ਵਿਸ਼ਾਲ ਰੋਡ ਸ਼ੋਅ ਮਗਰੋਂ ਡਾ: ਧਰਮਵੀਰ ਗਾਂਧੀ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ
ਡਾ: ਗਾਂਧੀ ਦੇ ਨਾਮਜ਼ਦਗੀ ਸਮਾਗਮ ‘ਚ ਉਮੜੀ ਹਜ਼ਾਰਾਂ ਦੀ ਭੀੜ
ਕਾਂਗਰਸ ਪਾਰਟੀ ਵੱਲੋਂ ਲੋਕਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਆਪਣੇ ਆਪਣੇ ਸਮਰਥਕਾਂ ਦੇ ਵੱਡੇ ਹਜ਼ੂਮ ਨਾਲ਼ ਰੋਡ ਸ਼ੋਅ ਕਰਨ ਉਪਰੰਤ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਦਿੱਤੇ ਗਏ।
ਰੋਡ ਸ਼ੋਅ ਅਤੇ ਮਗਰੋਂ ਕਾਗ਼ਜ਼ ਦਾਖ਼ਲ ਕਰਨ ਤੱਕ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਇਸਤੋਂ ਇਲਾਵਾ ਲੋਕਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਦੇ ਹਲਕਾ ਇੰਚਾਰਜ, ਜ਼ਿਲ੍ਹਾ ਕਾਂਗਰਸ ਕਮੇਟੀ,ਯੂਥ ਕਾਂਗਰਸ,ਮਹਿਲਾ ਕਾਂਗਰਸ,ਸੇਵਾ ਦਲ ਦੇ ਅਹੁਦੇਦਾਰਾਂ ਸਮੇਤ ਜ਼ਿਲ੍ਹੇ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਇਕਜੁੱਟਤਾ ਨਾਲ਼ ਉਹਨਾਂ ਦੇ ਨਾਲ਼ ਖੜ੍ਹੀ ਦਿਖਾਈ ਦਿੱਤੀ।
ਡਾ: ਗਾਂਧੀ ਦੇ ਰੋਡ ਸ਼ੋਅ ਦੀ ਪ੍ਰਬੰਧਕੀ ਟੀਮ ਵੱਲੋਂ ਆਮ ਸੜਕੀ ਆਵਾਜਾਈ ਪ੍ਰਭਾਵਿਤ ਹੋਣ ਤੋਂ ਰੋਕਣ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ ਤਾਂ ਜੋ ਸਫ਼ਰ ਕਰ ਰਹੇ ਆਮ ਲੋਕਾਂ ਨੂੰ ਕੋਈ ਤਕਲੀਫ਼ ਨਾ ਆਵੇ। ਇਸ ਮਕਸਦ ਲਈ ਸਾਰਾ ਪ੍ਰੋਗਰਾਮ ਤੈਅ ਸਮੇਂ ਅਨੁਸਾਰ ਹੀ ਨੇਪਰੇ ਚਾੜ੍ਹਿਆ ਗਿਆ।
ਇਸ ਮੌਕੇ ਰਾਜਾ ਵੜਿੰਗ ਵੱਲੋਂ ਕਿਹਾ ਗਿਆ ਕਿ ਇਲਾਕੇ ਦੇ ਲੋਕਾਂ ਦਾ ਪਿਆਰ ਅਤੇ ਉਤਸ਼ਾਹ ਇਸ ਗੱਲ ਦਾ ਹੁੰਘਾਰਾ ਭਰ ਰਿਹਾ ਹੈ ਕਿ ਡਾ: ਗਾਂਧੀ ਪਟਿਆਲਾ ਸੀਟ ਤੋਂ ਬਹੁਤ ਵੱਡੇ ਮਾਰਜ਼ਨ ਨਾਲ਼ ਜਿੱਤਣਗੇ। ਉਹਨਾਂ ਕਿਹਾ ਕਿ ਸਮੁੱਚੀ ਕਾਂਗਰਸ ਪਾਰਟੀ ਡਾਕਟਰ ਗਾਂਧੀ ਨੂੰ ਜਿਤਾਉਣ ਲਈ ਇਕਜੁੱਟ ਹੈ।
ਡਾ: ਧਰਮਵੀਰ ਗਾਂਧੀ ਨੇ ਇਸ ਮੌਕੇ ਕਿਹਾ ਕਿ ਮੇਰਾ ਪਿਛਲੇ 50 ਸਾਲ ਦਾ ਸਮਾਜਿਕ ਜੀਵਨ ਇੱਕ ਖੁੱਲ੍ਹੀ ਕਿਤਾਬ ਵਾਂਗ ਲੋਕਾਂ ਦੇ ਸਾਹਮਣੇ ਹੈ। ਮੇਰੇ ਸਾਹਮਣੇ ਵਾਲ਼ੇ ਉਮੀਦਵਾਰ ਬੇਸ਼ੱਕ ਪੈਸੇ ਅਤੇ ਸੱਤਾ ਦੀ ਤਾਕਤ ਪੱਖੋਂ ਬਹੁਤ ਤਾਕਤਵਰ ਹਨ ਪਰ ਮੇਰੇ ਨਾਲ਼ ਮੇਰੇ ਲੋਕ ਖੜ੍ਹੇ ਹਨ ਅਤੇ ਲੋਕਾਂ ਦੀ ਤਾਕਤ ਹੀ ਮੈਨੂੰ ਸੰਸਦ ਵਿੱਚ ਪਹੁੰਚਾਏਗੀ ਅਤੇ ਮੈਂ ਸੰਸਦ ਵਿੱਚ ਪੁੱਜ ਕੇ ਪੰਜਾਬ – ਪੰਜਾਬੀ – ਪੰਜਾਬੀਅਤ ਦੀ ਅਵਾਜ਼ ਬੁਲੰਦ ਕਰਾਂਗਾ।