ਭਗਤੀ ਦਾ ਰੰਗ ‘ਚ ਮੋਹਾਲੀ ਮਹਾਂਸ਼ਿਵਰਾਤਰੀ ‘ਤੇ ਭਾਰੀ ਭੀੜ
ਸਵੇਰੇ 4 ਵਜੇ ਖੁੱਲੇ ਮੰਦਰਾਂ ਦੇ ਕਪਾਟ, ਜਲਾਭਿਸ਼ੇਕ-ਰੁਦ੍ਰਾਭਿਸ਼ੇਕ, ਭਜਨ-ਕੀਰਤਨ ਅਤੇ ਭੰਡਾਰਿਆਂ ਨਾਲ ਗੂੰਜਿਆ ਸ਼ਹਿਰ
ਮਹਾਂਸ਼ਿਵਰਾਤਰੀ ਦੇ ਪਾਵਨ ਦਿਨ ਭਗਤੀਮਈ ਰੰਗ ‘ਚ ਰੰਗਿਆ ਨਜ਼ਰ ਆਇਆ। ਨਵੇਂ ਫਲਾਈਓਵਰ ਇਲਾਕੇ ਤੋਂ ਲੈ ਫੇਸ 11 ਤੱਕ ਸ਼ਹਿਰ ਦੇ ਵੱਖ-ਵੱਖ ਮੰਦਰਾਂ ਤੱਕ ਸਵੇਰੇ ਤੋਂ ਹੀ ਸੰਗਤ ਦੀ ਭਾਰੀ ਭੀੜ ਰਹੀ। “ਹਰ ਹਰ ਮਹਾਦੇਵ” ਦੇ ਜੈਕਾਰਿਆਂ ਨਾਲ ਮਾਹੌਲ ਗੂੰਜਦਾ ਰਿਹਾ ਅਤੇ ਰਾਤ ਦੇਰ ਤੱਕ ਧਾਰਮਿਕ ਕਰਮਕਾਂਡ ਜਾਰੀ ਰਹੇ। ਸਵੇਰੇ ਸਾਝਰੇ ਕਪਾਟ ਖੁੱਲਣ ਨਾਲ ਹੀ ਭਗਤ ਜਲ ਦੇ ਲੋਟੇ, ਬੇਲਪੱਤਰ ਅਤੇ ਧਤੂਰੇ ਨਾਲ ਲੰਬੀਆਂ ਕਤਾਰਾਂ ‘ਚ ਖੜ੍ਹੇ ਜਲਾਭਿਸ਼ੇਕ ਕਰਦੇ ਨਜ਼ਰ ਆਏ।
ਸੈਕਟਰ-94 ਦੇ ਸਮਾਗਮ ਵਿੱਚ ਮੋਹਾਲੀ ਦੇ ਵਿਧਾਇਕ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿੱਥੇ ਦੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਵੀ ਮੌਜੂਦ ਰਹੇ। ਯੂਥ ਲੀਡਰ ਮਨਿੰਦਰ ਸਿੰਘ ਬਿੱਟੂ ਨੇ ਵੀ ਹਾਜ਼ਰੀ ਲਗਵਾਈ। ਆਯੋਜਕਾਂ ਮੁਤਾਬਕ ਇਹ ਇਲਾਕੇ ਦਾ ਪਹਿਲਾ ਵੱਡਾ ਸਮਾਗਮ ਸੀ।
ਫੇਜ਼-5 ਦੇ ਸੰਕੀਰਤਨ ਮੰਦਰ, ਫੇਜ਼-1 ਦੇ ਪ੍ਰਾਚੀਨ ਸ਼ਿਵ ਮੰਦਰ, ਸੈਕਟਰ-68 ਦੇ ਦੁਰਗਾ ਮਾਤਾ ਮੰਦਰ ਅਤੇ ਫੇਜ਼-11 ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਸਮੇਤ ਕਈ ਮੰਦਰਾਂ ਵਿੱਚ ਭਾਰੀ ਭੀੜ ਰਹੀ। ਇੱਕ ਮੰਦਰ ਵਿੱਚ ਲਾਈਨਾਂ ਮੰਦਰ ਤੋਂ ਸਰਕਾਰੀ ਸਕੂਲ ਤੱਕ ਲੱਗੀਆਂ ਦਿਖਾਈ ਦਿੱਤੀਆਂ।
ਸੰਸਕ੍ਰਿਤਿਕ ਪ੍ਰੋਗਰਾਮਾਂ ਦੌਰਾਨ ਭਜਨ-ਕੀਰਤਨ ਨਾਲ ਭਗਤ ਝੂਮ ਉੱਠੇ। ਗੌਰੀ ਸ਼ੰਕਰ ਚੌਕੀ ਵਿੱਚ ਅਜੈ ਰਾਣਾ ਮਿਊਜ਼ਿਕਲ ਗਰੁੱਪ ਨੇ“ਭੰਗ ਨੂੰ ਰਗੜਾ ਲਾਵੇ ਜੀ ਭੋਲਾ”ਵਰਗੇ ਭਜਨਾਂ ਨਾਲ ਸਮਾਂ ਬੰਨ੍ਹ ਦਿੱਤਾ। ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਵਿੱਚ ਡਰੋਨ ਰਾਹੀਂ ਪੁਸ਼ਪ ਵਰਖਾ ਪਹਿਲੀ ਵਾਰ ਕਰਵਾਈ ਗਈ ਅਤੇ ਚਾਰ ਪ੍ਰਹਰ ਦੀ ਪੂਜਾ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਚੱਲੀ।
ਮੰਦਰਾਂ ਵਿੱਚ ਅਟੁੱਟ ਭੰਡਾਰੇ, ਦੁੱਧ, ਫਲ ਅਤੇ ਪ੍ਰਸਾਦ ਦੀ ਖਾਸ ਵਿਵਸਥਾ ਰਹੀ। ਪ੍ਰਬੰਧਕਾਂ ਅਤੇ ਸੇਵਾਦਾਰਾਂ ਨੇ ਨਿਸ਼ਕਾਮ ਸੇਵਾ ਨਾਲ ਭਗਤੀ ਦਾ ਅਨੋਖਾ ਦਰਸ਼ਨ ਕਰਵਾਇਆ।






