ਅੰਮ੍ਰਿਤਸਰ ਹੈਰੀਟੇਜ ਸਟਰੀਟ ‘ਤੇ ਹੁਣ ਪ੍ਰੀ-ਵੈਡਿੰਗ ਸ਼ੂਟ ਅਤੇ ਰੀਲਾਂ ਬਣਾਉਣ ‘ਤੇ ਪਾਬੰਦੀ
ਅੰਮ੍ਰਿਤਸਰ ਸਾਹਿਬ ‘ਚ ਦਰਬਾਰ ਸਾਹਿਬ ਦੇ ਰਸਤੇ ‘ਚ ਲੋਕ ਪ੍ਰੀ-ਵੈਡਿੰਗ ਸ਼ੂਟਿੰਗ ਅਤੇ ਰੀਲਾਂ ਬਣਾਉਣ ਵਾਲਿਆਂ ਖਿਲਾਫ ਪੁਲਿਸ ਕਾਰਵਾਈ ਹੋਵੇਗੀ। ਪੰਜਾਬ ਪੁਲਿਸ ਨੇ ਇਹ ਫੈਸਲਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਿਆ ਹੈ ਅਤੇ ਸੰਗਤ ਨੇ ਇਸ ‘ਤੇ ਇਤਰਾਜ਼ ਪ੍ਰਗਟਾਇਆ ਸੀ।
ਇਸ ਦੇ ਲਈ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਸੜਕ ‘ਤੇ ਬੋਰਡ ਵੀ ਲਗਾਏ ਗਏ ਹਨ। ਦਰਅਸਲ, ਕੁਝ ਦਿਨ ਪਹਿਲਾਂ ਹੈਰੀਟੇਜ ਸਟਰੀਟ ‘ਤੇ ਕੁਝ ਲੋਕਾਂ ਵੱਲੋਂ ਪ੍ਰੀ-ਵੈਡਿੰਗ ਫੋਟੋਸ਼ੂਟ ਕਰਵਾਇਆ ਜਾ ਰਿਹਾ ਸੀ। ਸੰਗਤ ਨੇ ਇਸ ਦਾ ਵਿਰੋਧ ਕੀਤਾ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਵੀ ਕਿਹਾ ਕਿ ਅਜਿਹੀ ਘਟਨਾ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ।
ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਫੈਸਲਾ ਲੈਂਦਿਆਂ ਵਿਰਾਸਤੀ ਮਾਰਗ ‘ਤੇ ਫੋਟੋਸ਼ੂਟ ਅਤੇ ਰੀਲਾਂ ਬਣਾਉਣ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਪੁਲੀਸ ਵੱਲੋਂ ਸਮੁੱਚੇ ਵਿਰਾਸਤੀ ਮਾਰਗ ’ਤੇ ਬੋਰਡ ਵੀ ਲਾ ਦਿਤੇ ਹਨ। ਜਿਸ ‘ਚ ਸਪੱਸ਼ਟ ਕੀਤਾ ਗਿਆ ਹੈ ਕਿ ਇੱਥੇ ਕੋਈ ਵੀ ਪ੍ਰੀ-ਵੈਡਿੰਗ ਸ਼ੂਟ, ਵੈਡਿੰਗ ਸ਼ੂਟ ਜਾਂ ਰੀਲਾਂ ਨਹੀਂ ਬਣਾ ਸਕਦਾ। ਇਹ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹੈ।
ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਕਮਿਸ਼ਨਰ ਵੱਲੋਂ ਆਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇੱਥੇ ਤਾਇਨਾਤ ਪੁਲਿਸ ਬਲ ਨੂੰ ਵੀ ਇਸ ਸਬੰਧੀ ਚੌਕਸ ਰਹਿਣ ਅਤੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ।