ਤਲਵੰਡੀ ਸਾਬੋ ਰੇਲ ਲਿੰਕ ਨੂੰ ਮਨਜ਼ੂਰੀ: ਤਖ਼ਤ ਸ੍ਰੀ ਦਮਦਮਾ ਸਾਹਿਬ ਹੁਣ ਰੇਲ ਜਾਲ ਨਾਲ ਜੁੜੇਗਾ, ਇਤਿਹਾਸਕ ਫੈਸਲਾ
DPB | ਬਠਿੰਡਾ
ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਪਵਿੱਤਰ ਧਰਤੀ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਨੂੰ ਰੇਲਵੇ ਲਿੰਕ ਦੀ ਮਨਜ਼ੂਰੀ ਮਿਲਣ ਨਾਲ ਇੱਕ ਇਤਿਹਾਸਕ ਮੀਲ ਪੱਥਰ ਸਥਾਪਿਤ ਹੋਇਆ ਹੈ। ਇਸ ਪ੍ਰੋਜੈਕਟ ਨਾਲ ਹੁਣ ਪੰਜੇ ਤਖ਼ਤ ਰੇਲ ਮਾਰਗ ਰਾਹੀਂ ਆਪਸ ਵਿੱਚ ਜੁੜ ਜਾਣਗੇ, ਜੋ ਧਾਰਮਿਕ ਤੇ ਖੇਤਰੀ ਕਨੈਕਟਿਵਿਟੀ ਨੂੰ ਮਜ਼ਬੂਤ ਕਰੇਗਾ।
ਇਸ ਮੌਕੇ ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ,“ਇਹ ਪ੍ਰੋਜੈਕਟ ਸਿਰਫ਼ ਰੇਲਵੇ ਲਾਈਨ ਨਹੀਂ, ਸਗੋਂ ਪੰਜਾਬ ਲਈ ਆਸਥਾ, ਮਾਣ ਅਤੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਇਨਸਾਫ਼ ਦਾ ਪ੍ਰਤੀਕ ਹੈ।”ਉਨ੍ਹਾਂ ਕਿਹਾ ਕਿ ਇਸ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਬਾਕੀ ਚਾਰ ਤਖ਼ਤਾਂ ਨਾਲ ਸਿੱਧੀ ਰੇਲ ਕਨੈਕਟਿਵਿਟੀ ਮਿਲੇਗੀ।
📌 ਪ੍ਰੋਜੈਕਟ ਦੇ ਮੁੱਖ ਬਿੰਦੂ:
ਰੇਲ ਲਾਈਨ: ਰਾਮਾਂ ਮੰਡੀ–ਸੱਦਾ ਸਿੰਘਵਾਲਾ ਨਵੀਂ ਬ੍ਰੌਡ ਗੇਜ ਲਾਈਨ
ਲੰਬਾਈ: 42.9 ਕਿਲੋਮੀਟਰ
ਲਾਗਤ: ₹1118.47 ਕਰੋੜ (ਔਸਤ ₹26.07 ਕਰੋੜ ਪ੍ਰਤੀ ਕਿਮੀ)
ਖੇਤਰ: ਮਾਨਸਾ ਅਤੇ ਬਠਿੰਡਾ ਜ਼ਿਲ੍ਹੇ
ਜ਼ਮੀਨ ਦੀ ਲੋੜ: 192.42 ਹੈਕਟੇਅਰ
ਸਟੇਸ਼ਨ: ਕੁੱਲ 6 (2 ਮੌਜੂਦਾ + 4 ਨਵੇਂ – ਲਾਲੇਆਣਾ, ਤਲਵੰਡੀ ਸਾਬੋ, ਜਗਾ ਰਾਮ ਤੀਰਥ, ਕਮਾਲੂ ਸਵੈਚ)
ਪੂਰੀ ਤਰ੍ਹਾਂ ਫਾਟਕ ਰਹਿਤ (Level Crossing Free) ਲਾਈਨ
2 ਵੱਡੇ ਪੁਲ, 56 ਛੋਟੇ ਪੁਲ, 55 ਰੋਡ ਅੰਡਰ ਬ੍ਰਿਜ (RUBs)
2×25 KV ਇਲੈਕਟ੍ਰਿਕ ਟ੍ਰੈਕਸ਼ਨ
ਆਧੁਨਿਕ MACLS-III ਸਿਗਨਲ ਸਿਸਟਮ
ਰਵਨੀਤ ਸਿੰਘ ਨੇ ਦੱਸਿਆ ਕਿ ਬਠਿੰਡਾ ਰੇਲਵੇ ਸਟੇਸ਼ਨ ਦੇ ਕਰੀਬ ₹100 ਕਰੋੜ ਦੇ ਨਵੀਨੀਕਰਨ ਪ੍ਰੋਜੈਕਟ ਨੂੰ ਵੀ ਜਲਦ ਮਨਜ਼ੂਰੀ ਮਿਲੇਗੀ।
ਮੰਤਰੀ ਨੇ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ,“ਕਾਂਗਰਸ, ਆਪ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਦਹਾਕਿਆਂ ਤੱਕ ਸੱਤਾ ਵਿੱਚ ਰਹਿੰਦੇ ਹੋਏ ਵੀ ਪੰਜਾਬ ਦੇ ਬੁਨਿਆਦੀ ਢਾਂਚੇ ਅਤੇ ਸਿੱਖ ਵਿਰਾਸਤ ਨੂੰ ਅਣਡਿੱਠਾ ਕੀਤਾ।”
ਉਨ੍ਹਾਂ ਅੱਗੇ ਕਿਹਾ ਕਿ,“ਇਨ੍ਹਾਂ ਪਾਰਟੀਆਂ ਨੇ ਸਿਆਸੀ ਲਾਹੇ ਲਈ ਲੋਕਾਂ ਦੀਆਂ ਭਾਵਨਾਵਾਂ ਦੀ ਵਰਤੋਂ ਤਾਂ ਕੀਤੀ, ਪਰ ਪੰਜੇ ਤਖ਼ਤਾਂ ਨੂੰ ਰੇਲ ਰਾਹੀਂ ਜੋੜਨ ਵਰਗੇ ਠੋਸ ਕਦਮ ਨਹੀਂ ਚੁੱਕੇ।”
ਅੰਤ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਵਿਕਾਸ ਰਾਹੀਂ ਸਿੱਖ ਆਸਥਾ ਦਾ ਸਨਮਾਨ ਕੀਤਾ ਹੈ ਅਤੇ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਪੂਰਾ ਕੀਤਾ ਹੈ।





