Follow us

18/04/2026 3:13 pm

Search
Close this search box.
Home » News In Punjabi » ਚੰਡੀਗੜ੍ਹ » PSEB ਵੱਲੋਂ ਸੁਚਾਰੂ, ਪਾਰਦਰਸ਼ੀ ਅਤੇ ਨਕਲ-ਰਹਿਤ ਬੋਰਡ ਪ੍ਰੀਖਿਆਵਾਂ ਲਈ MATQ ਇਸਤੇਮਾਲ

PSEB ਵੱਲੋਂ ਸੁਚਾਰੂ, ਪਾਰਦਰਸ਼ੀ ਅਤੇ ਨਕਲ-ਰਹਿਤ ਬੋਰਡ ਪ੍ਰੀਖਿਆਵਾਂ ਲਈ MATQ ਇਸਤੇਮਾਲ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੁਚਾਰੂ, ਪਾਰਦਰਸ਼ੀ ਅਤੇ ਨਕਲ-ਰਹਿਤ ਬੋਰਡ ਪ੍ਰੀਖਿਆਵਾਂ ਲਈ ਤਕਨਾਲੋਜੀ ਦਾ ਵਿਸਤ੍ਰਿਤ ਇਸਤੇਮਾਲ

2026 ਦੀਆਂ ਬੋਰਡ ਪ੍ਰੀਖਿਆਵਾਂ ਨੂੰ ਪਾਰਦਰਸ਼ੀ ਅਤੇ ਸੁਰੱਖਿਅਤ ਬਣਾਉਣ ਲਈ ਬੋਰਡ ਵੱਲੋਂ MATQ ਐਪ ਅਤੇ 300 ਤੋਂ ਵੱਧ ਫਲਾਇੰਗ ਸਕਵਾਡ ਦੀਆਂ ਤਾਇਨਾਤ 

• 8 ਲੱਖ ਤੋਂ ਵੱਧ ਵਿਦਿਆਰਥੀ ਹੋਣਗੇ ਸ਼ਾਮਲ; ਡਿਜ਼ਿਟਲ ਟ੍ਰੈਕਿੰਗ ਅਤੇ ਬਾਰਕੋਡ ਵਾਲੀਆਂ ਉੱਤਰ ਪੁਸਤਿਕਾਵਾਂ ਨਾਲ ਸੁਰੱਖਿਆ ਪ੍ਰਬੰਧ ਮਜ਼ਬੂਤ

DPB, Mohali, Feburery 11: PSEB ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ਭਰ ਵਿੱਚ ਹੋਣ ਵਾਲੀਆਂ ਆਗਾਮੀ ਬੋਰਡ ਪ੍ਰੀਖਿਆਵਾਂ ਨੂੰ ਸੁਚਾਰੂ, ਪਾਰਦਰਸ਼ੀ ਅਤੇ ਨਕਲ-ਰਹਿਤ ਢੰਗ ਨਾਲ ਕਰਵਾਉਣ ਲਈ ਵਿਸਤ੍ਰਿਤ ਤਕਨੀਕੀ ਅਤੇ ਪ੍ਰਸ਼ਾਸਕੀ ਪ੍ਰਬੰਧ ਕੀਤੇ ਗਏ ਹਨ।

ਡਾ. ਅਮਰਪਾਲ ਸਿੰਘ, ਆਈ.ਏ.ਐਸ (ਰਿਟਾ:), ਚੇਅਰਮੈਨ, PSEB ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦੱਸਿਆ ਕਿ ਇਸ ਸਾਲ ਬੋਰਡ ਵੱਲੋਂ ਨਵੀਂ ਸ਼ੁਰੂ ਕੀਤੀ ਗਈ MATQ ਐਪ ਰਾਹੀਂ ਇੱਕ ਅਧੁਨਿਕ ਡਿਜ਼ਿਟਲ ਟ੍ਰੈਕਿੰਗ ਪ੍ਰਣਾਲੀ ਲਾਗੂ ਕੀਤੀ ਗਈ ਹੈ, ਜੋ ਪ੍ਰਸ਼ਨ ਪੱਤਰਾਂ ਦੀ ਸੁਰੱਖਿਅਤ ਆਵਾਜਾਈ ‘ਤੇ ਨਿਗਰਾਨੀ ਕਰੇਗੀ। ਇਹ ਐਪ ਪ੍ਰਸ਼ਨ ਪੱਤਰਾਂ ਨੂੰ ਬੋਰਡ ਦੇ ਮੁੱਖ ਦਫ਼ਤਰ ਤੋਂ ਨਿਰਧਾਰਤ ਬੈਂਕਾਂ ਤੱਕ ਸੁਰੱਖਿਅਤ ਰੱਖ-ਰਖਾਵ ਲਈ ਅਤੇ ਨਿਰਧਾਰਿਤ ਬੈਂਕ ਨੂੰ ਸੰਬੰਧਿਤ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਾਉਣ ਦੀ ਪੂਰੀ ਪ੍ਰਕਿਰਿਆ ਨੂੰ ਟ੍ਰੈਕ ਕਰਦੀ ਹੈ। ਸੀਲਬੰਦ ਪੈਕੇਟਾਂ ਜਮਾਂ ਕਰਵਾਉਣ ਅਤੇ ਪ੍ਰਾਪਤੀ ਸਮੇਂ ਫੋਟੋਗ੍ਰਾਫਿਕ ਸਬੂਤ ਅਪਲੋਡ ਕਰਨਾ ਲਾਜ਼ਮੀ ਹੈ ਅਤੇ ਇਹ ਐਪ ਜੀ.ਪੀ.ਐਸ ਕੋਆਰਡੀਨੇਟ ਕੈਪਚਰ ਕਰਦੀ ਹੈ ਅਤੇ ਉਨ੍ਹਾਂ ਨੂੰ ਪਹਿਲਾਂ ਤੋਂ ਸੰਭਾਲੀਆਂ ਗਈਆਂ ਅਧਿਕਾਰਤ ਥਾਵਾਂ ਨਾਲ ਆਪਣੇ ਆਪ ਮੇਲ ਖਾਂਦੀ ਹੈ, ਜਿਸ ਨਾਲ ਪੂਰੀ ਜ਼ਿੰਮੇਵਾਰੀ ਅਤੇ ਪਾਰਦਰਸ਼ਤਾ ਯਕੀਨੀ ਬਣਦੀ ਹੈ ਅਤੇ ਕਿਸੇ ਵੀ ਗਲਤੀ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ। ਚੇਅਰਮੈਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪ੍ਰੀਖਿਆਵਾਂ ਦੇ ਸੁਚਾਰੂ ਆਯੋਜਨ ਲਈ ਮੁੱਖ ਦਫ਼ਤਰ ਵਿਖੇ ਸ਼ਿਕਾਇਤਾਂ ਦੇ ਨਿਵਾਰਣ ਲਈ ਇੱਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਜਾ ਰਿਹਾ ਹੈ।

ਵਿਦਿਆਰਥੀਆਂ ਦੀ ਸੁਵਿਧਾ ਲਈ ਰੋਲ ਨੰਬਰ ਸਲਿੱਪਾਂ ‘ਤੇ ਪ੍ਰੀਖਿਆ ਕੇਂਦਰਾਂ ਦਾ ਸਪਸ਼ਟ ਨਕਸ਼ਾ ਦਰਸਾਇਆ ਗਿਆ ਹੈ, ਤਾਂ ਜੋ ਉਮੀਦਵਾਰ ਪਹਿਲਾਂ ਹੀ ਆਪਣੇ ਕੇਂਦਰਾਂ ਦੀ ਪਹਿਚਾਣ ਕਰ ਸਕਣ।

ਸਖ਼ਤ ਗੋਪਨੀਯਤਾ ਅਤੇ ਅਨੁਸ਼ਾਸਨ ਕਾਇਮ ਰੱਖਣ ਲਈ ਮਹੱਤਵਪੂਰਨ ਪ੍ਰੀਖਿਆਵਾਂ ਦੌਰਾਨ ਉਸੇ ਦਿਨ ਆਬਜ਼ਰਵਰ ਨਿਯੁਕਤ ਕੀਤੇ ਜਾਣਗੇ। ਇਸ ਤੋਂ ਇਲਾਵਾ, ਨਕਲ ਰੋਕਣ ਅਤੇ ਨਿਰਪੱਖ ਮਾਹੌਲ ਯਕੀਨੀ ਬਣਾਉਣ ਲਈ ਪੰਜਾਬ ਭਰ ਵਿੱਚ 300 ਤੋਂ ਵੱਧ ਫਲਾਇੰਗ ਸਕਵਾਡ ਬਣਾਏ ਗਏ ਹਨ।

ਵਧੇਰੇ ਪਾਰਦਰਸ਼ਤਾ ਅਤੇ ਸੁਰੱਖਿਆ ਲਈ ਪ੍ਰੀਖਿਆ ਕੇਂਦਰਾਂ ‘ਤੇ ਉੱਤਰ ਪੱਤਰੀਆਂ ਨਿਯੰਤਰਿਤ ਢੰਗ ਨਾਲ ਵੰਡੀਆਂ ਜਾਣਗੀਆਂ। ਸੀਕਰੇਸੀ ਨੂੰ ਬਰਕਰਾਰ ਰਖਣ ਲਈ ਬੋਰਡ ਵੱਲੋਂ ਉੱਤਰ ਪੱਤਰੀਆਂ ‘ਤੇ ਬਾਰਕੋਡਿੰਗ ਦੀ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ, ਜਿਸ ਨਾਲ ਮੁਲਾਂਕਣ ਦੌਰਾਨ ਉਮੀਦਵਾਰ ਦੀ ਪਹਿਚਾਣ ਗੁਪਤ ਰਹੇਗੀ ਅਤੇ ਨਿਰਪੱਖ ਮੁਲਾਂਕਣ ਯਕੀਨੀ ਹੋਵੇਗੀ।

ਡਾ. ਅਮਰਪਾਲ ਸਿੰਘ ਨੇ ਅੱਗੇ ਦੱਸਿਆ ਕਿ ਨਿਰਪੱਖ ਮੁਲਾਂਕਣ ਵੱਲ ਇੱਕ ਮਹੱਤਵਪੂਰਨ ਕਦਮ ਦੇ ਤੌਰ ‘ਤੇ ਇਸ ਸਾਲ ਪਹਿਲੀ ਵਾਰ ਪ੍ਰੈਕਟੀਕਲ ਪ੍ਰੀਖਿਆਵਾਂ ਬਾਹਰੀ ਪ੍ਰੀਖਿਆਕਾਂ ਰਾਹੀਂ ਕਰਵਾਈਆਂ ਜਾ ਰਹੀਆਂ ਹਨ । 2 ਫ਼ਰਵਰੀ ਤੋਂ 12 ਫ਼ਰਵਰੀ ਤੱਕ ਨਿਰਧਾਰਤ ਪ੍ਰੈਕਟੀਕਲ ਪ੍ਰੀਖਿਆਵਾਂ ਸੂਬੇ ਭਰ ਵਿੱਚ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ।

ਉਮੀਦਵਾਰਾਂ ਦੀ ਸੁਵਿਧਾ ਲਈ ਲਗਭਗ 2,366 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਇਸ ਸਾਲ ਕਰੀਬ 2,77,316 ਵਿਦਿਆਰਥੀ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚ, 2,72,560 ਵਿਦਿਆਰਥੀ ਦਸਵੀਂ ਜਮਾਤ ਵਿੱਚ ਅਤੇ 2,68,794 ਵਿਦਿਆਰਥੀ ਬਾਰਹਵੀਂ ਜਮਾਤ ਦੀ ਪ੍ਰੀਖਿਆ ਦੇਣਗੇ। ਅੱਠਵੀਂ ਅਤੇ ਬਾਰਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 17 ਫ਼ਰਵਰੀ ਤੋਂ ਸ਼ੁਰੂ ਹੋਣਗੀਆਂ, ਜਦਕਿ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ 6 ਮਾਰਚ ਤੋਂ ਆਰੰਭ ਹੋਣਗੀਆਂ।

ਇਨ੍ਹਾਂ ਵਿਸਤ੍ਰਿਤ ਤਕਨੀਕੀ ਉਪਰਾਲਿਆਂ ਅਤੇ ਸਖ਼ਤ ਨਿਗਰਾਨੀ ਪ੍ਰਣਾਲੀਆਂ ਰਾਹੀਂ ਬੋਰਡ ਨੇ ਸਾਲ 2026 ਦੀਆਂ ਬੋਰਡ ਪ੍ਰੀਖਿਆਵਾਂ ਨੂੰ ਪਾਰਦਰਸ਼ਤਾ, ਸੁਰੱਖਿਆ ਅਤੇ ਨਿਰਪੱਖਤਾ ਦੇ ਸਭ ਤੋਂ ਉੱਚੇ ਮਿਆਰਾਂ ‘ਤੇ ਕਰਵਾਉਣ ਲਈ ਵਚਨਬੱਧ ਹੈ।

dawn punjab
Author: dawn punjab

Leave a Comment

RELATED LATEST NEWS