ੋਰ ਕਰਨ ਲਈ ਇਹ ਕੋਝੀ ਚਾਲ ਖੇਡੀ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬਹੁਤ ਵੱਡੀ ਕਮਜ਼ੋਰੀ ਹੈ ਕਿ ਚੰਡੀਗੜ੍ਹ ਵਿੱਚ ਹਰਿਆਣਾ ਦੀ ਵਿਧਾਨ ਸਭਾ ਲਈ ਜਗ੍ਹਾ ਦੇਣ ਦਾ ਇਡਾ ਵੱਡਾ ਫੈਸਲਾ ਲੈ ਲਿਆ ਗਿਆ ਅਤੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਤੱਕਦੀ ਰਹਿ ਗਈ। ਉਹਨਾਂ ਕਿਹਾ ਕਿ ਇਹਦੇ ਨਾਲ ਪੰਜਾਬ ਦਾ ਚੰਡੀਗੜ੍ਹ ਉੱਤੇ ਦਾਅਵੇ ਦਾ ਕੇਸ ਕਮਜ਼ੋਰ ਹੋਏਗਾ।
ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਇਹ ਕਦਮ ਪੰਜਾਬ ਦੇ ਜਖਮਾਂ ਤੇ ਨਮਕ ਛਿੜਕਣ ਤੁਲ ਹੈ ਕਿਉਂਕਿ ਪੰਜਾਬੀਆਂ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ। ”ਅੱਜ ਜਿਹੜਾ ਫੈਸਲਾ ਕੇਂਦਰ ਸਰਕਾਰ ਵੱਲੋਂ ਲਿਆ ਗਿਆ ਹੈ, ਮੈਂ ਸਮਝਦਾ ਹਾਂ ਪੰਜਾਬ ਦੀ ਪਿੱਠ ਵਿੱਚ ਇੱਕ ਹੋਰ ਛੁਰਾ ਮਾਰਨ ਵਾਲੀ ਗੱਲ ਹੈ।” ਡਿਪਟੀ ਮੇਅਰ ਨੇ ਕਿਹਾ।
ਕੁਲਜੀਤ ਸਿੰਘ ਬੇਦੀ ਨੇ ਮੰਗ ਕੀਤੀ ਕਿ ਭਾਜਪਾ ਇਸ ਫੈਸਲੇ ਨੂੰ ਤੁਰੰਤ ਵਾਪਸ ਲਵੇ। ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਡੱਟ ਕੇ ਇਸ ਫੈਸਲੇ ਦੇ ਖਿਲਾਫ ਪਹਿਰਾ ਦੇਵੇ ਅਤੇ ਪੰਜਾਬ ਦੇ ਹੱਕਾਂ ਲਈ ਇਸ ਫੈਸਲੇ ਦਾ ਡੱਟ ਕੇ ਵਿਰੋਧ ਕਰੇ।
ਉਹਨਾਂ ਕਿਹਾ ਕਿ ਇਹ ਗੱਲ ਨੰਗੇ ਚਿੱਟੇ ਰੂਪ ਵਿੱਚ ਸਾਹਮਣੇ ਆ ਗਈ ਹੈ ਕਿ ਭਾਜਪਾ ਅਤੇ ਆਰ ਐਸ ਐਸ ਦੀ ਇਹ ਸੋਚ ਹੈ ਕਿ ਚੰਡੀਗੜ੍ਹ ਉੱਤੋਂ ਪੰਜਾਬ ਦੇ ਦਾਅਵੇ ਨੂੰ ਪੱਕੇ ਤੌਰ ਤੇ ਕਮਜ਼ੋਰ ਕੀਤਾ ਜਾਵੇ ਅਤੇ ਇਸੇ ਲਈ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਲਈ ਜਗ੍ਹਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਜਿਮਨੀ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ ਕਿਉਂਕਿ ਲੋਕਾਂ ਨੂੰ ਭਾਜਪਾ ਦੀਆਂ ਲੂਮੜ ਚਾਲਾਂ ਦੀ ਪੰਜਾਬੀਆਂ ਨੂੰ ਸਮਝ ਆ ਚੁੱਕੀ ਹੈ।