ਚੰਡੀਗੜ੍ਹ:
ਮਾਰਸ਼ਲ ਆਫ਼ ਦ ਏਅਰ ਫੋਰਸ ਅਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ-2024 ਦਾ 5ਵਾਂ ਸੰਸਕਰਣ 25-30 ਅਪ੍ਰੈਲ, 2024 ਨੂੰ 3 ਬੇਸ ਰਿਪੇਅਰ ਡਿਪੂ (3ਬੀਆਰਡੀ), ਚੰਡੀਗੜ੍ਹ ਵਿਖੇ ਹੋਣ ਵਾਲਾ ਹੈ। ਏਅਰ ਫੋਰਸ ਸਪੋਰਟਸ ਕੰਟਰੋਲ ਬੋਰਡ (AFSCB) 2018 ਤੋਂ ਟੂਰਨਾਮੈਂਟ ਦਾ ਆਯੋਜਨ ਕਰ ਰਿਹਾ ਹੈ। ਯੂਨੀਅਨ ਬੈਂਕ ਆਫ ਇੰਡੀਆ ਇਸ ਸਾਲ ਟੂਰਨਾਮੈਂਟ ਦਾ ਸਹਿਯੋਗੀ ਸਪਾਂਸਰ ਹੈ।
ਇਸ ਗੱਲ ਦੀ ਜਾਣਕਾਰੀ ਏਅਰ ਵਾਈਸ ਮਾਰਸ਼ਲ ਸਰਤਾਜ ਬੇਦੀ, ਅਸਿਸਟੈਂਟ ਚੀਫ਼ ਆਫ਼ ਦਾ ਏਅਰ ਸਟਾਫ (ਸੰਸਥਾ ਅਤੇ ਅਯੋਜਨ) ਨੇ ਅੱਜ 3ਬੀਆਰਡੀ, ਏਅਰ ਫੋਰਸ ਸਟੇਸ਼ਨ, ਚੰਡੀਗੜ੍ਹ ਵਿਖੇ ਟੂਰਨਾਮੈਂਟ ਦੇ ਕਰਟੇਨ ਰੇਜ਼ਰ ਸਮਾਰੋਹ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਦਿੱਤੀ।
ਉਨ੍ਹਾਂ ਅੱਗੇ ਦੱਸਿਆ ਕਿ ਮਾਰਸ਼ਲ ਆਫ ਏਅਰ ਫੋਰਸ ਅਰਜਨ ਸਿੰਘ ਦਾ ਹਾਕੀ ਡੀ ਖੇਡ ਪ੍ਰਤੀ ਜਨੂਨ ਬੇਮਿਸਾਲ ਸੀ। ਉਹ ਨਾ ਸਿਰਫ਼ ਯੁੱਧ ਵਿਚ ਸਗੋਂ ਖੇਡਾਂ ਦੇ ਖੇਤਰ ਵਿਚ ਵੀ ਅੱਗੇ ਵੱਧ ਕੇ ਅਗਵਾਈ ਕਰਨ ਲਈ ਹਵਾਈ ਯੋਧਿਆਂ ਲਈ ਪ੍ਰੇਰਨਾ ਸਰੋਤ ਸਨ। ਭਾਰਤੀ ਹਵਾਈ ਸੈਨਾ ਲਗਾਤਾਰ ਅਥਲੀਟ ਪੈਦਾ ਕਰ ਰਹੀ ਹੈ, ਜਿਨ੍ਹਾਂ ਨੇ ਵੱਖ-ਵੱਖ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ ਅਤੇ ਦੇਸ਼ ਅਤੇ ਭਾਰਤੀ ਹਵਾਈ ਸੈਨਾ ਦਾ ਨਾਮ ਰੌਸ਼ਨ ਕੀਤਾ ਹੈ। ਏਅਰ ਵਾਈਸ ਮਾਰਸ਼ਲ ਸਰਤਾਜ ਬੇਦੀ ਨੇ ਮਾਰਸ਼ਲ ਆਫ ਦਾ ਏਅਰ ਫੋਰਸ ਅਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ-2024 ਦੇ 5ਵੇਂ ਐਡੀਸ਼ਨ ਦੀ ਟਰਾਫੀ ਦੀ ਘੁੰਡ ਚੁਕਾਈ ਰਸਮ ਵੀ ਅਦਾ ਕੀਤੀ।
ਇਸ ਮੌਕੇ ਗਰੁੱਪ ਕੈਪਟਨ ਅਮਿਤ ਧਾਮੀ, ਆਰਗੇਨਾਈਜ਼ਿੰਗ ਸੈਕਟਰੀ ਨੇ ਆਪਣੀ ਪੇਸ਼ਕਾਰੀ ਵਿੱਚ ਮਾਰਸ਼ਲ ਆਫ ਏਅਰ ਫੋਰਸ ਅਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ-2024 ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਟੂਰਨਾਮੈਂਟ ਵਿੱਚ ਕੁੱਲ 12 ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਵਿੱਚ ਦੋ ਵਿਦੇਸ਼ੀ ਟੀਮਾਂ- ਬੰਗਲਾਦੇਸ਼ ਅਤੇ ਸ਼੍ਰੀਲੰਕਾ ਏਅਰਫੋਰਸ ਸ਼ਾਮਲ ਹਨ, ਜਿਸ ਨਾਲ ਇਹ ਇੱਕ ਅੰਤਰਰਾਸ਼ਟਰੀ ਮੁਕਾਬਲਾ ਬਣ ਗਿਆ ਹੈ। ਟੂਰਨਾਮੈਂਟ ਵਿੱਚ ਭਾਰਤੀ ਹਵਾਈ ਸੈਨਾ, ਚੰਡੀਗੜ੍ਹ ਇਲੈਵਨ, ਸਟੇਟ ਬੈਂਕ ਆਫ਼ ਇੰਡੀਆ, ਪੰਜਾਬ ਐਂਡ ਸਿੰਧ ਬੈਂਕ, ਕੇਂਦਰੀ ਉਦਯੋਗਿਕ ਸੁਰੱਖਿਆ ਬਲ, ਪੰਜਾਬ ਪੁਲਿਸ, ਆਰਮੀ ਇਲੈਵਨ, ਭਾਰਤੀ ਜਲ ਸੈਨਾ, ਭਾਰਤੀ ਰੇਲਵੇ ਅਤੇ ਰੇਲ ਕੋਚ ਫੈਕਟਰੀ ਦੀਆਂ ਟੀਮਾਂ ਵੀ ਭਾਗ ਲੈਣਗੀਆਂ।
ਇਹ ਮੈਚ ਰਘਬੀਰ ਸਿੰਘ ਭੋਲਾ ਹਾਕੀ ਸਟੇਡੀਅਮ, 3 ਬੀਆਰਡੀ, ਏਅਰ ਫੋਰਸ ਸਟੇਸ਼ਨ, ਚੰਡੀਗੜ੍ਹ ਵਿਖੇ ਖੇਡੇ ਜਾਣਗੇ। ਇਹ ਮੈਚ 4 ਪੂਲਾਂ ਵਿੱਚ ਵੰਡੀਆਂ ਟੀਮਾਂ ਵਿਚਕਾਰ ਹੋਣਗੇ।ਟੂਰਨਾਮੈਂਟ ਦੀ ਇਨਾਮੀ ਰਾਸ਼ੀ ਇਸ ਪ੍ਰਕਾਰ ਹੈ:-
ਜੇਤੂ – 3,00,000/- ਰੁਪਏ
ਉਪ ਜੇਤੂ – 2,00,000/- ਰੁਪਏ
ਮੈਨ ਆਫ਼ ਦਾ ਮੈਚ – 10,000/- ਰੁਪਏ (ਹਰੇਕ ਮੈਚ)
ਗਰੁੱਪ ਕੈਪਟਨ ਅਰੁਣ ਮਿੱਟੂ, ਚੇਅਰਮੈਨ ਏਅਰ ਫੋਰਸ ਸਪੋਰਟਸ ਕੰਟਰੋਲ ਬੋਰਡ (AFSCB); ਗਰੁੱਪ ਕੈਪਟਨ ਆਨੰਦ ਜੇ ਕਰਵੇ, ਸਟੇਸ਼ਨ ਕਮਾਂਡਰ 3 ਬੀ.ਆਰ.ਡੀ. ਗਰੁੱਪ ਕੈਪਟਨ ਵਾਈਐਸ ਪੰਘਾਲ, ਸਕੱਤਰ ਏ.ਐਫ.ਐਸ.ਸੀ.ਬੀ., ਗਰੁੱਪ ਕੈਪਟਨ ਮਨਪ੍ਰੀਤ ਸਿੰਘ, ਮੁੱਖ ਪ੍ਰਸ਼ਾਸਨ ਅਧਿਕਾਰੀ 3 ਬੀ.ਆਰ.ਡੀ. ਵੀ ਇਸ ਸਮਾਰੋਹ ਵਿੱਚ ਹਾਜ਼ਰ ਸਨ।
ਏਅਰ ਮਾਰਸ਼ਲ ਆਰ ਕੇ ਆਨੰਦ, ਏਅਰ ਅਫਸਰ ਇੰਚਾਰਜ (ਪ੍ਰਸ਼ਾਸਨ) 25 ਅਪ੍ਰੈਲ, 2024 ਨੂੰ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ, ਜਦੋਂ ਕਿ ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ, ਏਅਰ ਸਟਾਫ ਦੇ ਮੁਖੀ 30 ਅਪ੍ਰੈਲ, 2024 ਨੂੰ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ।
