ਸੈਕਟਰ 66 ਦੇ ਪਾਰਕ ਵਿੱਚ ਬਣ ਰਹੇ ਠੇਕੇ ਨੂੰ ਫੌਰੀ ਤੌਰ ਤੇ ਚੁਕਾਉਣ ਦੀ ਕੀਤੀ ਮੰਗ
ਮੋਹਾਲੀ: ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਮੋਹਾਲੀ ਵਿਰਾਜ ਸ਼ਿਆਮ ਕਰਨ ਤਿੜਕੇ ਮੁਲਾਕਾਤ ਕਰਕੇ ਉਹਨਾਂ ਨੂੰ ਸੈਕਟਰ 66 ਵਿੱਚ ਗੈਰ ਕਾਨੂੰਨੀ ਢੰਗ ਨਾਲ ਖੋਲ੍ਹੇ ਜਾ ਰਹੇ ਠੇਕੇ ਨੂੰ ਚੁਕਵਾਉਣ ਸਬੰਧੀ ਮੰਗ ਪੱਤਰ ਦਿੱਤਾ ਹੈ। ਇਸ ਮੌਕੇ ਉਹਨਾਂ ਦੇ ਨਾਲ ਨਰਪਿੰਦਰ ਸਿੰਘ ਰੰਗੀ ਕੌਂਸਲਰ, ਸੁਰਿੰਦਰ ਸਿੰਘ ਗਿੱਲ ਪ੍ਰਧਾਨ ਮੰਡੀ ਬੋਰਡ ਵੈਲਫੇਅਰ ਐਸੋਸੀਏਸ਼ਨ, ਰਾਮਪਾਲ ਮੰਡੀ ਬੋਰਡ ਇੰਦਰ, ਸੁਰਿੰਦਰ ਸਿੰਘ, ਰਮੇਸ਼ ਕੁਮਾਰ ਸ਼ਰਮਾ, ਦਲੀਪ ਕੁਮਾਰ, ਗੋਪਾਲ ਸਿੰਘ ਪ੍ਰੈਜੀਡੈਂਟ ਸ਼ਿਵ ਮੰਦਿਰ ਕਮੇਟੀ, ਸਤਪਾਲ ਅਰੋੜਾ ਜਨਰਲ ਸੈਕਟਰੀ ਮੰਦਿਰ ਕਮੇਟੀ, ਸਤਪਾਲ ਤਿਆਗੀ ਵਾਈਸ ਪ੍ਰਧਾਨ, ਸ਼ਿਵ ਕੁਮਾਰ ਮੰਦਰ ਕਮੇਟੀ, ਕਾਲੀ ਚਰਨ ਜਾਇੰਟ ਸਕੱਤਰ, ਆਰ ਕੇ ਸ਼ਰਮਾ ਮੰਡੀ ਬੋਰਡ ਮੈਂਬਰ, ਸੁਸ਼ੀਲ ਛਿਬੜ ਸਲਾਹਕਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਮੰਗ ਪੱਤਰ ਵਿੱਚ ਬੇਨਤੀ ਕੀਤੀ ਗਈ ਹੈ ਕਿ ਸੈਕਟਰ 66 ਵਿੱਚ ਗੈਰ ਕਾਨੂੰਨੀ ਢੰਗ ਨਾਲ ਠੇਕਾ ਖੋਲ੍ਹਣ ਦੇ ਯਤਨ ਚੱਲ ਰਹੇ ਹਨ ਅਤੇ ਇਸ ਵਾਸਤੇ ਅੱਧਾ ਅਧੂਰਾ ਇੰਫਰਾਸਟਰਕਚਰ ਤਿਆਰ ਵੀ ਕਰ ਦਿੱਤਾ ਗਿਆ ਹੈ। ਇਸ ਠੇਕੇ ਨੂੰ ਖੋਲਣ ਲਈ ਸਾਰੇ ਨਿਯਮਾਂ ਅਤੇ ਕਾਨੂੰਨਾਂ ਨੂੰ ਛਿੱਕੇ ਟੰਗਿਆ ਗਿਆ ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਠੇਕਾ ਪਾਰਕ ਦੀ ਥਾਂ ਵਿੱਚ ਬਣਾਇਆ ਜਾ ਰਿਹਾ ਹੈ ਜੋ ਕਿ ਗਲਤ ਹੈ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਦੂਜੀ ਗੱਲ ਇਹ ਹੈ ਕਿ ਇਹ ਠੇਕਾ ਬਿਜਲੀ ਦੀਆਂ ਹਾਈਟੈਂਸ਼ਨ ਤਾਰਾਂ ਦੇ ਹੇਠਾਂ ਬਣਾਇਆ ਗਿਆ ਹੈ ਅਤੇ ਇਸ ਨਾਲ ਕਦੇ ਵੀ ਇਥੇ ਵੱਡਾ ਹਾਦਸਾ ਵਾਪਰ ਸਕਦਾ ਹੈ
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਤੀਜੀ ਗੱਲ ਇਹ ਹੈ ਕਿ ਇਸ ਠੇਕੇ ਦਾ ਸਮੂਹ ਇਲਾਕੇ ਦੀਆਂ ਵੱਖ ਵੱਖ ਐਸੋਸੀਏਸ਼ਨਾਂ ਵਿਰੋਧ ਕਰ ਰਹੀਆਂ ਹਨ ਜਿਹਨਾਂ ਵਿੱਚ ਪੁਲਿਸ ਕਲੋਨੀ ਦੇ ਵਸਨੀਕ ਵੀ ਸ਼ਾਮਿਲ ਹਨ। ਇਹ ਨਾ ਵਸਨੀਕਾਂ ਅਤੇ ਜਥੇਬੰਦੀਆਂ ਤੋਂ ਸ਼ਰਾਬ ਦੇ ਠੇਕੇਦਾਰ ਐਨਓਸੀ ਲੈਣੀ ਲਾਜ਼ਮੀ ਹੁੰਦੀ ਹੈ ਜੋ ਨਹੀਂ ਲਈ ਗਈ।
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਚੌਥੀ ਅਤੇ ਅਹਿਮ ਗੱਲ ਇਹ ਹੈ ਕਿ ਜਿੱਥੇ ਇਹ ਠੇਕਾ ਖੋਲਿਆ ਜਾ ਰਿਹਾ ਹੈ ਉਸ ਦੇ 400 ਮੀਟਰ ਦੇ ਘੇਰੇ ਵਿੱਚ ਮੰਦਰ ਅਤੇ ਸਕੂਲ ਬਣੇ ਹੋਏ ਹਨ। ਇਸ ਤੋਂ ਇਲਾਵਾ ਇੱਥੇ ਮਹਿਲਾਵਾਂ ਅਤੇ ਬੱਚੇ ਸੈਰ ਕਰਦੇ ਹਨ ਜਿਨਾਂ ਦੀ ਸੁਰੱਖਿਆ ਨੂੰ ਠੇਕਾ ਖੋਲਣ ਨਾਲ ਖਤਰਾ ਪੈਦਾ ਹੋ ਸਕਦਾ ਹੈ।
ਪੰਜਵੀਂ ਗੱਲ ਇਹ ਹੈ ਕਿ ਇਹ ਪੂਰਾ ਇਲਾਕਾ ਰਿਹਾਇਸ਼ੀ ਹੈ ਅਤੇ ਇੱਥੇ ਠੇਕਾ ਨਹੀਂ ਖੋਲਿਆ ਜਾ ਸਕਦਾ।
ਮੰਗ ਪੱਤਰ ਵਿੱਚ ਬੇਨਤੀ ਕੀਤੀ ਗਈ ਹੈ ਕਿ ਇਸ ਠੇਕੇ ਖਿਲਾਫ ਇਲਾਕੇ ਦੀਆਂ ਜਥੇਬੰਦੀਆਂ ਅਤੇ ਵਸਨੀਕਾਂ ਨੇ ਧਰਨਾ ਵੀ ਦਿੱਤਾ ਜਿਸ ਵਿੱਚ ਇਸ ਠੇਕੇ ਨੂੰ ਫੌਰੀ ਤੌਰ ਤੇ ਚੁੱਕਣ ਦੀ ਮੰਗ ਕੀਤੀ ਅਤੇ ਐਸਐਚਓ ਫੇਜ਼ 11 ਵੱਲੋਂ ਭਰੋਸਾ ਤੇ ਜਿੰਮੇਵਾਰੀ ਚੁੱਕਣ ਤੋਂ ਬਾਅਦ ਇਹ ਧਰਨਾ ਹਟਾਇਆ ਗਿਆ ਪਰ ਹਾਲੇ ਵੀ ਇਸ ਦਾ ਬੁਨਿਆਦੀ ਢਾਂਚਾ ਇੱਥੋਂ ਨਹੀਂ ਹਟਾਇਆ ਗਿਆ।
ਉਹਨਾਂ ਬੇਨਤੀ ਕੀਤੀ ਹੈ ਕਿ ਇਲਾਕੇ ਦੇ ਵਸਨੀਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਠੇਕੇਦਾਰ ਨੂੰ ਹਦਾਇਤਾਂ ਕਰਕੇ ਇੱਥੋਂ ਫੌਰੀ ਤੌਰ ਤੇ ਠੇਕੇ ਦਾ ਸਮਾਨ ਅਤੇ ਬਣਿਆ ਹੋਇਆ ਬੁਨਿਆਦੀ ਢਾਂਚਾ ਖਤਮ ਕਰਵਾਇਆ ਜਾਵੇ ਤਾਂ ਜੋ ਲੋਕਾਂ ਵਿੱਚ ਵੱਧ ਰਿਹਾ ਰੋਸ ਖਤਮ ਹੋ ਸਕੇ।