ਚੰਡੀਗੜ੍ਹ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਹਰਿਆਣਾ ਵਿਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਸਰਬਸੰਮਤੀ ਨਾਲ ਜੁਣੇ ਜਾਣ ’ਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ ਹੈ ਤੇ ਆਸ ਪ੍ਰਗਟਾਈ ਹੈ ਕਿ ਹੁਣ ਕਮੇਟੀ ਦੀ ਨਵੀਂ ਟੀਮ ਅਧੀਨ ਸੂਬੇ ਵਿਚ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਅਤੇ ਧਰਮ ਪ੍ਰਚਾਰ ਦਾ ਕੰਮ ਸੁਚੱਜੇ ਢੰਗ ਨਾਲ ਚੱਲ ਸਕਣਗੇ।
ਦੋਵਾਂ ਆਗੂਆਂ ਨੇ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬੀਤੇ ਕੱਲ੍ਹ ਹਰਿਆਣਾ ਕਮੇਟੀ ਦੀ ਟੀਮ ਦੀ ਚੋਣ ਹੋਈ ਜਿਸ ਵਿਚ 35 ਵਿਚੋਂ 30 ਮੈਂਬਰਾਂ ਨੇ ਪੂਰਨ ਬਹੁਮਤ ਨਾਲ ਨਵੀਂ ਟੀਮ ਚੁਣੀ ਜਿਸ ਵਿਚ ਸਰਦਾਰ ਭੁਪਿੰਦਰ ਸਿੰਘ ਅਸੰਧ ਨੂੰ ਸਰਬਸੰਮਤੀ ਨਾਲ ਪ੍ਰਧਾਨ, ਸਰਦਾਰ ਸੁਦਰਸ਼ਨ ਸਿੰਘ ਸੀਨੀਅਰ ਮੀਤ ਪ੍ਰਧਾਨ, ਬੀਬੀ ਰਵਿੰਦਰ ਕੌਰ ਅਜਰਾਣਾ ਨੂੰ ਮੀਤ ਪ੍ਰਧਾਨ, ਸਰਦਾਰ ਸੁਖਵਿੰਦਰ ਸਿੰਘ ਜਨਰਲ ਸਕੱਤਰ ਅਤੇ ਸਰਦਾਰ ਗੁਲਾਬ ਸਿੰਘ ਜੁਆਇੰਟ ਸਕੱਤਰ ਚੁਣਿਆ ਗਿਆ ਤੇ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਧਰਮ ਪ੍ਰਚਾਰ ਕਮੇਟੀ ਦਾ ਮੁਖੀ ਚੁਣਿਆ ਗਿਆ।
ਉਹਨਾਂ ਕਿਹਾ ਕਿ ਇਹ ਚੋਣ ਪੂਰਨ ਪਾਰਦਰਸ਼ੀ ਢੰਗ ਨਾਲ ਤੇ ਸਰਬਸੰਮਤੀ ਨਾਲ ਹੋਈ ਜਿਸਨੇ ਉਹਨਾਂ ਲੋਕਾਂ ਦੇ ਵੀ ਮੂੰਹ ਬੰਦ ਕਰਵਾ ਦਿੱਤੇ ਜੋ ਕਮੇਟੀ ਨੂੰ ਮਾਣਯੋਗ ਸੁਪਰੀਮ ਕੋਰਟ ਤੋਂ ਮਾਨਤਾ ਮਿਲਣ ਦੇ ਬਾਵਜੂਦ ਇਸ ਕਮੇਟੀ ਨੂੰ ਸਰਕਾਰਾਂ ਦੀ ਕਮੇਟੀ ਦੱਸ ਕੇ ਇਸਦੇ ਖਿਲਾਫ ਦੁਸ਼ਪ੍ਰਚਾਰ ਕਰਦੇ ਸਨ।
ਉਹਨਾਂ ਕਿਹਾ ਕਿ ਹੁਣ ਨਵੀਂ ਟੀਮ ਅਧੀਨ ਪ੍ਰਸ਼ਾਸਕੀ ਤੇ ਧਰਮ ਪ੍ਰਚਾਰ ਵਾਸਤੇ ਸਹੀ ਹੱਥਾਂ ਵਿਚ ਕਮੇਟੀ ਗਈ ਹੈ।ਉਹਨਾਂ ਕਿਹਾ ਕਿ ਜਿਸ ਤਰੀਕੇ ਬੇਬਾਕੀ ਨਾਲ ਤੁਸੀਂ ਫੈਸਲਾ ਲਿਆ, ਇਸ ਸਦਕਾ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਵਧੀਆ ਢੰਗ ਨਾਲ ਚੱਲਣਗੇ ਅਤੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਵੀ ਚੰਗੇ ਢੰਗ ਨਾਲ ਹੋ ਸਕੇਗਾ ਤੇ ਇਸ ਨਾਲ ਜਿਹੜੇ ਸਿੱਖ ਨਸ਼ਿਆਂ ਤੇ ਇਸਾਈ ਧਰਮ ਵੱਲ ਜਾ ਰਹੇ ਹਨ, ਉਸ ’ਤੇ ਵੀ ਠੱਲ੍ਹ ਲੱਗੇਗੀ।
ਉਹਨਾਂ ਨੇ ਇਕ ਵਾਰ ਫਿਰ ਤੋਂ ਟੀਮ ਨੂੰ ਵਧਾਈ ਦਿੰਦਿਆਂ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਹਰ ਤਰੀਕੇ ਦੇ ਸਹਿਯੋਗ ਦਾ ਭਰੋਸਾ ਦੁਆਇਆ ਤੇ ਆਸ ਪ੍ਰਗਟ ਕੀਤੀ ਕਿ ਦੋਵੇਂ ਕਮੇਟੀਆਂ ਚੰਗੇ ਤਾਲਮੇਲ ਨਾਲ ਸਿੱਖ ਕੌਮ ਦੀ ਹੋਰ ਸੇਵਾ ਕਰ ਸਕਣਗੀਆਂ।