Shri Akal Takhat Sahib: ਪੰਜ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਮੀਟਿੰਗ
Amritsar Sahib: Akal Takhat Sahib: ਪੰਜ ਸਿੰਘ ਸਾਹਿਬਾਨ ਦੀ ਇਕ ਅਹਿਮ ਮੀਟਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ, ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਸ਼ਾਮਲ ਹੋਏ। ਅੱਜ ਦੀ ਮੀਟਿੰਗ ‘ਚ ਹੇਠ ਲਿਖੇ ਅਹਿਮ ਫੈਸਲੇ ਲਏ ਗਏ।
???? ਖ਼ਾਲਸਾ ਸਾਜਨਾ ਦਿਵਸ ਦੇ 325 ਸਾਲ ਪੂਰੇ ਹੋਣ ‘ਤੇ ਮਿਤੀ 13 ਅਪ੍ਰੈਲ 2024 ਨੂੰ ਹਰ ਸਿੱਖ ਆਪਣੇ ਘਰਾਂ ਉੱਪਰ ਖ਼ਾਲਸਈ ਨਿਸ਼ਾਨ ਝੁਲਾ ਕੇ ਖ਼ਾਲਸਈ ਜਾਹੋ-ਜਲਾਲ ਦਾ ਪ੍ਰਗਟਾਵਾ ਕਰੇ। ਇਸ ਦੇ ਨਾਲ ਹੀ ਸਾਰੀ ਕੌਮ ਨੂੰ ਸੰਦੇਸ਼ ਹੈ ਕਿ ਆਓ! ਅਗਿਆਨਤਾ ਰੂਪੀ ਆਤਮਿਕ ਧੁੰਦੂਕਾਰੇ ਵਿਚੋਂ ਬਾਹਰ ਨਿਕਲ ਕੇ ਸੱਚ-ਧਰਮ ਦੇ ਪਾਂਧੀ ਬਣਨ ਦੇ ਯਤਨ ਕਰਦਿਆਂ ਸਾਬਤ-ਸੂਰਤ ਹੋ ਕੇ ਅੰਮ੍ਰਿਤਧਾਰੀ ਹੋਈਏ ਅਤੇ ਦਸਮੇਸ਼ ਪਿਤਾ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਪਣਾ ਪੂਰਾ ਸਰਬੰਸ ਵਾਰ ਕੇ ਸਾਡੇ ਲਈ ਖੁਸ਼ਹਾਲ ਕੀਤੀ ਖ਼ਾਲਸਈ ਫੁਲਵਾੜੀ ਦੀ ਮਹਾਨ ਵਿਰਾਸਤ ਦੇ ਵਾਰਿਸ ਬਣੀਏ।
???? ਮਿਤੀ 13 ਅਪ੍ਰੈਲ 2024 ਨੂੰ ਖ਼ਾਲਸਾ ਸਾਜਣਾ ਦਿਵਸ (ਵਿਸਾਖੀ) ਵਾਲੇ ਦਿਨ ਸਵੇਰੇ 09.00 ਵਜੇ ਸੰਸਾਰ-ਭਰ ਵਿਚ ਵਸਦਾ ਹਰ ਸਿੱਖ, ਸਮੂਹ ਬੰਦੀ ਸਿੰਘਾਂ ਦੀ ਰਿਹਾਈ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਪੰਜ ਮਿੰਟ ਗੁਰਮੰਤਰ ਅਤੇ ਮੂਲਮੰਤਰ ਦਾ ਜਾਪ ਕਰਕੇ ਅਰਦਾਸ ਕਰੇ।
???? ਜੂਨ 1984 ਦੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ’ਤੇ ਸਮੇਂ ਦੀ ਭਾਰਤ ਦੀ ਕਾਂਗਰਸ ਹਕੂਮਤ ਵੱਲੋਂ ਕੀਤੇ ਫੌਜੀ ਹਮਲੇ ਦੇ 40 ਸਾਲ ਪੂਰੇ ਹੋਣ ‘ਤੇ ਪੂਰੀ ਕੌਮ ਮਿਤੀ 06 ਜੂਨ 2024 ਨੂੰ ਘੱਲੂਘਾਰਾ ਦਿਵਸ ਮੌਕੇ ਆਪੋ-ਆਪਣੇ ਨੇੜਲੇ ਗੁਰੂ ਘਰਾਂ ਵਿਚ ਸ਼ਹੀਦੀ ਸਮਾਗਮ ਉਲੀਕੇ, ਗੁਰਬਾਣੀ ਦੇ ਜਾਪ ਕੀਤੇ ਜਾਣ ਤੇ ਦੀਵਾਨ ਲਗਾ ਕੇ ਨਵੀਂ ਪੀੜੀ ਨੂੰ ਭਾਰਤੀ ਹਕੂਮਤ ਵੱਲੋਂ ਸਿੱਖਾਂ ਉਤੇ ਕੀਤੇ ਜ਼ੁਲਮਾਂ ਦੀ ਦਾਸਤਾਨ ਸੁਣਾਈ ਜਾਵੇ।
