Follow us

05/12/2023 2:40 pm

Download Our App

Home » News In Punjabi » ਕਾਰੋਬਾਰ » ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ‘ਤੇ ਸਖ਼ਤੀ, 3.50 ਲੱਖ ਦੇ ਚਲਾਨ

ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ‘ਤੇ ਸਖ਼ਤੀ, 3.50 ਲੱਖ ਦੇ ਚਲਾਨ

56 ਬੱਸਾਂ ਦੀ ਚੈਕਿੰਗ, 21 ਬੱਸਾਂ ਦੇ 3.50 ਲੱਖ ਰੁਪਏ ਦੇ ਚਲਾਨ , ਦੋ ਬੱਸਾਂ ਜ਼ਬਤ ਕੀਤੀਆਂ

ਚੰਡੀਗੜ੍ਹ : ਸੜਕ ਸੁਰੱਖਿਆ ਅਤੇ ਸੜਕੀ ਨਿਯਮਾਂ ਦੀ ਪਾਲਣਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਜਲੰਧਰ ਅਤੇ ਸ਼ਹਿਰ ਨੇੜਲੀਆਂ ਤਿੰਨ ਥਾਵਾਂ ‘ਤੇ ਬੱਸਾਂ ਦੀ ਚੈਕਿੰਗ ਕੀਤੀ। ਕੈਬਨਿਟ ਮੰਤਰੀ ਦੀ ਮੌਜੂਦਗੀ ਵਿੱਚ ਬਿਨਾਂ ਦਸਤਾਵੇਜ਼ਾਂ ਜਾਂ ਅਧੂਰੇ ਦਸਤਾਵੇਜ਼ਾਂ ਤੋਂ ਚੱਲ ਰਹੀਆਂ ਦੋ ਬੱਸਾਂ ਨੂੰ ਜ਼ਬਤ ਕਰਨ ਸਣੇ 21 ਬੱਸਾਂ ਦੇ ਵੱਖ-ਵੱਖ ਉਲੰਘਣਾਵਾਂ ਲਈ ਚਲਾਨ ਕੀਤੇ ਗਏ। ਚਲਾਨ ਕੀਤੀਆਂ ਬੱਸਾਂ ਵਿੱਚ ਦੋ ਸਰਕਾਰੀ ਬੱਸਾਂ ਵੀ ਸ਼ਾਮਲ ਹਨ, ਜੋ ਅਣਅਧਿਕਾਰਤ ਰੂਟ ‘ਤੇ ਚੱਲ ਰਹੀਆਂ ਸਨ।

ਕੈਬਨਿਟ ਮੰਤਰੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਸੂਬੇ ਦੀਆਂ ਸੜਕਾਂ ‘ਤੇ ਲੋਕਾਂ ਦੀ ਸੁਰੱਖਿਆ ਅਤੇ ਬੱਸ ਚਾਲਕਾਂ ਦੁਆਰਾ ਸੜਕੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਮਨਸ਼ੇ ਨਾਲ ਜਲੰਧਰ ਬੱਸ ਸਟੈਂਡ ਦੇ ਆਲੇ-ਦੁਆਲੇ, ਜਲੰਧਰ-ਪਠਾਨਕੋਟ ਰੋਡ ‘ਤੇ ਕਿਸ਼ਨਗੜ੍ਹ ਅਤੇ ਜਲੰਧਰ-ਅੰਮ੍ਰਿਤਸਰ ਰੋਡ ‘ਤੇ ਕਰਤਾਰਪੁਰ ਵਿਖੇ ਕੀਤੀ ਗਈ ਚੈਕਿੰਗ ਦੌਰਾਨ ਕੁੱਲ 56 ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਵਿਜੈ ਬੱਸ ਸਰਵਿਸ ਦੀ ਬੱਸ ਨੰਬਰ ਐਨ.ਐਲ-02ਬੀ 3020 ਨੂੰ ਰਿਜਨਲ ਟਰਾਂਸਪੋਰਟ ਅਥਾਰਟੀ ਦੀ ਲੋੜੀਂਦੀ ਪ੍ਰਵਾਨਗੀ ਤੋਂ ਬਿਨਾਂ ਚਲਾਏ ਜਾਣ ਲਈ 50,000 ਰੁਪਏ ਦਾ ਭਾਰੀ ਜੁਰਮਾਨਾ ਕੀਤਾ ਗਿਆ। ਖਹਿਰਾ ਸਲੀਪਰਜ਼ ਦੀ ਬੱਸ ਨੰਬਰ ਯੂ.ਪੀ-31ਟੀ 3737 ਵਿੱਚ ਯਾਤਰੀਆਂ ਦੀ ਵੱਧ ਸਮਰੱਥਾ ਹੋਣ ਕਾਰਨ 50,000 ਰੁਪਏ ਦਾ ਚਲਾਨ ਕੀਤਾ ਗਿਆ। ਇਸ ਤੋਂ ਇਲਾਵਾ ਇੰਡੋ-ਕੈਨੇਡੀਅਨ ਸਰਵਿਸ ਦੀ ਬੱਸ ਨੰਬਰ ਪੀ.ਬੀ-01ਸੀ 9726 ਨੂੰ ਪਰਮਿਟ ਨਿਯਮਾਂ ਦੀ ਉਲੰਘਣਾ ਕਾਰਨ 10,000 ਰੁਪਏ ਦਾ ਜੁਰਮਾਨਾ ਕੀਤਾ ਗਿਆ।

ਇਸੇ ਤਰ੍ਹਾਂ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਅਤੇ ਅਧੂਰੇ ਦਸਤਾਵੇਜ਼ਾਂ ਕਾਰਨ 18 ਪ੍ਰਾਈਵੇਟ ਬੱਸਾਂ ਦੇ 2 ਲੱਖ ਰੁਪਏ ਤੋਂ ਵੱਧ ਦੇ ਚਲਾਨ ਕੱਟੇ ਗਏ, ਜਿਨ੍ਹਾਂ ਵਿੱਚ ਕਰਤਾਰ ਬੱਸ ਦੀਆਂ ਤਿੰਨ ਬੱਸਾਂ, ਪਟਿਆਲਾ ਐਕਸਪ੍ਰੈਸ ਅਤੇ ਪਟਿਆਲਾ ਹਾਈਵੇਜ਼ ਦੀਆਂ ਦੋ-ਦੋ ਅਤੇ ਨਿੱਝਰ ਮਿੰਨੀ ਬੱਸ, ਪ੍ਰਕਾਸ਼ ਬੱਸ, ਲਿਬੜਾ ਬੱਸ, ਸ਼ੇਖੂਪੁਰਾ ਬੱਸ ਸਰਵਿਸ, ਨਰਵਾਲ ਬੱਸ, ਬਾਈ ਜੀ ਟਰਾਂਸਪੋਰਟ, ਰਾਜਗੁਰੂ ਅਤੇ ਮੋਹਾਲੀ ਬੱਸ ਦੀ ਇੱਕ-ਇੱਕ ਬੱਸ ਸ਼ਾਮਲ ਹੈ ਜਦਕਿ ਪਿਆਰ ਬੱਸ ਅਤੇ ਕਰਤਾਰ ਬੱਸ ਸਰਵਿਸ ਦੀਆਂ ਬਿਨਾਂ ਦਸਤਾਵੇਜ਼ਾਂ ਤੋਂ ਚਲ ਰਹੀਆਂ ਦੋ ਬੱਸਾਂ ਮੌਕੇ ‘ਤੇ ਹੀ ਜ਼ਬਤ ਕੀਤੀਆਂ ਗਈਆਂ।

ਕਰਤਾਰਪੁਰ ਵਿਖੇ ਚੈਕਿੰਗ ਦੌਰਾਨ ਟਰਾਂਸਪੋਰਟ ਮੰਤਰੀ ਨੇ ਪੰਜਾਬ ਰੋਡਵੇਜ਼ ਦੀਆਂ ਦੋ ਬੱਸਾਂ (ਨੰਬਰ ਪੀ.ਬੀ-08-ਈ.ਸੀ 4529 ਅਤੇ ਪੀ.ਬੀ-65-ਏ.ਟੀ 0543) ਨੂੰ ਅਣ-ਨਿਰਧਾਰਿਤ ਰੂਟ ‘ਤੇ ਚਲਦਾ ਪਾਇਆ। ਇਹ ਬੱਸਾਂ ਪੁਲ ਦੇ ਹੇਠਾਂ ਤੋਂ ਜਾਣ ਦੀ ਬਜਾਏ ਪੁਲ ਉਪਰੋਂ ਲੰਘ ਰਹੀਆਂ ਸਨ। ਦੋਵਾਂ ਬੱਸਾਂ ਦੇ ਡਰਾਈਵਰਾਂ ਦੇ ਅਣਅਧਿਕਾਰਤ ਰੂਟਾਂ ‘ਤੇ ਚੱਲਣ ਲਈ ਚਲਾਨ ਕੀਤੇ ਗਏ।

ਸਵਾਰੀਆਂ ਅਤੇ ਹੋਰ ਰਾਹਗੀਰਾਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਨਾ ਪਾਉਣ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਬਿਨਾਂ ਢੁਕਵੇਂ ਦਸਤਾਵੇਜ਼ਾਂ ਅਤੇ ਪਰਮਿਟਾਂ ਦੇ ਕਿਸੇ ਵੀ ਬੱਸ ਨੂੰ ਚਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਚਨਚੇਤ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਿਰਧਾਰਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ਦੇ ਚਲਾਨ ਕੱਟਣ ਅਤੇ ਇਨ੍ਹਾਂ ਨੂੰ ਜ਼ਬਤ ਕਰਨ।

ਸ. ਭੁੱਲਰ ਨੇ ਸੂਬੇ ਦੀਆਂ ਸੜਕਾਂ ‘ਤੇ ਚੱਲਣ ਵਾਲੀਆਂ ਸਾਰੀਆਂ ਬੱਸਾਂ ਦੁਆਰਾ ਸੜਕੀ ਨਿਯਮਾਂ ਦੀ ਪਾਲਣਾ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੇ ਦ੍ਰਿੜ੍ਹ ਸੰਕਲਪ ਹੋਣ ਦਾ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਨਿਯਮਾਂ ਨੂੰ ਲਾਗੂ ਕਰਨਾ ਲਾਜ਼ਮੀ ਹੈ।

dawn punjab
Author: dawn punjab

Leave a Comment

RELATED LATEST NEWS