ਮੁਹਾਲੀ :
ਮੁਹਾਲੀ : ਉੱਘੀ ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਦੇ ਸੰਸਥਾਪਿਕ ਅਤੇ ਸੂਬਾ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਵਿੱਚ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਜਿਸ ਸੰਬੰਧੀ ਪਾਰਟੀ ਵੱਲੋਂ ਇੱਕ ਰਸਮੀ ਨਿਯੁਕਤੀ ਪੱਤਰ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਲਕਾ ਇੰਚਾਰਜ ਸਰਦਾਰ ਪਰਵਿੰਦਰ ਸਿੰਘ ਸੁਹਾਣਾ ਵੱਲੋਂ ਸ਼੍ਰੀ ਪੁਰਖਾਲਵੀ ਨੂੰ ਸੌਂਪਿਆ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਦੀਆਂ ਸਿਫਾਰਿਸ਼ਾਂ ਤੇ ਪਾਰਟੀ ਸੁਪਰੀਮੋ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨੀਂ ਸਮਸੇਰ ਪੁਰਖਾਲਵੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਸੀ ਜਿਸ ਤਹਿਤ ਹੀ ਉਨ੍ਹਾਂ ਨੂੰ ਪਾਰਟੀ ਵਿੱਚ ਇਹ ਮਾਣ-ਸਨਮਾਨ ਦਿੱਤਾ ਗਿਆ ਹੈ।
ਇਸ ਮੌਕੇ ਹਲਕਾ ਇੰਚਾਰਜ ਜਥੇਦਾਰ ਪਰਵਿੰਦਰ ਸਿੰਘ ਸੁਹਾਣਾ ਨੇ ਕਿਹਾ ਕਿ ਪੁਰਖਾਲਵੀ ਦੇ ਆਉਣ ਨਾਲ ਚੋਣਾਂ ਵਿੱਚ ਪਾਰਟੀ ਨੂੰ ਫਾਇਦਾ ਹੋਣਾ ਸੁਭਾਵਿਕ ਹੈ ਕਿਉਂਕਿ ਉਨ੍ਹਾਂ ਵੱਲੋਂ ਕਰੀਬ ਢਾਈ ਦਹਾਕੇ ਤੋਂ ਦਲਿਤ ਅਤੇ ਕਮਜ਼ੋਰ ਵਰਗਾਂ ਦੀ ਭਲਾਈ ਅਤੇ ਉਥਾਨ ਲਈ ਅਨੇਕਾਂ ਇਤਿਹਾਸਿਕ ਕਾਰਜ ਕੀਤੇ ਗਏ ਹਨ।
ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਸ਼੍ਰੀ ਪੁਰਖਾਲਵੀ ਨੇ ਇਸ ਜਿੰਮੇਵਾਰੀ ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਐਨਕੇ ਸ਼ਰਮਾ ਅਤੇ ਪਰਵਿੰਦਰ ਸਿੰਘ ਸੁਹਾਣਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਅਜੋਕੇ ਦਲਬਦਲੂ ਯੁੱਗ ਦੌਰਾਨ ਤਿਆਗ ਅਤੇ ਸੇਵਾ ਭਾਵਨਾ ਨਾਲ ਪਾਰਟੀ ਦੀ ਮਜ਼ਬੂਤੀ ਅਤੇ ਚੜ੍ਹਦੀ ਕਲਾ ਲਈ ਦਿਨ ਰਾਤ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਾਲ ਇਨਸਾਫ ਕੀਤਾ ਜਾਵੇਗਾ।