ਲਾਂਡਰਾਂ ਦਾ ਚੌਂਕ ਬਣਾ ਕੇ ਟਰੈਫਿਕ ਜਾਮ ਤੋਂ ਨਿਜਾਤ, ਵਿਜੇ ਇੰਦਰ ਸਿੰਗਲਾ ਦੀ ਦੇਣ : ਕੁਲਜੀਤ ਸਿੰਘ ਬੇਦੀ
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਘਲਾ ਦੇ ਹੱਕ ਵਿੱਚ ਆਪਣੇ ਘਰ ਵਿਖੇ ਵਾਰਡ ਦੀਆਂ ਮਹਿਲਾਵਾਂ ਦੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਹਾਜ਼ਰ ਨਾਰੀ ਸ਼ਕਤੀ ਨੇ ਕਾਂਗਰਸ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਜੇ ਇੰਦਰ ਸਿੰਗਲਾ ਦੀ ਭੈਣ ਸ਼੍ਰੀਮਤੀ ਰਾਧਿਕਾ, ਪਰਪ੍ਰੀਤ ਕੌਰ ਬਰਾੜ ਮਹਿਲਾ ਕਾਂਗਰਸ ਸਕੱਤਰ, ਤਰਨਜੀਤ ਕੌਰ ਗਿੱਲ ਸਾਬਕਾ ਕੌਂਸਲਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਵਿਜੇ ਇੰਦਰ ਸਿੰਗਲਾ ਦੇ ਹੱਕ ਵਿੱਚ ਸੱਦੀ ਗਈ ਇਹ ਮੀਟਿੰਗ ਇੱਕ ਤਰ੍ਹਾਂ ਦੀ ਚੋਣ ਰੈਲੀ ਦਾ ਹੀ ਰੂਪ ਧਾਰਨ ਕਰ ਗਈ।
ਇਸ ਮੌਕੇ ਬੋਲਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਵਿਜੇ ਇੰਦਰ ਸਿੰਗਲਾ ਇਕ ਦੂਰਦਰਸ਼ੀ ਆਗੂ ਹਨ ਜੋ ਜਿਹੜੇ ਵੀ ਇਲਾਕੇ ਵਿੱਚ ਹੋਣ ਉਸ ਇਲਾਕੇ ਦੇ ਲੋਕਾਂ ਦੀ ਲੋੜ ਅਨੁਸਾਰ ਵਿਕਾਸ ਕਾਰਜਾਂ ਨੂੰ ਪਹਿਲਾਂ ਹੀ ਭਾਂਪ ਲੈਂਦੇ ਹਨ ਤੇ ਉਸੇ ਅਨੁਸਾਰ ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਵਿਕਾਸ ਕਾਰਜ ਕਰਵਾਉਂਦੇ ਹਨ ਤੇ ਨਵੇਂ ਪ੍ਰੋਜੈਕਟ ਵੀ ਲਿਆਉਂਦੇ ਹਨ। ਡਿਪਟੀ ਮੇਅਰ ਨੇ ਕਿਹਾ ਕਿ ਆਪਣੇ ਪੀਡਬਲਡੀ ਮੰਤਰੀ ਦੇ ਸਮੇਂ ਦੇ ਕਾਰਜਕਾਲ ਦੌਰਾਨ ਵਿਜੇ ਇੰਦਰ ਸਿੰਘਲਾ ਨੇ ਮੋਹਾਲੀ ਇਲਾਕੇ ਦੀ ਸਭ ਤੋਂ ਵੱਡੀ ਸਮੱਸਿਆ ਲਾਂਡਰਾਂ ਉੱਤੇ ਲੱਗਦੇ ਟਰੈਫਿਕ ਦੇ ਜਾਮ ਦੀ ਸਮੱਸਿਆ ਨੂੰ ਹੱਲ ਕਰਾਉਣ ਲਈ ਇੱਥੇ ਸੜਕ ਨੂੰ ਸਿੱਧਾ ਕੀਤਾ, ਚੌੜੀ ਸੜਕ ਬਣਾਈ ਅਤੇ ਇਸ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਕੀਤਾ। ਅੱਜ ਲਾਂਡਰਾਂ ਲਾਈਟਾਂ ਉੱਤੇ ਟਰੈਫਿਕ ਦੀ ਸਮੱਸਿਆ ਖਤਮ ਹੋ ਚੁੱਕੀ ਹੈ।
ਉਹਨਾਂ ਕਿਹਾ ਕਿ ਇਹੀ ਨਹੀਂ ਆਪਣੇ ਕਾਰਜ ਕਾਲ ਦੌਰਾਨ ਵਿਜੇ ਇੰਦਰ ਸਿੰਗਲਾ ਨੇ ਸੰਗਰੂਰ ਵਿਖੇ ਜਿੱਥੋਂ ਉਹ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਰਹੇ, ਪੀਜੀਆਈ ਬਣਵਾਇਆ ਅਤੇ ਕੈਂਸਰ ਹਸਪਤਾਲ ਵੀ ਬਣਵਾਇਆ। ਇਸ ਤੋਂ ਇਲਾਵਾ ਇੱਥੋਂ ਦੇ ਖੇਡ ਸਟੇਡੀਅਮ ਨੂੰ ਅਪਗ੍ਰੇਡ ਕਰਵਾਇਆ, ਬੁਨਿਆਦੀ ਢਾਂਚੇ ਨੂੰ ਮਜਬੂਤ ਕੀਤਾ ਤੇ ਇਲਾਕੇ ਦੇ ਲੋਕ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਹਨ।
ਡਿਪਟੀ ਮੇਅਰ ਬੇਦੀ ਨੇ ਕਿਹਾ ਕਿ ਅਜਿਹੇ ਸੂਝਵਾਨ ਅਤੇ ਦੂਰਦਰਸ਼ੀ ਆਗੂ ਦਾ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਆਉਣ ਨਾਲ ਮੋਹਾਲੀ ਨੂੰ ਵਿਸ਼ੇਸ਼ ਫਾਇਦਾ ਹੋਵੇਗਾ। ਇਸ ਨਾਲ ਮੋਹਾਲੀ ਨੂੰ ਨਵੇਂ ਪ੍ਰੋਜੈਕਟ ਵੀ ਮਿਲਣਗੇ ਅਤੇ ਪੁਰਾਣੇ ਪ੍ਰੋਜੈਕਟਾਂ ਉੱਤੇ ਵੀ ਵਧੀਆ ਢੰਗ ਨਾਲ ਕੰਮ ਹੋ ਸਕੇਗਾ। ਉਹਨਾਂ ਸਾਰਿਆਂ ਨੂੰ ਇਕ ਜੂਨ ਨੂੰ ਵਿਜੇ ਇੰਦਰ ਸਿੰਗਲਾ ਦੇ ਹੱਕ ਵਿੱਚ ਵੱਡੇ ਪੱਧਰ ਤੇ ਵੋਟਾਂ ਪਾਉਣ ਦੀ ਬੇਨਤੀ ਕੀਤੀ।
ਇਸ ਮੌਕੇ ਵਿੱਕੀ ਔਲਖ, ਜਗਜੀਤ ਕੌਰ ਸਿੱਧੂ, ਜਤਿੰਦਰ ਕੌਰ, ਸੀਮਾ ਸਿੰਗਲਾ, ਕੁਲਵੰਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਔਰਤਾਂ ਹਾਜ਼ਰ ਰਹੀਆਂ।