Follow us

11/05/2026 7:50 am

Search
Close this search box.
Home » News In Punjabi » ਚੰਡੀਗੜ੍ਹ » ਵਿਸਾਖੀ ਮੌਕੇ ਮੋਹਾਲੀ ਫਸਟ ਫਾਊਂਡੇਸ਼ਨ ਵੱਲੋਂ ਮੋਟਰਸਾਈਕਲ ਰੈਲੀ

ਵਿਸਾਖੀ ਮੌਕੇ ਮੋਹਾਲੀ ਫਸਟ ਫਾਊਂਡੇਸ਼ਨ ਵੱਲੋਂ ਮੋਟਰਸਾਈਕਲ ਰੈਲੀ

ਵਿਸਾਖੀ ਮੌਕੇ ਮੋਹਾਲੀ ਫਸਟ ਫਾਊਂਡੇਸ਼ਨ ਵੱਲੋਂ ਮੋਟਰਸਾਈਕਲ ਰੈਲੀ

ਨੌਜਵਾਨਾਂ ਨੂੰ ਇਤਿਹਾਸ ਅਤੇ ਸਮਾਜ ਸੇਵਾ ਨਾਲ ਜੋੜਨ ਦਾ ਸੰਦੇਸ਼ : ਕੁਲਜੀਤ ਸਿੰਘ ਬੇਦੀ

ਮੋਹਾਲੀ: ਖਾਲਸਾ ਪੰਥ ਦੀ ਸਥਾਪਨਾ ਦੇ ਪਾਵਨ ਤਿਉਹਾਰ ਵਿਸਾਖੀ ਦੇ ਮੌਕੇ ‘ਤੇ ਮੋਹਾਲੀ ਫਸਟ ਫਾਊਂਡੇਸ਼ਨ ਵੱਲੋਂ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਇੱਕ ਸ਼ਾਨਦਾਰ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ ਅਤੇ ਖਾਲਸਾਈ ਰੰਗ ‘ਬਸੰਤੀ’ ਵਿੱਚ ਰੰਗੇ ਹੋਏ ਦਿਖਾਈ ਦਿੱਤੇ।

ਇਹ ਰੈਲੀ ਮੋਹਾਲੀ ਤੋਂ ਚੱਲ ਕੇ ਚੱਪੜਚਿੜੀ ਤੱਕ ਗਈ, ਜਿੱਥੇ ਸਾਰੇ ਸੰਗਤ ਨੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ‘ਤੇ ਨਤਮਸਤਕ ਹੋ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਨੌਜਵਾਨ ਪੀੜੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਅਤੇ ਸਿਖੀ ਦੇ ਅਸਲ ਮੂਲਿਆਂ ਬਾਰੇ ਜਾਣੂ ਕਰਵਾਉਣ ‘ਤੇ ਖਾਸ ਜ਼ੋਰ ਦਿੱਤਾ ਗਿਆ।

ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਰੈਲੀਆਂ ਦਾ ਮਕਸਦ ਸਿਰਫ਼ ਤਿਉਹਾਰ ਮਨਾਉਣਾ ਨਹੀਂ, ਸਗੋਂ ਨੌਜਵਾਨਾਂ ਨੂੰ ਆਪਣੇ ਮਹਾਨ ਇਤਿਹਾਸ ਨਾਲ ਜੋੜਨਾ ਅਤੇ ਉਨ੍ਹਾਂ ਵਿੱਚ ਸੇਵਾ, ਸੱਚਾਈ ਅਤੇ ਹਿੰਮਤ ਦੇ ਗੁਣ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨਾਂ ਵਿੱਚ ਬੇਹੱਦ ਜੋਸ਼ ਹੈ ਅਤੇ ਜੇਕਰ ਇਸ ਜੋਸ਼ ਨੂੰ ਸਹੀ ਦਿਸ਼ਾ ਮਿਲੇ ਤਾਂ ਪੰਜਾਬ ਦਾ ਭਵਿੱਖ ਹੋਰ ਮਜ਼ਬੂਤ ਹੋ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਮੋਹਾਲੀ ਫਸਟ ਫਾਊਂਡੇਸ਼ਨ ਦਾ ਮੁੱਖ ਉਦੇਸ਼ ਸਮਾਜ ਸੇਵਾ ਅਤੇ ਲੋਕਾਂ ਨੂੰ ਇੱਕ ਪਲੇਟਫਾਰਮ ‘ਤੇ ਜੋੜਨਾ ਹੈ। “ਅਸੀਂ ਮੋਹਾਲੀ ਨੂੰ ਹਰ ਖੇਤਰ ਵਿੱਚ ਨੰਬਰ ਵਨ ਬਣਾਉਣ ਲਈ ਵਚਨਬੱਧ ਹਾਂ। ਗ੍ਰੀਨ ਮੋਹਾਲੀ, ਕਲੀਨ ਮੋਹਾਲੀ ਅਤੇ ਪਲਾਸਟਿਕ ਫਰੀ ਮੋਹਾਲੀ ਸਾਡੇ ਮੁੱਖ ਮਿਸ਼ਨ ਹਨ, ਜਿਨ੍ਹਾਂ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ,” ਉਨ੍ਹਾਂ ਕਿਹਾ।

ਰੈਲੀ ਦੌਰਾਨ ਨੌਜਵਾਨਾਂ ਦਾ ਜੋਸ਼ ਦੇਖਣ ਯੋਗ ਸੀ। ਵੱਡੀ ਗਿਣਤੀ ਵਿੱਚ ਬਾਈਕਰ ਇਸ ਯਾਤਰਾ ਵਿੱਚ ਸ਼ਾਮਲ ਹੋਏ ਅਤੇ ਦੇਸ਼ਭਗਤੀ ਅਤੇ ਧਾਰਮਿਕ ਨਾਅਰਿਆਂ ਨਾਲ ਮਾਹੌਲ ਗੂੰਜਦਾ ਰਿਹਾ। ਇਸ ਮੌਕੇ ਉਨ੍ਹਾਂ ਸਾਰੇ ਭਾਗੀਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੋਕਾਂ ਦਾ ਇਸ ਤਰ੍ਹਾਂ ਸਾਥ ਮਿਲਣਾ ਸਮਾਜਿਕ ਕੰਮਾਂ ਲਈ ਵੱਡੀ ਪ੍ਰੇਰਣਾ ਹੈ।

ਇਸ ਦੇ ਨਾਲ ਹੀ ਮੋਹਾਲੀ ਫਸਟ ਫਾਊਂਡੇਸ਼ਨ ਵੱਲੋਂ ਸਮਾਜ ਸੇਵਾ ਦੇ ਤਹਿਤ ਮੈਡੀਕਲ ਕੈਂਪ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਲਾਭ ਉਠਾਇਆ। ਬੇਦੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਆਗਾਮੀ ਸਮੇਂ ਵਿੱਚ ਵੀ ਲਗਾਤਾਰ ਲਗਾਏ ਜਾਣਗੇ ਅਤੇ ਹੋਰ ਸਮਾਜਿਕ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ।

ਉਨ੍ਹਾਂ ਇਹ ਵੀ ਕਿਹਾ ਕਿ ਸੰਸਥਾ ਦਾ ਟੀਚਾ ਮੋਹਾਲੀ ਦੇ ਹਰ ਵਰਗ ਨੂੰ ਜੋੜਨਾ ਹੈ—ਚਾਹੇ ਉਹ ਨੌਜਵਾਨ ਹੋਣ, ਸੀਨੀਅਰ ਸਿਟੀਜ਼ਨ ਹੋਣ ਜਾਂ ਕਿਸੇ ਵੀ ਵਰਗ ਨਾਲ ਸੰਬੰਧਿਤ ਲੋਕ। ਉਹਨਾਂ ਕਿਹਾ ਕਿ “ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਸਮਾਜ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਏ ਅਤੇ ਮੋਹਾਲੀ ਨੂੰ ਇੱਕ ਮਾਡਲ ਸਿਟੀ ਬਣਾਇਆ ਜਾਵੇ,”।

ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨਸ਼ਿਆਂ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੌਜਵਾਨਾਂ ਨੂੰ ਸਹੀ ਰਸਤੇ ‘ਤੇ ਲਿਆਉਣ ਵਿੱਚ ਮਦਦਗਾਰ ਸਾਬਤ ਹੁੰਦੀਆਂ ਹਨ। ਉਨ੍ਹਾਂ ਆਸ ਜਤਾਈ ਕਿ ਇਸ ਰੈਲੀ ਨਾਲ ਹੋਰ ਨੌਜਵਾਨ ਵੀ ਪ੍ਰੇਰਿਤ ਹੋਣਗੇ ਅਤੇ ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਨਾਲ ਜੁੜਣਗੇ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal