ਪੰਜਾਬ ਦੇ ਲੋਕ ਭਾਜਪਾ, ਅਕਾਲੀਆਂ ਤੇ ਆਮ ਆਦਮੀ ਪਾਰਟੀ ਨੂੰ ਨਹੀਂ ਲਾਉਣਗੇ ਮੂੰਹ, ਕਾਂਗਰਸ ਨੂੰ ਮਿਲੇਗੀ ਵੱਡੀ ਜਿੱਤ : ਡਿਪਟੀ ਮੇਅਰ
ਮੋਹਾਲੀ ਨਗਰ ਨਿਗਮ ਦੇ ਸੀਨੀਅਰ ਟੀਮ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਭਾਜਪਾ ਦੇਸ਼ ਦੀਆਂ ਚੋਣਾਂ ਵਿੱਚ ਹਾਰ ਦੀ ਬੁਖਲਾਹਟ ਦੇ ਕਾਰਨ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਰਹੀ ਹੈ, ਹਿੰਦੂ ਮੁਸਲਮਾਨ ਕਰਕੇ ਨਫਰਤ ਫੈਲਾ ਰਹੀ ਹੈ ਅਤੇ ਭਾਜਪਾ ਦੇ ਆਗੂ ਕਾਂਗਰਸ ਦੇ ਮੈਨੀਫੈਸਟੋ ਬਾਰੇ ਲਗਾਤਾਰ ਝੂਠ ਬੋਲ ਰਹੇ ਹਨ ਜੋ ਕਿ ਬਹੁਤ ਹੀ ਮਾੜੀ ਗੱਲ ਹੈ।
ਉਹਨਾਂ ਕਿਹਾ ਕਿ ਉਹ ਦੇਸ਼ ਅਤੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਕਾਂਗਰਸ ਦੇ ਮੈਨੀਫੈਸਟੋ ਵਿੱਚ ਕਿਤੇ ਵੀ ਮੁਸਲਿਮ ਸ਼ਬਦ ਇਸਤੇਮਾਲ ਨਹੀਂ ਕੀਤਾ ਗਿਆ, ਨਾ ਹੀ ਔਰਤਾਂ ਦੇ ਮੰਗਲ ਸੂਤਰ ਕਿਸੇ ਨੂੰ ਦੇਣ ਦੀ ਗੱਲ ਕੀਤੀ ਗਈ ਹੈ। ਜੇਕਰ ਕਿਸੇ ਦੇ ਦੋ ਘਰ ਹੋਣ ਤਾਂ ਇੱਕ ਘਰ ਖੋਹ ਕੇ ਕਿਸੇ ਹੋਰ ਨੂੰ ਦਿੱਤੇ ਜਾਣ ਦਾ ਭਾਜਪਾ ਦਾ ਪ੍ਰੋਪਰਗੰਡਾ ਵੀ ਬਿਲਕੁਲ ਝੂਠ ਦਾ ਪੁਲੰਦਾ ਹੈ ਅਤੇ ਇਸੇ ਤਰ੍ਹਾਂ ਦੋ ਕਾਰਾਂ ਹੋਣ ਦੀ ਸੂਰਤ ਵਿੱਚ ਇੱਕ ਕਾਰ ਖੋਹ ਕੇ ਕਿਸੇ ਦੂਜੇ ਨੂੰ ਦੇਣ ਦੀ ਗੱਲ ਵੀ ਭਾਜਪਾ ਵੱਲੋਂ ਸਰਾਸਰ ਝੂਠ ਪਸਾਰਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਪਹਿਲੇ ਦੋ ਗੇੜਾਂ ਵਿੱਚ ਪਈਆਂ ਵੋਟਾਂ ਨੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ ਅਤੇ ਇਸ ਕਾਰਨ ਭਾਜਪਾ ਆਗੂ ਮੁੜ ਹਿੰਦੂ ਮੁਸਲਮਾਨ ਕਰਨ ਉੱਤੇ ਉਤਾਰੂ ਹੋ ਗਏ ਹਨ। ਉਹਨਾਂ ਕਿਹਾ ਕਿ ਵਿਸ਼ਵ ਭਰ ਦੇ ਮੀਡੀਆ ਵੱਲੋਂ ਭਾਜਪਾ ਆਗੂਆਂ ਦੀਆਂ ਇਹਨਾਂ ਕਾਰਵਾਈਆਂ ਨੂੰ ਭੰਡਿਆ ਜਾ ਰਿਹਾ ਹੈ ਕਿਉਂਕਿ ਭਾਜਪਾ ਦੇ ਇਸ ਸਾਰੇ ਦੋਸ਼ ਝੂਠ ਦਾ ਪੁਲੰਦਾ ਹਨ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਜਿਹੜੇ ਮੁੱਦੇ ਆਪਣੇ ਚੋਣ ਮੈਨੀਫੈਸਟੋ ਵਿੱਚ ਚੁੱਕੇ ਹਨ ਉਹਨਾਂ ਵਿੱਚ ਔਰਤਾਂ ਨੂੰ ਹਰ ਸਾਲ 1 ਲੱਖ ਰੁਪਿਆ ਦੇਣਾ, 30 ਲੱਖ ਨੌਕਰੀਆਂ ਦੇਣੀਆਂ, ਸਾਰਿਆਂ ਨੂੰ ਸਮਾਜਿਕ ਨਿਆ ਪ੍ਰਦਾਨ ਕਰਨਾ ਵਰਗੇ ਕ੍ਰਾਂਤੀਕਾਰੀ ਮੁੱਦੇ ਹਨ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸ਼੍ਰੀ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੇ ਤਹਿਤ ਪੂਰੇ ਹਿੰਦੁਸਤਾਨ ਵਿੱਚ ਘੁੰਮ ਕੇ ਲੋਕਾਂ ਦੀ ਰਾਏ ਅਨੁਸਾਰ ਇਹ ਚੋਣ ਮੈਨੀਫੈਸਟੋ ਤਿਆਰ ਕੀਤਾ ਹੈ ਜਿਸ ਦੀ ਚਹੁੰ ਪਾਸਿਓਂ ਸਲਾਘਾ ਹੋ ਰਹੀ ਹੈ। ਉਹਨਾਂ ਕਿਹਾ ਕਿ ਪਹਿਲੇ ਦੋ ਗੇੜ ਦੀਆਂ ਚੋਣਾਂ ਦੌਰਾਨ ਪਈਆਂ ਵੋਟਾਂ ਤੋਂ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਹਾਰ ਦਾ ਅੰਦਾਜ਼ਾ ਲੱਗ ਗਿਆ ਹੈ ਅਤੇ ਇਸ ਕਾਰਨ ਹੁਣ ਉਹ ਕਾਂਗਰਸ ਦੇ ਚੋਣ ਮੈਨੀਫੈਸਟੋ ਨੂੰ ਭੰਡਣ ਦੇ ਨਾਲ ਨਾਲ ਮੁੜ ਹਿੰਦੂ ਮੁਸਲਮਾਨ, ਹਿੰਦੂ ਮੁਸਲਮਾਨ ਕਰਨ ਲੱਗ ਗਈ ਹੈ ਅਤੇ ਸਮਾਜ ਵਿੱਚ ਨਫਰਤ ਫੈਲਾ ਰਹੀ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅਕਾਲੀ ਦਲ ਨੂੰ ਭੰਡਦਿਆ ਕਿਹਾ ਕਿ ਅਕਾਲੀ ਦਲ ਵਰਗੀ ਮੌਕਾ ਪ੍ਰਸਤ ਪਾਰਟੀ ਹੋਰ ਕੋਈ ਨਹੀਂ ਹੋ ਸਕਦੀ ਜੋ ਸੱਤਾ ਹਾਸਲ ਕਰਨ ਲਈ ਭਾਜਪਾ ਵਰਗੀ ਫਿਰਕੂ ਪਾਰਟੀ ਨਾਲ ਸਮਝੌਤਾ ਕਰ ਸਕਦੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦਾ ਭਾਜਪਾ ਨਾਲ ਸਮਝੌਤਾ ਤਾਂ ਬਿਲਕੁਲ ਤਿਆਰ ਸੀ ਅਤੇ ਅਕਾਲੀ ਦਲ ਹਰ ਤਰ੍ਹਾਂ ਨਾਲ ਝੁੱਕ ਕੇ ਭਾਜਪਾ ਨਾਲ ਸਮਝੌਤਾ ਕਰਨ ਨੂੰ ਕਰਦਾ ਸੀ ਪਰ ਕਿਸਾਨਾਂ ਦੇ ਮੁੜ ਸੰਘਰਸ਼ ਤੋਂ ਬਾਅਦ ਅਕਾਲੀ ਦਲ ਨੇ ਖੇਤਰੀ ਪਾਰਟੀ ਅਤੇ ਪੰਥਕ ਪਾਰਟੀ ਵਰਗੇ ਸਲੋਗਨ ਚਲਾ ਕੇ ਧਰਮ ਦੀ ਰਾਜਨੀਤੀ ਖੇਡਣੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਦੀਆਂ ਇਹਨਾਂ ਲੂੰਬੜ ਚਾਲਾਂ ਤੋਂ ਭਲੀਭਾਂਤ ਜਾਣੂ ਹਨ ਅਤੇ ਇਸ ਵਾਰ ਪੰਜਾਬ ਵਿੱਚੋਂ ਅਕਾਲੀ ਦਲ ਦਾ ਸਫਾਇਆ ਹੋ ਜਾਵੇਗਾ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਆਮ ਆਦਮੀ ਪਾਰਟੀ ਉੱਤੇ ਵਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਲੋਕਾਂ ਨੇ ਇੱਕ ਨਵਾਂ ਤਜਰਬਾ ਕੀਤਾ ਅਤੇ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸੱਤਾ ਸੌਂਪੀ ਪਰ ਉਹਨਾਂ ਨੂੰ ਧੋਖਾ ਹੀ ਹੱਥ ਲੱਗਿਆ ਹੈ।
ਉਹਨਾਂ ਕਿਹਾ ਕਿ ਜੋ ਪਾਰਟੀ ਪੰਜਾਬ ਵਿੱਚ ਅਮਨ ਕਾਨੂੰਨ ਕਾਇਮ ਕਰਨ ਦਾ ਦਾਅਵਾ ਕਰਦੀ ਸੀ ਭਰਸ਼ਟਾਚਾਰ ਨੂੰ ਖਤਮ ਕਰਨ ਦਾ ਦਾਅਵਾ ਕਰਦੀ ਸੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਕਰਦੀ ਸੀ, ਕਿਸਾਨਾਂ ਨੂੰ ਐਮਐਸਪੀ ਦੇਣ ਦਾ ਵਾਅਦਾ ਕਰਦੀ ਸੀ, ਔਰਤਾਂ ਨੂੰ 1000 ਮਹੀਨਾ ਦੇਣ ਦਾ ਵਾਅਦਾ ਕਰਦੀ ਸੀ, ਉਹ ਸਾਰੇ ਹੀ ਵਾਧਿਆਂ ਤੋਂ ਮੁਨਕਰ ਹੋ ਚੁੱਕੀ ਹੈ।
ਉਹਨਾਂ ਕਿਹਾ ਕਿ ਅੱਜ ਬਰਸਾਤ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ ਅਤੇ ਬਰਬਾਦ ਹੋ ਰਹੀ ਹੈ ਅਤੇ ਕਈ ਇਲਾਕਿਆਂ ਵਿੱਚ ਕੁਦਰਤ ਵੀ ਕਿਸਾਨ ਦਾ ਸਾਥ ਨਹੀਂ ਦੇ ਰਹੀ ਤੇ ਨਾਲ ਹੀ ਪੰਜਾਬ ਸਰਕਾਰ ਵੀ ਕਿਸਾਨਾਂ ਤੋਂ ਅਵੇਸਲੀ ਹੋਈ ਫਿਰਦੀ ਹੈ ਅਤੇ ਕੋਈ ਵੀ ਕਿਸਾਨਾਂ ਦੀ ਬਾਂਹ ਨਹੀਂ ਫੜ ਰਿਹਾ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਜੇ ਅੱਜ ਕੋਈ ਦੇਸ਼ ਨੂੰ ਬਚਾ ਸਕਦਾ ਹੈ, ਸੰਵਿਧਾਨ ਨੂੰ ਬਚਾ ਸਕਦਾ ਹੈ ਅਤੇ ਦੇਸ਼ ਦੀ ਤਰੱਕੀ ਨੂੰ ਨਵੀਂ ਰਾਹ ਦੇ ਸਕਦਾ ਹੈ ਤਾਂ ਉਹ ਕਾਂਗਰਸ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰਨ ਆਸ ਹੈ ਕਿ ਇਹਨਾਂ ਚੋਣਾਂ ਵਿੱਚ ਕੇਂਦਰ ਵਿੱਚ ਕਾਂਗਰਸ ਅਤੇ ਇੰਡੀਆ ਗਠਜੋੜ ਦੀ ਸਰਕਾਰ ਬਣੇਗੀ ਕਿਉਂਕਿ ਹਿੰਦੁਸਤਾਨ ਦਾ ਵੋਟਰ ਬੜਾ ਜਾਗਰੂਕ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਹੈ ਕਿ ਇਹਨਾਂ ਚੋਣਾਂ ਵਿੱਚ ਲੋਕ ਫਿਰਕੂ ਏਜੰਡੇ ਦੇ ਭੁਲੇਖੇ ਵਿੱਚ ਨਹੀਂ ਆਉਣਗੇ ਅਤੇ ਖਾਸ ਤੌਰ ਤੇ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਬਹੁਮਤ ਹਰ ਜਤਾ ਕੇ ਪੰਜਾਬ ਅਤੇ ਕੇਂਦਰ ਵਿੱਚ ਮੁੜ ਕਾਂਗਰਸ ਦੀ ਸਰਕਾਰ ਲਿਆਉਣਗੇ।