PR-7 ਏਅਰਪੋਰਟ ਰੋਡ ‘ਤੇ ਭਿਆਨਕ ਸੜਕ ਹਾਦਸਾ (Road Accident), ਤਿੰਨ ਹਲਾਕ ਛੇ ਜ਼ਖ਼ਮੀ
–ਜ਼ਖ਼ਮੀਆਂ ਦੀ ਹਾਲਤ ਨਾਜ਼ੁਕ, ਜ਼ਖਮੀਆਂ ਵਿੱਚ ਔਰਤ ਅਤੇ ਬੱਚੇ ਵੀ ਸ਼ਾਮਲ
–ਤੇਜ਼ ਰਫ਼ਤਾਰ ਫਾਰਚੂਨਰ ਨੇ ਥ੍ਰੀ ਵ੍ਹੀਲਰ ਅਤੇ ਖੜ੍ਹੇ ਟਰਾਲੇ ਵਿੱਚ ਮਾਰੀ ਟੱਕਰ
Mohali, ਜਨਵਰੀ 29 (DPB)
Mohali ਦੀ PR-7 ਏਅਰਪੋਰਟ ਰੋਡ ‘ਤੇ ਵੀਰਵਾਰ ਸ਼ਾਮ ਵਾਪਰੇ ਇੱਕ ਭਿਆਨਕ ਸੜਕ ਹਾਦਸੇ (Road Accident)ਵਿੱਚ ਫਾਰਚੂਨਰ ਗੱਡੀ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ ਹਾਦਸੇ ਵਿੱਚ ਤਕਰੀਬਨ ਛੇ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖਮੀਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਜ਼ਖਮੀਆਂ ਚ ਚਾਰ ਫਾਰਚੂਨਰ ਸਵਾਰ ਅਤੇ ਦੋ ਥ੍ਰੀ ਵ੍ਹੀਲਰ ਸਵਾਰ ਸ਼ਾਮਲ ਹਨ। ਹਾਦਸੇ ਕਾਰਨ ਇਲਾਕੇ ਵਿੱਚ ਅਫ਼ਰਾ-ਤਫ਼ਰੀ ਮਚ ਗਈ ਅਤੇ ਲੰਮਾ ਟਰੈਫਿਕ ਜਾਮ ਲੱਗ ਗਿਆ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਡੇਰਾਬੱਸੀ ਪਹੁੰਚਾਇਆ।
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਕ ਤੇਜ਼ ਰਫ਼ਤਾਰ ਫਾਰਚੂਨਰ ਜਿਸ ਵਿੱਚ ਅੱਠ ਲੋਕ ਸਵਾਰ ਸੀ, Zirakpur ਜ਼ੀਰਕਪੁਰ ਤੋਂ ਮੁਹਾਲੀ (Mohali)ਵੱਲ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਏਰੋ ਸੜਕ ਤੇ ਸਥਿਤ ਯਮੀ ਜੰਗਲ ਰੈਸਤਰਾਂ ਦੇ ਸਾਹਮਣੇ ਪਹੁੰਚੇ ਤਾਂ ਸਪੀਡ ਤੇਜ਼ ਹੋਣ ਕਾਰਨ ਫਾਰਚੂਨਰ ਨੇ ਪਹਿਲਾਂ ਅੱਗੇ ਜਾ ਰਹੇ ਸਵਾਰੀਆਂ ਨਾਲ ਭਰੇ ਇੱਕ ਆਟੋ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਫਾਰਚੂਨਰ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਖੜੇ ਟਰਾਲੇ ਦੇ ਪਿੱਛੇ ਜਾ ਵੜੀ। ਟੱਕਰ ਐਨੀ ਜ਼ੋਰਦਾਰ ਸੀ ਕਿ ਫਾਰਚੂਨਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਿਸ ਨੂੰ ਸੁਣਕੇ ਲੋਕ ਡਰ ਗਏ।
ਚਸਮਦੀਦਾਂ ਨੇ ਦੱਸਿਆ ਕਿ ਫਾਰਚੂਨਰ ਬਹੁਤ ਤੇਜ਼ ਰਫ਼ਤਾਰ ਵਿੱਚ ਸੀ ਅਤੇ ਡਰਾਈਵਰ ਵਾਹਨ ‘ਤੇ ਕਾਬੂ ਨਹੀਂ ਰੱਖ ਸਕਿਆ। ਹਾਦਸੇ ਵਿੱਚ ਫਾਰਚੂਨਰ ਵਿੱਚ ਸਵਾਰ ਕੁਝ ਮਹਿਲਾਵਾਂ ਅਤੇ ਬੱਚੇ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਐਂਬੂਲੈਂਸਾਂ ਰਾਹੀਂ ਡੇਰਾਬੱਸੀ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਆਟੋ ਵਿੱਚ ਸਵਾਰ ਜ਼ਖ਼ਮੀਆਂ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ।
ਟੱਕਰ ਤੋਂ ਬਾਅਦ ਫਾਰਚੂਨਰ ਦਾ ਡਰਾਈਵਰ ਗੱਡੀ ਅੰਦਰ ਫਸ ਗਿਆ, ਜਿਸ ਨੂੰ ਪੁਲੀਸ ਅਤੇ ਸਥਾਨਕ ਲੋਕਾਂ ਨੇ ਕਰੀਬ ਅੱਧੇ ਘੰਟੇ ਦੀ ਮਿਹਨਤ ਬਾਅਦ ਬਾਹਰ ਕੱਢਿਆ। ਸੂਚਨਾ ਮਿਲਦੇ ਹੀ ਥਾਣਾ ਜ਼ੀਰਕਪੁਰ ਦੀ ਪੁਲੀਸ ਨੇ ਮੌਕੇ ‘ਤੇ ਪਹੁੰਚੀ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ 35 ਸਾਲਾ ਦਾ ਹਰਜੀਤ ਸਿੰਘ ਵਾਸੀ ਪਿੰਡ ਚੂਨੀ ਫਤਿਹਗੜ੍ਹ ਸਾਹਿਬ, 70 ਸਾਲਾ ਦਾ ਬਲਵੀਰ ਸਿੰਘ ਅਤੇ 68 ਸਾਲਾ ਦਾ ਅਮਰੀਕ ਸਿੰਘ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਅਮਰੀਕ ਸਿੰਘ ਅਤੇ ਬਲਬੀਰ ਸਿੰਘ ਭਰਾ ਹਨ ਅਤੇ ਮ੍ਰਿਤਕ ਹਰਜੀਤ ਸਿੰਘ ਜੋ ਗੱਡੀ ਚਲਾ ਰਿਹਾ ਸੀ ਮ੍ਰਿਤਕ ਅਮਰੀਕ ਸਿੰਘ ਦਾ ਪੁੱਤਰ ਸੀ।
ਜ਼ਖਮੀਆਂ ਦੀ ਪਛਾਣ ਮ੍ਰਿਤਕ ਬਲਬੀਰ ਸਿੰਘ ਦਾ ਲੜਕਾ ਹਰਵਿੰਦਰ ਸਿੰਘ, ਉਸਦੀ ਪਤਨੀ ਗਗਨਰੂਪ ਕੌਰ, ਉਨ੍ਹਾਂ ਦਾ ਦੋ ਸਾਲਾ ਲੜਕਾ ਵੀਰਜੋਤ ਸਿੰਘ ਅਤੇ ਇਕ ਸਾਲ ਦਾ ਲੜਕਾ ਅਭੀਰੂਪ ਕੌਰ ਦੇ ਰੂਪ ਵਿੱਚ ਹੋਈ ਹੈ। ਜਦਕਿ ਥ੍ਰੀ ਵ੍ਹੀਲਰ ਸਵਾਰ ਜ਼ਖਮੀਆਂ ਦੀ ਪਛਾਣ ਬੂਟਾ ਸਿੰਘ, ਸ਼ਮਸ਼ੇਰ ਸਿੰਘ ਦੇ ਰੂਪ ਵਿੱਚ ਹੋਈ ਹੈ। ਜ਼ਖਮੀਆਂ ਨੂੰ ਚੰਡੀਗੜ੍ਹ ਸੈਕਟਰ 32 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਸਾਰਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।




