ਮਾਨਸਾ ਧਰਨੇ ’ਚ ਜਾ ਰਹੇ ਕਿਸਾਨ ਆਗੂਆਂ ਨਾਲ ਧੱਕਾ-ਮੁੱਕੀ, ਪੁਲਿਸ ਨਾਕੇ ਤੋੜ ਕੇ ਪਹੁੰਚੇ ਮੋਰਚੇ ’ਚ
ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ‘ਆਪ’ ਸਰਕਾਰ ’ਤੇ ਲਾਏ ਧੱਕੇਸ਼ਾਹੀ ਦੇ ਦੋਸ਼; ਮੋਰਚੇ ਦੀ ਹਰ ਤਰ੍ਹਾਂ ਨਾਲ ਮਦਦ ਦਾ ਐਲਾਨ
ਮਾਨਸਾ, 28 ਅਕਤੂਬਰ: ਮਾਨਸਾ ਵਿੱਚ 27 ਅਕਤੂਬਰ ਨੂੰ ਲੋਕਾਂ ’ਤੇ ਕਥਿਤ ਤਸ਼ੱਦਦ ਅਤੇ ਇੱਕ ਨੌਜਵਾਨ ਦੀ ਲਾਸ਼ ਪੁਲਿਸ ਵੱਲੋਂ ਲਿਜਾਣ ਦੇ ਵਿਰੋਧ ਵਿੱਚ ਲੱਗੇ ਧਰਨੇ ਵਿੱਚ ਸ਼ਾਮਲ ਹੋਣ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਸਮੇਤ ਹੋਰ ਕਿਸਾਨ ਆਗੂਆਂ ਨਾਲ ਮਾਨਸਾ ਕੈਂਚੀਆਂ ਵਿਖੇ ਧੱਕਾ-ਮੁੱਕੀ ਅਤੇ ਬਦਸਲੂਕੀ ਹੋਣ ਦੇ ਦੋਸ਼ ਲੱਗੇ ਹਨ। ਜਥੇਬੰਦੀ ਮੁਤਾਬਕ, ਪੁਲਿਸ ਵੱਲੋਂ ਥਾਂ-ਥਾਂ ਨਾਕੇ ਲਾਏ ਜਾਣ ਦੇ ਬਾਵਜੂਦ ਕਿਸਾਨ ਆਗੂ ਹੋਰ ਰਸਤਿਆਂ ਰਾਹੀਂ ਮੋਰਚੇ ਵਿੱਚ ਪਹੁੰਚਣ ਵਿੱਚ ਕਾਮਯਾਬ ਰਹੇ।
ਕਿਸਾਨ ਜਥੇਬੰਦੀ ਅਨੁਸਾਰ, ਧਨੇਰ ਦੀ ਅਗਵਾਈ ਹੇਠ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਸੂਬਾ ਜਥੇਬੰਧਕ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ, ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ, ਸੂਬਾ ਖ਼ਜ਼ਾਨਚੀ ਗੁਰਦੇਵ ਸਿੰਘ ਮਾਂਗੇਵਾਲ, ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਅਤੇ ਹੋਰ ਜ਼ਿਲ੍ਹਾ ਆਗੂ ਮਾਨਸਾ ਧਰਨੇ ਵੱਲ ਰਵਾਨਾ ਹੋਏ ਸਨ। ਪੁਲਿਸ ਨੇ ਪਹਿਲਾਂ ਅਕਲੀਆ ਪਿੰਡ ਨੇੜੇ ਕਾਫ਼ਲੇ ਨੂੰ ਰੋਕਿਆ, ਜਿਸ ਤੋਂ ਬਾਅਦ ਆਗੂ ਹੋਰ ਰਸਤਿਆਂ ਰਾਹੀਂ ਅੱਗੇ ਵਧੇ।
ਜਥੇਬੰਦੀ ਨੇ ਦੋਸ਼ ਲਾਇਆ ਕਿ ਮਾਨਸਾ ਕੈਂਚੀਆਂ ਵਿਖੇ ਪੁਲਿਸ ਦੇ ਨਾਕੇ ਦੌਰਾਨ ਸਿਵਲ ਕੱਪੜਿਆਂ ਵਿੱਚ ਮੌਜੂਦ ਕੁਝ ਵਿਅਕਤੀਆਂ ਨੇ ਕਿਸਾਨ ਆਗੂਆਂ ਨਾਲ ਧੱਕਾ-ਮੁੱਕੀ ਅਤੇ ਬਦਸਲੂਕੀ ਕੀਤੀ। ਜਥੇਬੰਦੀ ਮੁਤਾਬਕ, ਪਿਛਲੇ ਦਿਨ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈਣ ਸਮੇਂ ਵੀ ਇਨ੍ਹਾਂ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ ਸੀ। ਮੌਕੇ ’ਤੇ ਪਹੁੰਚੇ ਪੱਤਰਕਾਰਾਂ ਦੀ ਮੌਜੂਦਗੀ ਵਿੱਚ ਜਥੇਬੰਦੀ ਦੇ ਮੋਹਾਲੀ ਜ਼ਿਲ੍ਹਾ ਕਨਵੀਨਰ ਪਰਦੀਪ ਸਾਹਿਬ ਅਤੇ ਬਠਿੰਡਾ ਜ਼ਿਲ੍ਹੇ ਦੇ ਮੀਤ ਪ੍ਰਧਾਨ ਅਮਰਜੀਤ ਹਨੀ ਨੇ ਪੁਲਿਸ ਤੋਂ ਇਨ੍ਹਾਂ ਵਿਅਕਤੀਆਂ ਬਾਰੇ ਪੁੱਛਿਆ ਤਾਂ ਪੁਲਿਸ ਨੇ ਉਨ੍ਹਾਂ ਦੇ ਸਰਕਾਰੀ ਮੁਲਾਜ਼ਮ ਹੋਣ ਤੋਂ ਇਨਕਾਰ ਕਰ ਦਿੱਤਾ। ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਕਿਸਾਨ ਆਗੂ ਧਰਨੇ ਵਿੱਚ ਪਹੁੰਚੇ।
ਇਸ ਘਟਨਾ ਦੀ ਨਿਖੇਧੀ ਕਰਦਿਆਂ ਮਨਜੀਤ ਸਿੰਘ ਧਨੇਰ ਅਤੇ ਹੋਰ ਆਗੂਆਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਭਾਜਪਾ ਵਾਂਗ ਆਰਐੱਸਐੱਸ ਦੀ ਵਿਚਾਰਧਾਰਾ ’ਤੇ ਚੱਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਵਿੱਚ ਰੋਸ ਪ੍ਰਦਰਸ਼ਨਾਂ ਦੌਰਾਨ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਹੋਈਆਂ ਕਥਿਤ ਕੁੱਟਮਾਰ ਦੀਆਂ ਘਟਨਾਵਾਂ ਵਰਗਾ ਹੀ ਤਰੀਕਾ ਪੰਜਾਬ ਵਿੱਚ ਅਪਣਾਇਆ ਜਾ ਰਿਹਾ ਹੈ।
ਧਨੇਰ ਨੇ ਕਿਹਾ ਕਿ ਪੰਜਾਬ ਦੇ ਲੋਕ ਧੱਕੇਸ਼ਾਹੀ ਅਤੇ ਗ਼ੈਰ-ਕਾਨੂੰਨੀ ਕਾਰਵਾਈਆਂ ਬਰਦਾਸ਼ਤ ਨਹੀਂ ਕਰਨਗੇ ਅਤੇ ਇਨ੍ਹਾਂ ਦਾ ਜਵਾਬ ਲੋਕ-ਤਾਕਤ ਰਾਹੀਂ ਦਿੱਤਾ ਜਾਵੇਗਾ। ਉਨ੍ਹਾਂ ਮਾਨਸਾ ਮੋਰਚੇ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਦਾ ਐਲਾਨ ਵੀ ਕੀਤਾ।




