ਕਿਸਾਨ ਸੰਘਰਸ਼ ਵਿੱਚ ਹੋਈ ਨੌਜਵਾਨ ਦੀ ਮੌਤ ਭਾਜਪਾ ਦੇ ਮੱਥੇ ਤੇ ਕਾਲਾ ਧੱਬਾ : ਬੇਦੀ
ਸੁਵੇੰਦੂ ਅਧਿਕਾਰੀ ਨੂੰ ਫੌਰਨ ਬਰਖਾਸਤ ਕਰੇ ਭਾਰਤੀ ਜਨਤਾ ਪਾਰਟੀ, ਨੱਡਾ ਮੰਗਣ ਦੇਸ਼ ਦੇ ਸਿੱਖਾਂ ਤੋਂ ਮੁਆਫੀ : ਡਿਪਟੀ ਮੇਅਰ
ਕਿਸਾਨਾਂ ਨੂੰ ਗੋਲੀਆਂ ਦੇ ਛਰਿਆਂ ਦੇ ਨਾਲ ਨਾਲ ਲੋਕਤੰਤਰ ਦੀ ਆਤਮਾ ਨੂੰ ਜਖਮੀ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ : ਕੋ ਚੇਅਰਮੈਨ
ਸਿੱਖ ਵਿਰੋਧੀ ਪਾਰਟੀ ਬਣਦੀ ਜਾ ਰਹੀ ਹੈ ਭਾਜਪਾ : ਬੇਦੀ
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਅਤੇ ਕਾਂਗਰਸ ਵੱਲੋਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਲੜਾਉਣ ਲਈ ਬਣਾਈ ਗਈ ਵਾਰ ਰੂਮ ਕਮੇਟੀ ਦੇ ਕੋ ਚੇਅਰਮੈਨ ਕੁਲਜੀਤ ਸਿੰਘ ਬੇਦੀ ਨੇ ਖਨੌਰੀ ਵਿਖੇ ਕਿਸਾਨ ਸੰਘਰਸ਼ ਦੌਰਾਨ ਹਰਿਆਣਾ ਪੁਲਿਸ ਵੱਲੋਂ ਦਾਗੇ ਜਾ ਰਹੇ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਬੁਲਟ ਨਾਲ ਇੱਕ ਨੌਜਵਾਨ ਦੀ ਮੌਤ ਅਤੇ 25 ਕਿਸਾਨਾਂ ਦੇ ਜਖਮੀ ਹੋਣ ਲਈ ਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਸ਼ੁਭ ਕਰਨ ਸਿੰਘ ਦੀ ਕਿਸਾਨ ਸੰਘਰਸ਼ ਵਿੱਚ ਅੱਜ ਹੋਈ ਮੌਤ ਭਾਰਤੀ ਜਨਤਾ ਪਾਰਟੀ ਦੇ ਮੱਥੇ ਤੇ ਕਾਲਾ ਧੱਬਾ ਹੈ। ਉਹਨਾਂ ਕਿਹਾ ਕਿ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ 25 ਕਿਸਾਨਾਂ ਦੇ ਬੁਰੀ ਤਰ੍ਹਾਂ ਜ਼ਖਮੀ ਹੋਣ ਲਈ ਭਾਰਤੀ ਜਨਤਾ ਪਾਰਟੀ ਸਿੱਧੇ ਤੌਰ ਤੇ ਜਿੰਮੇਵਾਰ ਹੈ।
ਕੁਲਜੀਤ ਸਿੰਘ ਬੇਦੀ ਨੇ ਭਾਰਤੀ ਜਨਤਾ ਪਾਰਟੀ ਨੂੰ ਸਿੱਖ ਵਿਰੋਧੀ ਪਾਰਟੀ ਗਰਦਾਨਦਿਆਂ ਕਿਹਾ ਹੈ ਕਿ ਇਹ ਪਾਰਟੀ ਨਾ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਸਗੋਂ ਹੁਣ ਦੇਸ਼ ਦੇ ਆਈਪੀਐਸ ਸਿੱਖ ਅਧਿਕਾਰੀਆਂ ਨੂੰ ਵੀ ਖਾਲਿਸਤਾਨੀ ਦੱਸਣ ਲੱਗ ਪਈ ਹੈ।
ਹਰਿਆਣਾ ਬਾਰਡਰ ਉੱਤੇ ਪੁੱਜੇ ਕਿਸਾਨਾਂ ਉੱਤੇ ਦੇਸ਼ ਦੇ ਦੁਸ਼ਮਣਾਂ ਵਾਂਗ ਕੀਤੀ ਜਾ ਰਹੀ ਹਮਲਾਵਰ ਕਾਰਵਾਈ ਦੀ ਨਿਖੇਧੀ ਕਰਦਿਆਂ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਕਿਸਾਨਾਂ ਦੇ ਸਰੀਰਾਂ ਨੂੰ ਗੋਲੀਆਂ ਦੇ ਛਰਿਆਂ ਨਾਲ ਜ਼ਖਮੀ ਕਰਨ ਦੇ ਨਾਲ ਨਾਲ ਲੋਕਤੰਤਰ ਦੀ ਆਤਮਾ ਨੂੰ ਜ਼ਖਮੀ ਕਰ ਰਹੀ ਹੈ। ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਪੰਜਾਬ ਦੇ ਕਿਸਾਨਾਂ ਉੱਤੇ ਇਸ ਤਰ੍ਹਾਂ ਦੀ ਹਮਲਾਵਰ ਕਾਰਵਾਈ ਸਬੰਧੀ ਹਰਿਆਣਾ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਜਦੋਂ ਕਿ ਹਰਿਆਣਾ ਪੁਲਿਸ ਵੱਲੋਂ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਇਸ਼ਾਰੇ ਉੱਤੇ ਇਹ ਹਮਲੇ ਪੰਜਾਬ ਦੇ ਕਿਸਾਨਾਂ ਉੱਤੇ ਪੰਜਾਬ ਦੀ ਧਰਤੀ ਵਿੱਚ ਕੀਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਇਸੇ ਤਰ੍ਹਾਂ ਭਾਜਪਾ ਦੇ ਸੀਨੀਅਰ ਆਗੂ ਸੁਵੇਂਦੂ ਅਧਿਕਾਰੀ ਵੱਲੋਂ ਪੱਛਮ ਬੰਗਾਲ ਵਿਖੇ ਇੱਕ ਸੀਨੀਅਰ ਸਿੱਖ ਆਈਪੀਐਸ ਅਧਿਕਾਰੀ ਨੂੰ ਖਾਲਿਸਤਾਨੀ ਕਹਿਣਾ ਭਾਰਤੀ ਜਨਤਾ ਪਾਰਟੀ ਦੀ ਦੋਗਲੀ ਨੀਤੀ ਨੂੰ ਉਜਾਗਰ ਕਰਦਾ ਹੈ। ਇੱਕ ਪਾਸੇ ਭਾਰਤੀ ਜਨਤਾ ਪਾਰਟੀ ਸਿੱਖਾਂ ਦੀ ਹਿਤੈਸ਼ੀ ਬਣਨ ਦਾ ਦਾਅਵਾ ਕਰਦੀ ਹੈ ਪਰ ਅਸਲ ਵਿੱਚ ਇਹ ਭੇੜ ਦੀ ਖੱਲ ਵਿੱਚ ਛੁਪੇ ਹੋਏ ਭੇੜੀਏ ਹਨ। ਇਸੇ ਕਰਕੇ ਪੰਜਾਬ ਦੇ ਕਿਸਾਨਾਂ ਅਤੇ ਦੇਸ਼ ਭਰ ਦੇ ਸਿੱਖਾਂ ਦੇ ਖਿਲਾਫ ਜ਼ਹਿਰ ਫੈਲਾਇਆ ਜਾ ਰਿਹਾ ਹੈ। ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਖਾਲਿਸਤਾਨੀ ਕਹਿਣ ਵਾਲੀ ਭਾਰਤੀ ਜਨਤਾ ਪਾਰਟੀ ਸਰਕਾਰ ਹੁਣ ਦੇਸ਼ ਦੇ ਆਈਪੀਐਸ ਅਧਿਕਾਰੀਆਂ ਨੂੰ ਵੀ ਖਾਲਿਸਤਾਨੀ ਸੱਦਣ ਲੱਗ ਪਈ ਹੈ।
ਉਹਨਾਂ ਕਿਹਾ ਕਿ ਇਸ ਮਸਲੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨੂੰ ਫੌਰੀ ਤੌਰ ਤੇ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ ਅਤੇ ਸੁਵੇਂਦੂ ਅਧਿਕਾਰੀ ਵਰਗੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਤੁਰੰਤ ਪਾਰਟੀ ਤੋਂ ਬਰਖਾਸਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਸੁਵੇਂਦੂ ਅਧਿਕਾਰੀ ਨੂੰ ਬਰਖਾਸਤ ਨਹੀਂ ਕਰਦੀ ਤਾਂ ਸਪਸ਼ਟ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਦੇ ਆਧਾਰ ਤੇ ਹੀ ਉਸਦੇ ਆਗੂ ਸਿੱਖਾਂ ਦੇ ਖਿਲਾਫ ਗਿਣੀ ਮਿਥੀ ਸਾਜਿਸ਼ ਦੇ ਤਹਿਤ ਨਫਰਤ ਦੀ ਸਾਜਿਸ਼ ਕਰ ਰਹੇ ਹਨ।