ਗਮਾਡਾ ਦਫ਼ਤਰ ’ਚ 38 ਘੰਟਿਆਂ ਦੀ ED ਕਾਰਵਾਈ ਮੁਕੰਮਲ, 30 ਬੈਗ ਦਸਤਾਵੇਜ਼ ਲੈ ਕੇ ਟੀਮਾਂ ਰਵਾਨਾ
ਮੋਹਾਲੀ : ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਦਫ਼ਤਰ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਚਲਾਈ 38 ਘੰਟਿਆਂ ਦੀ ਤਲਾਸ਼ੀ ਅਤੇ ਨਿਗਰਾਨੀ ਕਾਰਵਾਈ ਵੀਰਵਾਰ ਨੂੰ ਸਮਾਪਤ ਹੋ ਗਈ। ED ਦੀਆਂ ਟੀਮਾਂ ਦੁਪਹਿਰ ਕਰੀਬ 1.50 ਵਜੇ ਗਮਾਡਾ ਦਫ਼ਤਰ ਤੋਂ ਜ਼ਬਤ ਕੀਤੇ ਦਸਤਾਵੇਜ਼ਾਂ ਦੇ ਲਗਭਗ 30 ਬੈਗ ਲੈ ਕੇ ਰਵਾਨਾ ਹੋਈਆਂ।
ਆਮ ਆਦਮੀ ਪਾਰਟੀ (AAP) ਦੇ ਵਰਕਰਾਂ ਵੱਲੋਂ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਪੁਲੀਸ ਨੇ ED ਦੀਆਂ ਟੀਮਾਂ ਨੂੰ ਸੁਰੱਖਿਅਤ ਤੌਰ ’ਤੇ ਗਮਾਡਾ ਦਫ਼ਤਰ ਤੋਂ ਚੰਡੀਗੜ੍ਹ ਸਰਹੱਦ ਤੱਕ ਪਹੁੰਚਾਇਆ। ਸੂਤਰਾਂ ਮੁਤਾਬਕ ED ਅਧਿਕਾਰੀ ਜ਼ਬਤ ਕੀਤੇ ਦਸਤਾਵੇਜ਼ਾਂ ਤੋਂ ਇਲਾਵਾ ਸਕੈਨ ਕੀਤੇ ਰਿਕਾਰਡ ਵਾਲੀਆਂ ਹਾਰਡ ਡਿਸਕਾਂ ਵੀ ਨਾਲ ਲੈ ਗਏ। ਏਜੰਸੀ ਵੱਲੋਂ ਅਗਲੀ ਜਾਂਚ ਲਈ ਮਹੱਤਵਪੂਰਨ ਰਿਕਾਰਡ ਇਕੱਠਾ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਉਪਲਬਧ ਜਾਣਕਾਰੀ ਮੁਤਾਬਕ ਤਲਾਸ਼ੀ ਦੌਰਾਨ ਗਮਾਡਾ ਦੇ ਕਿਸੇ ਅਧਿਕਾਰੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ। ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਵਿਕਾਸ ਗਰਗ ਸਮੇਤ ਸੀਨੀਅਰ ਅਧਿਕਾਰੀ ਮੁੜ ਕੰਮ ’ਤੇ ਪਰਤ ਆਏ।
ਪ੍ਰਦਰਸ਼ਨ ਦੌਰਾਨ 8 ਤੋਂ 10 ਹਿਰਾਸਤ ’ਚ
SSP ਵਰੁਣ ਸ਼ਰਮਾ ਨੇ ਦੱਸਿਆ ਕਿ ਪ੍ਰਦਰਸ਼ਨ ਦੌਰਾਨ ਕੁਝ ਵਿਅਕਤੀ ਹਮਲਾਵਰ ਹੋ ਗਏ ਸਨ, ਪਰ ਪੁਲੀਸ ਨੇ ਸਥਿਤੀ ਕਾਬੂ ਕਰ ਲਈ। ਉਨ੍ਹਾਂ ਕਿਹਾ ਕਿ ਇੱਕ ਵਾਹਨ ਦੀ ਭੰਨ-ਤੋੜ ਵੀ ਕੀਤੀ ਗਈ ਅਤੇ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਵਿੱਚ ਲਗਭਗ 8 ਤੋਂ 10 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

AAP ਦੇ ਜਨਰਲ ਸਕੱਤਰ ਅਤੇ ਮੋਹਾਲੀ ਕੌਂਸਲਰ ਸੰਨੀ ਸਿੰਘ ਆਹਲੂਵਾਲੀਆ ਨੇ ED ਦੀ ਕਾਰਵਾਈ ਨੂੰ “ਸਿਆਸਤ ਤੋਂ ਪ੍ਰੇਰਿਤ” ਅਤੇ “ਬਦਲਾਖੋਰੀ ਦੀ ਰਾਜਨੀਤੀ” ਕਰਾਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਇਹ ਕਾਰਵਾਈ ਵਿਰੋਧੀਆਂ ਨੂੰ ਦਬਾਉਣ ਲਈ ਕੀਤੀ ਜਾ ਰਹੀ ਹੈ।
ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਖ਼ਲ ਤੋਂ ਬਾਅਦ ਅਦਾਲਤ ਵੱਲੋਂ ਨਿਯੁਕਤ ਵਾਰੰਟ ਅਫ਼ਸਰ ਦੀ ਸੁਰੱਖਿਆ ਲਈ ਵੀ ਪੁਲੀਸ ਨੂੰ ਹੁਕਮ ਦਿੱਤੇ ਗਏ ਸਨ। ED ਟੀਮਾਂ ਦੇ ਜਾਣ ਤੋਂ ਬਾਅਦ LAC, CA ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਦਫ਼ਤਰਾਂ ਨੂੰ ਤਾਲੇ ਲੱਗੇ ਰਹੇ, ਜਦਕਿ ਸਫ਼ਾਈ ਕਰਮਚਾਰੀ ਪੂਰੇ ਦਫ਼ਤਰ ਦੀ ਸਫ਼ਾਈ ਕਰਦੇ ਨਜ਼ਰ ਆਏ। ਨੇ ਲੋਕਾਂ ਨੂੰ ਦੱਸਿਆ ਕਿ ਦਫ਼ਤਰੀ ਕੰਮ ਸ਼ੁੱਕਰਵਾਰ ਤੋਂ ਆਮ ਤੌਰ ’ਤੇ ਮੁੜ ਸ਼ੁਰੂ ਹੋਵੇਗਾ।





