ਖਾਸ ਆਦਮੀ ਪਾਰਟੀ ਦੇ ਆਗੂ ਨਿੱਜੀ ਹਸਪਤਾਲਾਂ ਵਿੱਚ ਅਤੇ ਆਮ ਲੋਕ ਸਰਕਾਰੀ ਹਸਪਤਾਲਾਂ ਵਿੱਚ ਖਾ ਰਹੇ ਧੱਕੇ: ਪੁਰਖਾਲਵੀ
ਮੁਹਾਲੀ :
ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੀ ਤਰਜ਼ ਤੇ ਪੰਜਾਬ ਵਿੱਚ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਦਾਅਵੇ ਸਿਰਫ ਸਿਆਸੀ ਜੁਮਲੇ ਬਣਕੇ ਰਹਿ ਗਏ ਹਨ, ਇਹ ਪ੍ਰਗਟਾਵਾ ਦਲਿਤ ਚੇਤਨਾ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਸ਼ਮਸ਼ੇਰ ਪੁਰਖਾਲਵੀ ਵੱਲੋਂ ਇੱਕ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਕੀਤਾ।
ਸ਼੍ਰੀ ਪੁਰਖਾਲਵੀ ਨੇ ਕਿਹਾ 2022 ਦੀਆਂ ਆਮ ਚੋਣਾਂ ਦੌਰਾਨ ਪੰਜਾਬੀਆਂ ਨੂੰ ਦਿੱਲੀ ਦੀ ਤਰਜ਼ ਤੇ ਸਿਹਤ ਤੇ ਸਿੱਖਿਆ ਸਹੂਲਤਾਂ ਦੇਣ ਦੀਆਂ ਗਾਰੰਟੀਆਂ ਦੇਕੇ ਲੋਕਾਂ ਨੂੰ ਭਰਮਾਇਆ ਗਿਆ ਜਿਸ ਤੋਂ ਪ੍ਰਭਾਵਿਤ ਹੋਕੇ ਪੰਜਾਬੀਆਂ ਨੇ ਇਸ ਅਖੌਤੀ ਇਨਕਲਾਬੀ ਪਾਰਟੀ ਦੇ 92 ਵਿਧਾਇਕ ਚੁਣਕੇ ਵਿਧਾਨ ਸਭਾ ਵਿੱਚ ਭੇਜੇ। ਉਨ੍ਹਾਂ ਕਿਹਾ ਕਿ 2 ਸਾਲ ਵਿੱਚ ਹੀ ਲੋਕਾਂ ਨੂੰ ਨੂੰ ਇਸ ਖਾਸ ਵਿਅਕਤੀ ਪਾਰਟੀ ਦੀ ਅਸਲੀਅਤ ਸਾਹਮਣੇ ਆ ਗਈ ਹੈ।
ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਆਪਣੇ ਛੋਟੇ ਮੋਟੇ ਇਲਾਜ ਵੀ ਪ੍ਰਾਈਵੇਟ ਹਸਪਤਾਲਾਂ ਵਿੱਚ ਕਰਵਾ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਰੂਪਨਗਰ ਤੋਂ ਆਪ ਵਿਧਾਇਕ ਸ੍ਰੀ ਦਿਨੇਸ਼ ਚੱਡਾ ਦਾ ਜੁਆਕ ਵੀ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਇਆ ਹੈ ਜਦਕਿ ਪੰਜਾਬ ਦੇ ਆਮ ਲੋਕ ਸਰਕਾਰੀ ਹਸਪਤਾਲਾਂ ਵਿੱਚ ਧੱਕੇ ਖਾ ਰਹੇ ਹਨ।
ਪੁਰਖਾਲਵੀ ਨੇ ਸਰਕਾਰ ਦੇ ਸਿੱਖਿਆ ਦਾਅਵਿਆਂ ਨੂੰ ਵੀ ਨਿਰਾ ਝੂਠ ਦਾ ਪੁਲੰਦਾ ਦੱਸਿਆ ਜਦਕਿ ਹਕੀਕਤ ਤਾਂ ਇਹ ਐ ਕਿ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ 70 ਪ੍ਰਤੀਸ਼ਤ ਇੰਸਟਰਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਵਿਭਾਗ ਵਿੱਚ ਵੱਖ-ਵੱਖ ਸਕੀਮਾਂ ਅਧੀਨ 1000 ਕੱਚਾ ਸਟਾਫ ਪਿਛਲੇ 15 ਸਾਲਾਂ ਤੋਂ ਸਿਰਫ 15 ਹਜ਼ਾਰ ਵਿੱਚ ਨੌਕਰੀ ਕਰਨ ਲਈ ਮਜਬੂਰ ਹਨ।
ਅਕਾਲੀ ਆਗੂ ਸ਼੍ਰੀ ਪੁਰਖਾਲਵੀ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਆਪਣਾ ਹੱਕ ਮੰਗਣ ਵਾਲੇ ਮੁਲਾਜ਼ਮਾਂ ਨੂੰ ਡਰਾਇਆ ਅਤੇ ਧਮਕਾਇਆ ਜਾ ਰਿਹਾ ਹੈ।