ਮੁਲਾਜ਼ਮਾਂ ਨੇ ਵਿਧਾਨ ਸਭਾ ਵੱਲ ਮਾਰਚ ਕਰਨ ਉਪਰੰਤ ਪੰਜਾਬ ਸਰਕਾਰ ਨੂੰ ਸੁਮੱਤ ਬਖ਼ਸ਼ਣ ਲਈ ਕੀਤੀ ਅਰਦਾਸ
ਘਬਰਾਈ ਸਰਕਾਰ ਵੱਲੋਂ ਵਿਧਾਨ ਸਭਾ ਸੈਸ਼ਨ ਅਣਮਿੱਥੇ ਸਮੇਂ ਲਈ ਸਥਾਗਿਤ
ਚੰਡੀਗੜ੍ਹ :
ਪੰਜਾਬ ਸਕੱਤਰੇਤ ਇਮਾਰਤ ਵਿਚ ਸਥਿਤ ਦਫਤਰਾਂ ਦੇ ਮੁਲਾਜਮਾਂ ਨੇ ਅੱਜ ਲੰਚ ਸਮੇਂ ਸਕੱਤਰੇਤ ਦੀ ਇਮਾਰਤ ਵਿਚੋਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕਰਦੇ ਹੋਏ ਦਫਤਰ ਖਾਲੀ ਕਰ ਦਿਤਾ ਅਤੇ ਸਕੱਤਰੇਤ ਦੀ ਪਾਰਕਿੰਗ ਵਿਚ ਦਰੀਆਂ ਤੇ ਜਾ ਬੇਠੇ ਜਿਥੇ ਮੁਲਾਜ਼ਮਾਂ ਭਰਵੀਂ ਅਤੇ ਭਖਵੀਂ ਰੈਲੀ ਕੀਤੀ। ਖਾਸ ਗੱਲ ਇਹ ਰਹੀ ਹੈ ਮੁਲਾਜ਼ਮਾ ਨੇ ਕਾਲੇ ਕਪੜੇ ਅਤੇ ਕਾਲੀਆਂ ਪੱਟੀਆਂ ਬੰਨੀਆਂ ਹੋਈਆ ਸੀ।
ਇਸੇ ਤਰ੍ਹਾਂ ਦਾ ਇਕ ਐਕਸ਼ਨ ਸਾਂਝੇ ਮੁਲਾਜ਼ਮ ਮੰਚ ਵੱਲੋਂ ਸੈਕਟਰ-17, ਚੰਡੀਗੜ੍ਹ ਵਿਖੇ ਕੀਤਾ ਗਿਆ ਜਿਥੇ ਚੰਡੀਗੜ ਦੇ ਡਾਇਰੈਕਟੋਰੇਟਾਂ ਦੇ ਮੁਲਾਜਮਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਮੁਲਾਜ਼ਮਾਂ ਜਥੇਬੰਦੀ ਵੱਲੋਂ ਸਪੀਕਰਾਂ ਦੇ ਮੂੰਹ ਵਿਧਾਨ ਸਭਾ ਵੱਲ ਕਰਕੇ ਜ਼ੋਰਦਾਰ ਨਾਅਰੇਬਾਜੀ ਕਰ ਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ ਕੀਤੀ। ਪੰਜਾਬ ਸਿਵਲ ਸਕੱਤਰੇਤ ਦੇ ਪ੍ਰਧਾਨ ਸੁਸੀਲ ਕੁਮਾਰ ਫੌਜੀ ਅਤੇ ਜਨਰਲ ਸਕੱਤਰ ਸਾਹਿਲ ਸ਼ਰਮਾ ਨੇ ਕਿਹਾ ਕੀ ਸਰਕਾਰ ਲਾਰੇ ਲਪੇ ਦੀ ਪਾਲਿਸੀ ਤਹਿਤ ਝੂੱਠ ਤੇ ਝੂੱਠ ਬੋਲੀ ਜਾ ਰਹੀ ਹੈ।
ਉਹਨਾ ਕਿਹਾ ਕੀ ਪੁਰਾਣੀ ਪੈਨਸ਼ਨ ਬਹਾਲੀ ਲਈ ਕੀਤੀ ਨੋਟੀਫਿਕੇਸ਼ਨ ਮਹਿਜ ਇਕ ਡਰਾਮੇ ਤੋਂ ਵੱਧ ਕੁੱਝ ਨਹੀਂ ਸੀ ਜਦਕਿ ਪੰਜਾਬ ਦੇ ਗਵਾਂਡੀ ਸੁਬਿਆਂ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰ ਦਿਤੀ ਗਈ ਹੈ ਉਹਨਾਂ ਇਹ ਵੀ ਕਿਹਾ ਕਿ 2016 ਤੋਂ ਬਾਅਦ ਭਰਤੀ ਹੋਕੇ ਪਦਉੱਨਤ ਹੋਏ ਮੁਲਾਜਮਾਂ ਨੂੰ ਤਨਖਾਹ ਕਮਿਸ਼ਨ ਦਾ 15 ਪ੍ਰਤੀਸ਼ਤ ਦਾ ਜੋ ਲਾਭ ਕਾਂਗਰਸ ਸਰਕਾਰ ਨੇ ਦਿਤਾ ਸੀ ਉਹ ਵੀ ਆਪ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਹੀ ਖੋਹ ਲਿਆ। ਮੁਲਾਜ਼ਮ ਆਗੂ ਸੁਖਚੈਨ ਖਹਿਰਾ ਨੇ ਦੋਸ਼ ਲਗਾਇਆ ਕਿ ਇਕ ਪਾਸੇ ਪੰਜਾਬ ਸਰਕਾਰ ਕੇਂਦਰ ਤੇ ਪੱਖਪਾਤ ਦੇ ਦੋਸ਼ ਲਗਾਉਂਦੀ ਹੈ ਅਤੇ ਦੂਸਰੇ ਪਾਸੇ ਕੇਂਦਰ ਦੀਆਂ ਪਾਲਸੀਆਂ ਨੂੰ ਲਾਗੂ ਕਰਦੀ ਹੈ।
ਉਹਨਾਂ ਸਰਕਾਰ ਨੂੰ ਸਵਾਲ ਕੀਤਾ ਕੀ ਜਦੋਂ ਪੰਜਾਬ ਦਾ ਆਪਣਾ ਛੇਵਾਂ ਤਨਖਾਹ ਕਮਿਸ਼ਨ ਹੈ ਤਾਂ ਫਿਰ ਨਵੇਂ ਭਰਤੀ ਮੁਲਾਜ਼ਮਾ ਤੇ ਕੇਂਦਰ ਦਾ ਸਤਵਾਂ ਤਨਖਾਹ ਕਮਿਸ਼ਨ ਕਿਓਂ ਥੋਪਿਆ ਗਿਆ ਅਤੇ ਕੇਂਦਰ ਸਰਕਾਰ ਆਪਣੇ ਮੁਲਾਜ਼ਮਾ ਨੂੰ 50 ਪ੍ਰਤੀਸ਼ਤ ਮਹਿੰਗਾਈ ਭੱਤਾ ਦੇ ਰਹੀ ਹੈ ਜਦੋਂ ਕੀ ਲੋਕ/ਮੁਲਾਜ਼ਮ ਹਿਤੇਸ਼ੀ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਮਹਿਜ 38 ਪ੍ਰਤੀਸ਼ਤ ਮਹਿੰਗਾਈ ਭੱਤਾ ਦੇ ਰਹੀ ਹੈ ।
ਉਹਨਾ ਕਿਹਾ ਕੀ ਇਹ ਸਰਕਾਰ ਮਹਿਜ ਸ਼ੋਸਲ ਮੀਡੀਆ ਦੀ ਸਰਕਾਰ ਹੈ ਜੋ ਲੋਕਾਂ ਨੂੰ ਸਰਕਾਰੀ ਪੈਸੇ ਨਾਲ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਅਤੇ ਮਸ਼ਹੂਰੀਆਂ ਰਾਹੀਂ ਲੋਕਾ ਨੂੰ ਝੂੱਠ ਪਰੋਸ ਰਹੀਂ ਹੈ। ਜੱਥੇਬੰਦੀ ਨੇ ਆਪਣੀਆਂ ਤਕਰੀਰਾਂ ਦੌਰਾਨ ਮੰਗ ਕੀਤੀ ਕੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਨਵੇਂ ਭਰਤੀ ਮੁਲਾਜ਼ਮਾ ਤੇ ਛੇਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਜਾਵੇ, 12 ਪ੍ਰਤੀਸ਼ਤ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾ ਸਮੇਤ ਬਕਾਇਆ ਜਾਰੀ ਕੀਤੀਆ ਜਾਣ, ਤਨਖਾਹ ਕਮਿਸ਼ਨ ਦਾ 66 ਮਹੀਨੇ ਅਤੇ ਮਹਿੰਗਾਈ ਭੱਤੇ ਦਾ ਬਕਾਇਆ ਜਾਰੀ ਕੀਤਾ ਜਾਵੇ, 2016 ਤੋਂ ਬਾਅਦ ਭਰਤੀ ਹੋਕੇ ਪਦਉੱਨਤ ਹੋਏ ਮੁਲਾਜ਼ਮਾਂ ਨੂੰ 15 ਪ੍ਰਤੀਸ਼ਤ ਪੇਅ ਕਮਿਸ਼ਨ ਦਾ ਲਾਭ ਦਿਤਾ ਜਾਵੇ।
ਵਿਰੋਧੀ ਧਿਰ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਵੀ ਮੁਲਾਜ਼ਮਾਂ ਦੇ ਹੱਕ ਵਿੱਚ ਆਏ ਅਤੇ ਉਨ੍ਹਾਂ ਸਰਕਾਰ ਨੂੰ ਮੁਲਾਜ਼ਮਾਂ ਨਾਲ ਠਰੰਮੇ ਨਾਲ ਗੱਲਬਾਦ ਕਰਨ ਲਈ ਕਿਹਾ।
ਸ. ਬਾਜਵਾ ਨੇ ਕਿਹਾ ਕਿ ਇਹ ਮੁਲਾਜ਼ਮ ਹੀ ਸਰਕਾਰ ਦੀ ਰੀੜ ਦੀ ਹੱਡੀ ਹਨ ਅਤੇ ਸਰਕਾਰਾਂ ਮੁਲਾਜ਼ਮਾਂ ਦੇ ਸਿਰਾਂ ਤੇ ਹੀ ਚੱਲਦੀਆਂ ਹਨ।
ਮੁਲਾਜ਼ਮਾਂ ਦੇ ਇਸ ਐਕਸ਼ਨ ਤੋਂ ਘਬਰਾਈ ਸਰਕਾਰ ਵੱਲੋਂ ਵਿਧਾਨ ਸਭਾ ਸੈਸ਼ਨ ਅਣਮਿੱਥੇ ਸਮੇਂ ਲਈ ਸਥਾਗਿਤ ਕਰ ਦਿੱਤਾ। ਇਸ ਰੈਲੀ ਨੂੰ ਮੁਲਾਜਮ ਆਗੂ ਮਨਜੀਤ ਰੰਧਾਵਾ, ਮਲਕੀਤ ਔਜਲਾ, ਕੁਲਵੰਤ ਸਿੰਘ, ਮਿਣੁਨ ਚਾਵਲਾ, ਅਲਕਾ ਚੋਪੜਾ, ਸ਼ੁਦੇਸ਼ ਕੁਮਾਰੀ, ਜਸਬੀਰ ਕੌਰ, ਇੰਦਰਪਾਲ ਭੰਗੂ, ਅਮਨਦੀਪ ਕੌਰ, ਜਗਦੀਪ ਸੰਗਰ, ਨਵਪ੍ਰੀਤ ਸਿੰਘ, ਮਨਵੀਰ ਸਿੰਘ, , ਸੰਦੀਪ ਕੌਸ਼ਲ, ਸੰਦੀਪ ਕੁਮਾਰ, ਇਕਮੀਤ ਕੌਰ, ਕਮਲਜੀਤ ਕੋਰ, ਚਰਨਇੰਦਰ ਸਿੰਘ, ਨਵਪ੍ਰੀਤ ਸਿੰਘ, ਬਲਰਾਜ ਸਿੰਘ ਦਾਊਂ, ਜਗਤਾਰ ਸਿੰਘ, ਜਸਵੀਰ ਸਿੰਘ, ਮਹੇਸ਼ ਚੰਦਰ ,ਬਜਰੰਗ ਯਾਦਵ ਆਦਿ ਨੇ ਸੰਬੋਧਤ ਕੀਤਾ।