ਮੁੱਖ ਸਕੱਤਰ ਨੇ ਸੀ.ਏ. ਗਮਾਡਾ ਨਾਲ ਮੀਟਿੰਗ ਕਰਕੇ ਅਥਾਰਿਟੀ ਦੀ ਮੀਟਿੰਗ ‘ਚ ਏਜੰਡਾ ਪਾਉਣ ਦਾ ਕੀਤਾ ਵਾਅਦਾ
ਐਸ.ਏ.ਐਸ.ਨਗਰ:
ਐਂਟੀ-ਐਨਹਾਂਸਮੈਂਟ ਕਮੇਟੀ ਸੈਕਟਰ 76–80 ਦਾ ਇੱਕ ਵਫ਼ਦ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ‘ਚ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੂੰ ਪੰਜਾਬ ਵਿਧਾਨ ਸਭਾ ‘ਚ ਮਿਲਿਆ ਅਤੇ ਮੰਗ ਰੱਖੀ ਕਿ ਗਮਾਡਾ ਵੱਲੋਂ ਸੈਕਟਰ 76-80 ਮੋਹਾਲੀ ਦੇ ਅਲਾਟੀਆਂ ਉੱਤੇ ਪਾਇਆ ਜਾ ਰਿਹਾ ਕਰੋੜਾਂ ਦਾ ਵਿਆਜ ਤੁਰੰਤ ਵਾਪਿਸ ਲਿਆ ਜਾਵੇ।
ਵਫਦ, ਜਿਸ ਵਿੱਚ ਐਂਟੀ ਐਨਹਾਂਸਮੈਂਟ ਕਮੇਟੀ ਦੇ ਕਨਵੀਨਰ ਸੁਖਦੇਵ ਸਿੰਘ ਪਟਵਾਰੀ, ਜਨਰਲ ਸਕੱਤਰ ਜੀ.ਐਸ ਪਠਾਨੀਆਂ, ਜਾਇੰਟ ਸਕੱਤਰ ਜਰਨੈਲ ਸਿੰਘ, ਆਪ ਦੇ ਬਲਾਕ ਪ੍ਰਧਾਨ ਰਾਜੀਵ ਵਸ਼ਿਸ਼ਟ, ਕੌਂਸਲਰ ਹਰਜੀਤ ਸਿੰਘ ਭੋਲੂ, ਮੈਡਮ ਚਰਨਜੀਤ ਕੌਰ ਸ਼ਾਮਲ ਸਨ, ਨੇ ਮਿਲ ਕੇ ਮੰਗ ਕੀਤੀ ਕਿ ਸਾਲ 2001 ਵਿੱਚ ਗਮਾਡਾ ਨੇ ਇਹ ਪਲਾਟ ਕੱਢੇ ਸਨ ਜੋ 2008, 2014 ‘ਚ ਲੋਕਾਂ ਨੂੰ ਦਿੱਤੇ ਗਏ ਅਤੇ ਕੁਝ ਅਜੇ ਵੀ ਅਲਾਟ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਗਮਾਡਾ ਨੇ ਪਹਿਲੀ ਵਾਰ ਹੀ ਨੋਟਿਸ ਕੱਢਿਆ ਹੈ, ਜਿਸ ਵਿੱਚ ਲੋਕਾਂ ਉੱਪਰ 1650 ਰੁਪਏ ਪ੍ਰਤੀ ਵ. ਮੀਟਰ ਦਾ ਵਿਆਜ ਲਾ ਕੇ ਲੋਕਾਂ ਨੂੰ ਭਰਨ ਲਈ ਕਿਹਾ ਜਾ ਰਿਹਾ ਹੈ।
ਵਫ਼ਦ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਇਸ ਖੇਤਰ ਵਿੱਚ ਬਹੁਤ ਸਾਰੀ ਕਮਰਸ਼ੀਅਲ ਜ਼ਮੀਨ ਅਜੇ ਵੇਚਣ ਵਾਲੀ ਪਈ ਹੈ ਜਿਸ ਦੀ ਕੀਮਤ ਰਿਹਾਇਸ਼ੀ ਪਲਾਟਾਂ ਤੋਂ ਦਸ ਗੁਣਾ ਮਹਿੰਗੀ ਹੈ ਅਤੇ ਕੁਝ ਜ਼ਮੀਨ ਇੰਨਾਂ ਸੈਕਟਰਾਂ ਤੋਂ ਬਾਹਰ ਦੀ ਵੀ ਇਹਨਾਂ ਸੈਕਟਰਾਂ ‘ਚ ਗਿਣੀ ਗਈ ਹੈ। ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਲੋਕਾਂ ਨੂੰ ਜਰੂਰ ਰਾਹਤ ਮਿਲਣੀ ਚਾਹੀਦੀ ਹੈ।
ਵਿਧਾਇਕ ਅਨੁਸਾਰ ਮੁੱਖ ਸਕੱਤਰ ਨੇ ਗੱਲਬਾਤ ਸੁਣਨ ਤੋਂ ਬਾਅਦ ਸੀ.ਏ. ਗਮਾਡਾ ਨਾਲ ਜਲਦੀ ਹੀ ਮੀਟਿੰਗ ਕਰਵਾ ਕੇ ਮਸਲਾ ਏਜੰਡੇ ਦੇ ਰੂਪ ‘ਚ ਅਥਾਰਿਟੀ ਦੀ ਮੀਟਿੰਗ ਵਿੱਚ ਪਾਉਣ ਦਾ ਭਰੋਸਾ ਦਿੱਤਾ। ਵਫਦ ਨੇ ਵਿਧਾਇਕ ਸ. ਕੁਲਵੰਤ ਸਿੰਘ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਮੁਸ਼ਕਿਲ ਨੂੰ ਸਹੀ ਢੰਗ ਨਾਲ ਮੁੱਖ ਸਕੱਤਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।