ਡਿਪਟੀ ਮੇਅਰ ਨੇ ਮੁੱਖ ਮੰਤਰੀ ਪੰਜਾਬ ਨੂੰ ਲਿਖਿਆ ਪੱਤਰ
ਬਜਟ ਸੈਸ਼ਨ ਵਿੱਚ ਉਸਾਰੀ ਲਈ ਕੀਤਾ ਜਾਵੇ ਐਲਾਨ : ਕੁਲਜੀਤ ਸਿੰਘ ਬੇਦੀ
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੈਕਟਰ 78 ਵਿੱਚ ਭਗਤ ਆਸਾ ਰਾਮ ਦੇ ਨਾਂ ਤੇ ਬਣਨ ਵਾਲਾ ਆਡੀਟੋਰੀਅਮ ਫੌਰੀ ਤੌਰ ਤੇ ਉਸਾਰਿਆ ਜਾਵੇ। ਉਹਨਾਂ ਕਿਹਾ ਕਿ ਆਉਣ ਵਾਲੇ ਬਜਟ ਸੈਸ਼ਨ ਵਿੱਚ ਇਸ ਦਾ ਪ੍ਰਾਵਧਾਨ ਕਰਕੇ ਆਡੀਟੋਰੀਅਮ ਦੀ ਉਸਾਰੀ ਲਈ ਰਾਖਵੀਂ ਰਕਮ ਰੱਖੀ ਜਾਵੇ।
ਆਪਣੇ ਪੱਤਰ ਵਿੱਚ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪਿਛਲੀ ਸਰਕਾਰ ਵੇਲੇ ਇਸ ਆਡੀਟੋਰੀਅਮ ਨੂੰ ਬਣਾਉਣ ਲਈ ਸਰਕਾਰ ਨੇ ਗਮਾਡਾ ਤੋਂ ਜਮੀਨ ਦੀ ਨਿਸ਼ਾਨਦੇਹੀ ਵੀ ਕਰਵਾਈ ਸੀ ਪਰ ਨਵੀਂ ਸਰਕਾਰ ਆਉਣ ਤੋਂ ਬਾਅਦ ਹਾਲੇ ਤੱਕ ਇੱਥੇ ਅੱਗੇ ਕੋਈ ਕਾਰਵਾਈ ਆਰੰਭ ਨਹੀਂ ਹੋਈ।
ਉਹਨਾਂ ਕਿਹਾ ਕਿ ਚੰਡੀਗੜ੍ਹ ਵਿੱਚ ਟੈਗੋਰ ਥੀਏਟਰ ਵਿੱਚ ਸੱਭਿਆਚਾਰਕ ਅਤੇ ਰੰਗ ਮੰਚ ਦੀਆਂ ਗਤੀਵਿਧੀਆਂ ਹੁੰਦੀਆਂ ਹਨ ਪਰ ਮੋਹਾਲੀ ਵਿੱਚ ਅਜਿਹਾ ਕੋਈ ਆਡੀਟੋਰੀਅਮ ਨਹੀਂ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਰੰਗ ਕਰਮੀ ਇੱਥੇ ਇੱਕ ਆਡੀਟੋਰੀਅਮ ਦੀ ਮੰਗ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਰੰਗਕਰਮੀਆਂ ਦੀ ਮੰਗ ਨੂੰ ਪੂਰਾ ਕਰਨ ਲਈ ਅਹਿਮ ਕਦਮ ਚੁੱਕਦੇ ਹੋਏ ਸੈਕਟਰ 78 ਵਿੱਚ ਭਗਤ ਆਸਾ ਰਾਮ ਦੇ ਨਾਂ ਉੱਤੇ ਆਡੀਟੋਰੀਅਮ ਬਣਾਉਣ ਦੀ ਤਿਆਰੀ ਵਿੱਢੀ ਸੀ ਤੇ ਗਮਾਡਾ ਨੇ ਇਸ ਸਬੰਧੀ ਜ਼ਮੀਨ ਵੀ ਅਲਾਟ ਕੀਤੀ ਸੀ।
ਉਹਨਾਂ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਖੁਦ ਪੰਜਾਬੀ ਸੱਭਿਆਚਾਰ ਨਾਲ ਬੇਹਦ ਕਰੀਬੀ ਢੰਗ ਨਾਲ ਜੁੜੇ ਰਹੇ ਹਨ ਅਤੇ ਜਾਣਦੇ ਹਨ ਕਿ ਰੰਗ ਮੰਚ ਲਈ ਆਡੀਟੋਰੀਅਮ ਦੀ ਕਿੰਨੀ ਵੱਡੀ ਲੋੜ ਹੈ। ਉਹਨਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਗਮਾਡਾ ਦੇ ਚੇਅਰਮੈਨ ਵੀ ਹਨ ਇਸ ਲਈ ਇਸ ਆਡੀਟੋਰੀਅਮ ਦੀ ਉਸਾਰੀ ਵਿੱਚ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ। ਉਹਨਾਂ ਮੰਗ ਕੀਤੀ ਕਿ ਬਜਟ ਵਿੱਚ ਇਸ ਆਡੀਟੋਰੀਅਮ ਦੀ ਉਸਾਰੀ ਲਈ ਮੁਕੰਮਲ ਰਕਮ ਰੱਖੀ ਜਾਵੇ ਅਤੇ ਫੌਰੀ ਤੌਰ ਤੇ ਇੱਥੇ ਆਡੀਟੋਰੀਮ ਦੀ ਉਸਾਰੀ ਕਰਵਾਈ ਜਾਵੇ