ਜ਼ਿਲ੍ਹਾ 80 ਫ਼ੀਸਦੀ ਤੋਂ ਵਧੇਰੇ ਦੇ ਮਤਦਾਨ ਦੇ ਟੀਚੇ ਦੀ ਪ੍ਰਾਪਤੀ ਲਈ ਹਰ ਸੰਭਵ ਯਤਨ ਕਰੇਗਾ : ਆਸ਼ਿਕਾ ਜੈਨ
S.A.S Nagar : Lok Sabha Election 2024 ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ DC-ਕਮ-ਜ਼ਿਲ੍ਹਾ ਚੋੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰ ਪੰਜੀਕਰਣ ਕਰਵਾਉਣ ਅਤੇ ਮਤਦਾਨ ਵਾਲੇ ਦਿਨ 01 ਜੂਨ 2024 ਨੂੰ ਵੱਧ ਤੋਂ ਵੱਧ ਵੋਟਾਂ ਦੇ ਭੁਗਤਾਨ ਲਈ ਨਵੇਂ-ਨਵੇਂ ਉਪਰਾਲੇ ਕੀਤੇ ਜਾ ਰਹੇ ਹਨ।
ਇਸੇ ਲੜੀ ਤਹਿਤ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਵੱਖ-ਵੱਖ ਵੋਟਰ ਆਈਕਨ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ’ਚ ਹਰਜੀਤ ਸਿੰਘ, ਜੂਨੀਅਰ ਵਰਲਡ ਕੱਪ ਹਾਕੀ ਜੇਤੂ ਟੀਮ ਦੇ ਕਪਤਾਨ, ਉੱਘੀ ਫਿਲਮ ਅਦਾਕਾਰਾ, ਰਾਜ ਧਾਲੀਵਾਲ, ਪਦਮ ਸ੍ਰੀ ਪ੍ਰੇਮ ਸਿੰਘ, ਦਿਵਿਆਂਗਜਨ ਲੋਕਾਂ ਨੂੰ ਸਮਰਪਿਤ ਸ਼ਖਸੀਅਤ ਪੂਨਮ ਲਾਲ ਅਤੇ ਰਾਜ ਆਈਕਨ ਸੁਮੇਧਾ ਤਿਆਗੀ ਜੋ ਕਿ ਮੋਹਾਲੀ ਜ਼ਿਲੇ੍ਹ ਨਾਲ ਸਬੰਧਤ ਹਨ, ਇਨ੍ਹਾਂ ਆਈਕਨਜ਼ ’ਚ ਸ਼ਾਮਿਲ ਹਨ।
ਇਨ੍ਹਾਂ ਨਵ-ਨਿਯੁੱਕਤ ਜ਼ਿਲ੍ਹਾ ਚੋਣ ਆਈਕਨਜ਼ ਨਾਲ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਆਖਿਆ ਕਿ ਚੋਣ ਆਈਕਨਜ਼ ਦੀ ਸਖਸ਼ੀਅਤ ਦਾ ਆਮ ਮਤਦਾਤਾਵਾਂ ’ਤੇ ਸੁਖਦ ਪ੍ਰਭਾਵ ਹੰਦਾ ਹੈ, ਇਸ ਲਈ ਉਹ ਆਪਣੀ ਸਖਸ਼ੀਅਤ ਰਾਹੀਂ ਵੱਧ ਤੋਂ ਵੱਧ ਵੋਟਰਾਂ ਨੂੰ ਮਤਦਾਨ ’ਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ।
ਡਿਪਟੀ ਕਮਿਸ਼ਨਰ ਨੇ ਵੋਟ ਪਾਉਣ ਦੇ ਸੁਨੇਹੇ ਵਾਲੇ ਪ੍ਰਣ ਪੱਤਰ ’ਤੇ ਹਸਤਾਖ਼ਰ ਮੁਹਿੰਮ ਦੀ ਸ਼ੁਰੂਆਤ ਇਨ੍ਹਾਂ ਜ਼ਿਲ੍ਹਾ ਆਈਕਨਜ਼ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੋਂ ਕੀਤੀ।
ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫਸਰ ਵੱਲੋਂ ਜ਼ਿਲੇ੍ਹ ਵਿੱਚ ਕਰਵਾਈਆਂ ਜਾ ਰਹੀਆਂ ਸਵੀਪ ਗਤੀਵਿਧੀਆਂ ਅਤੇ ਚੋਣਾਂ ਵਾਲੇ ਦਿਨ ਤਾਇਨਾਤ ਕੀਤੇ ਜਾਣ ਵਾਲੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਾਂ ਦੀ ਟ੍ਰੇਨਿੰਗ ਸਬੰਧੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ। ਇਸ ਮੌਕੇ ਦਿਵਿਆਂਗਜਨ ਕੋ-ਆਰਡੀਨੇਟਰ ਪੂਨਮ ਲਾਲ ਵੱਲੋਂਂ ਡਿਪਟੀ ਕਮਿਸ਼ਨਰ ਨੂੰ ਦਿਵਿਆਂਗਜਨ ਵੋਟਰਾਂ ਨੂੰ ਆਈ ਪੀ ਐਲ ਮੈਚ ਦਿਖਾਉਣ ਲਈ ਅਪੀਲ ਕੀਤੀ ਗਈ ਜਿਸ ਨੂੰ ਡਿਪਟੀ ਕਮਿਸ਼ਨਰ ਵੱਲੋਂ ਤੁਰੰਤ ਪ੍ਰਵਾਨ ਕਰਕੇ, ਇਸ ਸਬੰਧੀ ਵਿਸ਼ੇਸ਼ ਉਪਰਾਲੇ ਕਰਨ ਦੇ ਆਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਜ਼ਿਲੇ ਦੇ ਹਰ ਇਕ ਯੋਗ ਵੋਟਰ ਤੱਕ ਪਹੁੰਚ ਕਰਕੇ ਉਨ੍ਹਾਂ ਦੀ ਵੋਟ ਪਵਾਉਣੀ ਯਕੀਨੀ ਬਣਾਈ ਜਾਵੇਗੀ।
ਇਸ ਮੀਟਿੰਗ ਵਿੱਚ ਵਧੀਕ ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐਸ ਤਿੜਕੇ, ਜ਼ਿਲ੍ਹਾ ਨੋਡਲ ਅਫ਼ਸਰ (ਸਵੀਪ) ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ, ਚੋਣ ਤਹਿਸੀਲਦਾਰ ਸੰਜੇ ਕੁਮਾਰ ਅਤੇ ਜ਼ਿਲ੍ਹਾ ਗੁੱਡ ਗਵਰਨੈਂਸ ਫੈਲੋ ਵਿਜੇ ਲਕਸ਼ਮੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।