ਪੰਜਾਬ ਦੇ ਲੋਕ ਬਹੁਤ ਸੂਝਵਾਨ; ਗਦਾਰਾਂ ਨੂੰ ਨਹੀਂ ਲਾਉਣਗੇ ਮੂੰਹ: ਡਿਪਟੀ ਮੇਅਰ
ਮੋਹਾਲੀ: ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ, ਖਾਸ ਤੌਰ ਤੇ ਚੋਣਾਂ ਵੇਲੇ ਦਲ ਬਦਲੀ ਕਰਨ ਵਾਲੇ ਆਗੂ ਇਖਲਾਕ ਤੋਂ ਗਿਰੇ ਹੋਏ ਲੋਕ ਹਨ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਪੰਜਾਬ ਦੇ ਲੋਕ ਵੋਟ ਨਹੀਂ ਪਾਉਣਗੇ ਕਿਉਂਕਿ ਪੰਜਾਬ ਕਦੇ ਵੀ ਗਦਾਰਾਂ ਨੂੰ ਮੂੰਹ ਨਹੀਂ ਲਾਉਂਦਾ।
ਇੱਕ ਬਿਆਨ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਜਿਹੜੀਆਂ ਪਾਰਟੀਆਂ ਆਪਣੇ ਆਗੂਆਂ ਨੂੰ ਪੂਰਾ ਮਾਣ ਸਨਮਾਨ ਦਿੰਦੀਆਂ ਹਨ ਅਤੇ ਉਸ ਪੱਧਰ ਤੱਕ ਪਹੁੰਚਾਉਂਦੀਆਂ ਹਨ ਜਿਸ ਤੱਕ ਪਹੁੰਚਣਾ ਉਹਨਾਂ ਦੇ ਆਪ ਦੇ ਵੱਸ ਦੀ ਗੱਲ ਨਹੀਂ ਹੁੰਦੀ ਤਾਂ ਅਜਿਹੇ ਲੋਕ ਜੇਕਰ ਆਪਣੀ ਵਫਾਦਾਰੀ ਤੋਂ ਮੁਨਕਰ ਹੋ ਕੇ ਆਪਣੇ ਨਿੱਜੀ ਮੁਫਾਦਾਂ ਲਈ ਹੋਰਨਾ ਪਾਰਟੀਆਂ ਵੱਲ ਭੱਜਦੇ ਹਨ, ਤਾਂ ਉਹ ਆਪਣੀ ਮਾਂ ਪਾਰਟੀ ਦੇ ਗਦਾਰ ਹੀ ਹੁੰਦੇ ਹਨ। ਉਹਨਾਂ ਕਿਹਾ ਕਿ ਮਾਂ ਪਾਰਟੀ ਦਾ ਕੈਡਰ ਤਾਂ ਇਹਨਾਂ ਤੋਂ ਪੂਰੀ ਤਰ੍ਹਾਂ ਟੁੱਟ ਹੀ ਜਾਂਦਾ ਹੈ, ਦੂਜੀ ਪਾਰਟੀ ਦੇ ਲੋਕ ਵੀ ਇਹਨਾਂ ਨੂੰ ਬਹੁਤਾ ਮੂੰਹ ਨਹੀਂ ਲਾਉਂਦੇ ਕਿਉਂਕਿ ਇਹਨਾਂ ਨੇ ਨਵੀਂ ਪਾਰਟੀ ਵਿੱਚ ਵੀ ਕਿਸੇ ਨਾ ਕਿਸੇ ਦਾ ਹੱਕ ਹੀ ਮਾਰਨਾ ਹੁੰਦਾ ਹੈ।
ਉਹਨਾਂ ਕਿਸੇ ਦਾ ਨਾਂ ਲਏ ਬਗੈਰ ਕਿਹਾ ਕਿ ਪਾਰਟੀ ਨੇ ਕਈ ਵਾਰ ਅਜਿਹੇ ਆਗੂਆਂ ਨੂੰ ਵਿਧਾਇਕ ਅਤੇ ੍ਰਮੈਂਬਰ ਪਾਰਲੀਮੈਟ ਦੀਆਂ ਟਿਕਟਾਂ ਦੇ ਕੇ ਜਤਾਇਆ ਹੈ ਤੇ ਹਮੇਸ਼ਾ ਪਾਰਟੀ ਆਪਣੇ ਆਗੂਆਂ ਨਾਲ ਖੜੀ ਰਹੀ ਹੈ ਪਰ ਇਹ ਆਗੂ ਆਪਣੇ ਨਿਜੀ ਮੁਫਾਦਾਂ ਦੀ ਪੂਰਤੀ ਲਈ ਜਾਂ ਕਿਸੇ ਦਬਾਅ ਹੇਠ ਪਾਰਟੀ ਛੱਡ ਕੇ ਜਾਂਦੇ ਹਨ ਤਾਂ ਅਜਿਹੇ ਬਿਆਨ ਦਿੰਦੇ ਹਨ ਕਿ ਉਹਨਾਂ ਦਾ ਸਾਹ ਆਪਣੀ ਮਾਂ ਪਾਰਟੀ ਵਿੱਚ ਘੁੱਟ ਰਿਹਾ ਸੀ।
ਉਹਨਾਂ ਕਿਹਾ ਕਿ ਅਜਿਹੇ ਆਗੂਆਂ ਨੂੰ ਉਹਨਾਂ ਦੀ ਪਾਰਟੀ ਦੇ ਲੋਕ ਕਿਵੇਂ ਮਾਫ ਕਰ ਸਕਦੇ ਹਨ ਜਾਂ ਪੰਜਾਬ ਦੇ ਲੋਕ ਕਿਵੇਂ ਜਰ ਸਕਦੇ ਹਨ? ਉਹਨਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਅਜਿਹੇ ਆਗੂ ਦੂਜੀ ਪਾਰਟੀ ਦੇ ਲੋਕਾਂ ਤੋਂ ਵੋਟਾਂ ਕਿਹੜੇ ਮੂੰਹ ਨਾਲ ਮੰਗਣਗੇ ਜਿਸ ਪਾਰਟੀ ਦੇ ਖਿਲਾਫ ਇਹਨਾਂ ਨੇ ਹਮੇਸ਼ਾ ਝੰਡਾ ਚੁੱਕੀ ਰੱਖਿਆ ਹੋਵੇ, ਅਤੇ ਬਿਆਨਬਾਜੀ ਕਰਦੇ ਰਹੇ ਹੋਣ।
ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸੂਝਵਾਨ ਹਨ ਅਤੇ ਅਜਿਹੇ ਪਾਰਟੀਆਂ ਛੱਡ ਕੇ ਆਪਣੇ ਨਿੱਜੀ ਮੁਫਾਦਾਂ ਦੀ ਪੂਰਤੀ ਕਰਨ ਵਾਲੇ ਆਗੂਆਂ ਨੂੰ ਇਸ ਵਾਰ ਪੰਜਾਬ ਤੋਂ ਬਾਹਰ ਦਾ ਰਾਹ ਦਿਖਾਉਣਗੇ।
ਉਹਨਾਂ ਕਿਹਾ ਕਿ ਪਾਰਟੀਆਂ ਨੂੰ ਵੀ ਅਜਿਹੇ ਦਲ ਬਦਲੂਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਆਪਣੀ ਮਾਂ ਪਾਰਟੀ ਨਾਲ ਗਦਾਰੀ ਕਰ ਸਕਦਾ ਹੈ, ਉਹ ਦੂਜੀ ਨਵੀਂ ਜੁਆਇੰਨ ਕੀਤੀ ਪਾਰਟੀ ਨਾਲ ਤਾਂ ਕਦੇ ਵੀ ਗਦਾਰੀ ਕਰ ਸਕਦਾ ਹੈ।
