ਡਿਪਟੀ ਮੇਅਰ ਤੇ ਇਲਾਕਾ ਕੌਂਸਲਰ ਨੇ ਕੀਤੀ ਸਕੂਲ ਅਧਿਕਾਰੀਆਂ ਅਤੇ ਠੇਕੇਦਾਰ ਖਿਲਾਫ ਤੁਰੰਤ ਕਾਰਵਾਈ ਦੀ ਮੰਗ
ਐਸਡੀਐਮ ਤੇ ਡੀਈਓ ਨੇ ਵੀ ਕੀਤਾ ਸਕੂਲ ਦਾ ਦੌਰਾ, ਦਿੱਤੀਆਂ ਸਖਤ ਹਦਾਇਤਾਂ
ਮੋਹਾਲੀ:
ਮੋਹਾਲੀ ਦੇ ਫੇਜ਼ 5 ਦੇ ਸਰਕਾਰੀ ਸਕੂਲ ਵਿੱਚ ਬਿਲਡਿੰਗ ਦੀ ਉਸਾਰੀ ਵਿੱਚ ਘੋਰ ਲਾਪਰਵਾਹੀ ਅਤੇ ਊਣਤਾਈਆਂ ਦੇ ਨਾਲ ਨਾਲ ਅਸੁਰੱਖਿਅਤ ਢਾਂਚੇ ਨੇ ਬੱਚਿਆਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਸਥਾਨਕ ਕੌਂਸਲਰ ਬਲਜੀਤ ਕੌਰ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਇਸ ਨੂੰ ਬਹੁਤ ਗੰਭੀਰ ਮਾਮਲਾ ਕਰਾਰ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ, ਸੰਬੰਧਿਤ ਕਰਮਚਾਰੀਆਂ ਅਤੇ ਠੇਕੇਦਾਰ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਾਲ ਨਾਲ ਪੁਲਿਸ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਮੋਹਾਲੀ ਦੇ ਐਸਡੀਐਮ ਅਤੇ ਡੀਈਓ ਦੀ ਹਾਜ਼ਰੀ ਵਿੱਚ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਕੂਲ ਦੀ ਬਿਲਡਿੰਗ ਵਿੱਚ ਕਈ ਤਰ੍ਹਾਂ ਦੀਆਂ ਊਣਤਾਈਆਂ ਹਨ ਜਿਨ੍ਹਾਂ ਵਿੱਚ ਪੁਰਾਣੀ ਪੌੜੀ ਪੁਰਾਣੀ ਅਤੇ ਘੱਟ ਚੌੜਾਈ ਦੀ ਹੈ, ਜੋ ਕਦੇ ਵੀ ਹਾਦਸੇ ਅਤੇ ਬੱਚਿਆਂ ਲਈ ਜ਼ਖਮੀ ਹੋਣ ਦਾ ਕਾਰਨ ਬਣ ਸਕਦੀ ਹੈ। ਨਵੀਂ ਪੌੜੀ ਅਤੇ ਰੈਂਪ ਦੀ ਉਪਲਬਧਤਾ ਨਹੀਂ ਹੈ, ਜਿਸ ਨਾਲ ਹੈਂਡੀਕੈਪ ਬੱਚਿਆਂ ਲਈ ਸਖਤ ਸਮੱਸਿਆ ਹੈ ਅਤੇ ਬਿਲਡਿੰਗ ਦੀ ਕੰਸਟਰਕਸ਼ਨ ਦੌਰਾਨ ਨਕਸ਼ੇ ਅਤੇ ਸੁਰੱਖਿਆ ਦੇ ਮਾਪਦੰਡਾਂ ਦੀ ਉਲੰਘਣਾ ਕੀਤੀ ਗਈ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਸਥਾਨਕ ਕੌਂਸਲਰ ਬਲਜੀਤ ਕੌਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਿਲਡਿੰਗ ਦੀ ਤੁਰੰਤ ਮੁਰੰਮਤ ਕੀਤੀ ਜਾਵੇ ਅਤੇ ਸਿਰਫ ਇਸੇ ਸਕੂਲ ਦੀ ਨਹੀਂ ਸਗੋਂ ਮੋਹਾਲੀ ਦੇ ਸਾਰੇ ਸਕੂਲਾਂ ਦੀ ਬਿਲਡਿੰਗ ਦੀ ਪੂਰੀ ਜਾਂਚ ਕਰਵਾਈ ਜਾਵੇ। ਉਹਨਾਂ ਕਿਹਾ ਕਿ ਸਕੂਲਾਂ ਦੀਆਂ ਬਿਲਡਿੰਗਾਂ ਦੇ ਗਮਾਡਾ ਤੋਂ ਪਾਸ ਕੀਤੇ ਗਏ ਬਿਲਡਿੰਗ ਪਲੈਨ ਅਨੁਸਾਰ ਹੀ ਬਿਲਡਿੰਗ ਬਣਾਈ ਜਾਵੇ ਅਤੇ ਦੋਸ਼ੀ ਠੇਕੇਦਾਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ।
ਉਹਨਾਂ ਕਿਹਾ ਕਿ ਇਹ ਮਾਮਲਾ ਬੱਚਿਆਂ ਦੀ ਸੁਰੱਖਿਆ ਅਤੇ ਭਵਿੱਖ ਨਾਲ ਸਬੰਧਤ ਹੈ। ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਲਾਪਰਵਾਹੀਆਂ ਦੁਬਾਰਾ ਨਾ ਹੋਣ।
ਅੱਜ ਇਸ ਸਕੂਲ ਦਾ ਦੌਰਾ ਕਰਨ ਲਈ ਸਥਾਨਕ ਪ੍ਰਸ਼ਾਸਨ ਦੇ ਐਸਡੀਐਮ, ਡੀਈਓ ਅਤੇ ਇੰਜੀਨੀਅਰਿੰਗ ਵਿੰਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ। ਪ੍ਰਸ਼ਾਸਨ ਨੇ ਸਖਤ ਹਦਾਇਤਾਂ ਜਾਰੀ ਕੀਤੀਆਂ ਅਤੇ ਦੋਸ਼ੀ ਠੇਕੇਦਾਰ ਅਤੇ ਜਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿਵਾਇਆ ਅਤੇ ਡਿਪਟੀ ਮੇਅਰ ਦੀ ਮੰਗ ਉੱਤੇ ਕੰਮ ਬੰਦ ਕਰਨ ਦੀਆਂ ਹਦਾਇਤਾਂ ਦਿੱਤੀਆਂ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਕੌਂਸਲਰ ਬਲਜੀਤ ਕੌਰ ਨੇ ਖਾਸ ਤੌਰ ਤੇ ਮੋਹਾਲੀ ਦੇ ਐਸਡੀਐਮ ਦਮਨਦੀਪ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਗਿੰਨੀ ਦੁੱਗਲ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਖੁਦ ਮੌਕੇ ਦਾ ਦੌਰਾ ਵੀ ਕੀਤਾ ਹੈ ਅਤੇ ਸਖਤ ਹਦਾਇਤਾਂ ਵੀ ਜਾਰੀ ਕੀਤੀਆਂ ਹਨ।
