ਮੋਹਾਲੀ ਵਿੱਚ ਸਪੈਸ਼ਲ ਫੋਰਸ ਲਗਾਉਣ ਡੀਜੀਪੀ, ਸਮੇਂ ਸਿਰ ਕੀਤਾ ਜਾਵੇ ਅਮਨ ਕਾਨੂੰਨ ਦੀ ਵਿਗੜਦੀ ਸਥਿਤੀ ਉੱਤੇ ਕਾਬੂ
ਮੋਹਾਲੀ: ਨਗਰ ਨਿਗਮ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੋਹਾਲੀ ਦੇ ਕੁੰਬੜਾ ਪਿੰਡ ਵਿੱਚ ਕੁਝ ਪ੍ਰਵਾਸੀਆਂ ਵੱਲੋਂ ਇੱਕ ਨੌਜਵਾਨ ਬੱਚੇ ਦਾ ਕਤਲ ਤੇ ਇੱਕ ਨੂੰ ਗੰਭੀਰ ਜ਼ਖਮੀ ਕਰਨ ਦੀ ਘਟਨਾ ਉੱਤੇ ਪ੍ਰਤੀਕਰਮ ਕਰਦਿਆਂ ਕਿਹਾ ਹੈ ਕਿ ਮੋਹਾਲੀ ਵਿੱਚ ਅਮਨ ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਦੁੱਖਦਾਈ ਹੈ ਅਤੇ ਉਹ ਇਸ ਗੱਲੋਂ ਹੈਰਾਨ ਹਨ ਕਿ ਕਿਵੇਂ ਪ੍ਰਵਾਸੀਆਂ ਨੇ ਇਨਾ ਵੱਡਾ ਕਦਮ ਚੁੱਕਦੇ ਹੋਏ ਪਿੰਡ ਦੇ ਇੱਕ ਨੌਜਵਾਨ ਦਾ ਕਤਲ ਕੀਤਾ ਹੈ ਅਤੇ ਦੂਜੇ ਨੂੰ ਗੰਭੀਰ ਜਖਮੀ ਕੀਤਾ ਹੈ। ਉਹਨਾਂ ਕਿਹਾ ਕਿ ਰੋਜ਼ਾਨਾ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਲੱਗ ਗਈਆਂ ਹਨ ਜੋ ਕਿ ਬਹੁਤ ਹੀ ਗੰਭੀਰ ਮੁੱਦਾ ਹੈ ਅਤੇ ਪੁਲਿਸ ਨੂੰ ਇਸ ਸਬੰਧੀ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਨਹੀਂ ਤਾਂ ਹਾਲਾਤ ਕਾਬੂ ਤੋਂ ਬਾਹਰ ਹੋ ਜਾਣਗੇ।
ਉਹਨਾਂ ਕਿਹਾ ਕਿ ਮੋਹਾਲੀ ਵਿੱਚ ਵੈਸੇ ਹੀ ਪੁਲਿਸ ਦੀ ਨਫਰੀ ਬਹੁਤ ਘੱਟ ਅਤੇ ਇਸ ਸਬੰਧੀ ਉਹ ਪਹਿਲਾਂ ਹੀ ਡੀਜੀਪੀ ਨੂੰ ਪੱਤਰ ਲਿਖ ਚੁੱਕੇ ਹਨ ਪਰ ਇਸ ਸਬੰਧੀ ਕੋਈ ਕਦਮ ਨਾ ਚੁੱਕੇ ਜਾਣ ਕਾਰਨ ਮੋਹਾਲੀ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਖਰਾਬ ਹੋ ਰਹੀ ਹੈ।। ਉਹਨਾਂ ਕਿਹਾ ਕਿ ਸ਼ਹਿਰ ਉੱਥੇ ਟਰੈਫਿਕ ਪੁਲਿਸ ਤਾਂ ਦਿਖਦੀ ਨਹੀਂ ਤੇ ਨਾ ਹੀ ਪੁਲਿਸ ਦਾ ਕੋਈ ਡਰ ਖੌਫ ਇਸ ਤਰ੍ਹਾਂ ਦੇ ਜਰਾਇਮ ਪੇਸ਼ਾ ਲੋਕਾਂ ਦੇ ਦਿਲ ਵਿੱਚ ਰਹਿ ਗਿਆ ਹੈ।
ਉਹਨਾਂ ਕਿਹਾ ਕਿ ਉਹ ਅੱਜ ਚੰਬੇਵਾਲ ਵਿਖੇ ਕਾਂਗਰਸ ਪਾਰਟੀ ਦੀ ਡਿਊਟੀ ਤੇ ਸਨ ਤੇ ਵਾਪਸ ਆ ਕੇ ਤੁਰੰਤ ਨਿੱਜੀ ਤੌਰ ਤੇ ਪਰਿਵਾਰ ਦੇ ਮੈਂਬਰਾਂ ਨੂੰ ਮਿਲ ਕੇ ਦੁੱਖ ਅਤੇ ਹਮਦਰਦੀ ਪ੍ਰਗਟ ਕਰਨਗੇ। ਉਹਨਾਂ ਕਿਹਾ ਕਿ ਪੂਰੇ ਮੋਹਾਲੀ ਦੇ ਲੋਕ ਇਸ ਘਟਨਾ ਨੂੰ ਲੈ ਕੇ ਚਿੰਤਾ ਵਿੱਚ ਹਨ। ਉਹਨਾਂ ਮੰਗ ਕੀਤੀ ਕਿ ਡੀਜੀਪੀ ਇਸ ਸੰਬੰਧੀ ਮੋਹਾਲੀ ਵਿੱਚ ਇਹ ਸਪੈਸ਼ਲ ਫੋਰਸ ਤਾਇਨਾਤ ਕਰਨ ਤਾਂ ਜੋ ਅਮਨ ਕਾਨੂੰਨ ਦੀ ਵਿਗੜਦੀ ਜਾ ਰਹੀ ਸਥਿਤੀ ਨੂੰ ਠੱਲ ਪਾਈ ਜਾ ਸਕੇ।
ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਮਾਮਲੇ ਵਿੱਚ ਫੌਰੀ ਤੌਰ ਤੇ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਨਾ ਸਿਰਫ ਮੋਹਾਲੀ ਸਗੋਂ ਪੂਰੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।