AAP ਦੇ Roadshow’ਚ ਨਜ਼ਰ ਆਏ ਕਾਂਗਰਸੀ ਕੌਂਸਲਰ ਹਰਜੀਤ ਸਿੰਘ ਭੋਲੂ, ਮੋਹਾਲੀ ਦੀ ਸਿਆਸਤ ’ਚ ਚਰਚਾਵਾਂ ਤੇਜ
ਮੇਅਰ ਚੋਣ ਦਾ ਬਾਈਕਾਟ ਕਰਨ ਵਾਲੇ ਕੌਂਸਲਰ ਨੇ ਹੁਣ AAP ਆਗੂਆਂ ਨਾਲ ਸਾਂਝਾ ਕੀਤਾ ਮੰਚ
AAP road show in Mohali: ਮੋਹਾਲੀ ਦੇ ਸੁਹਾਣਾ ਵਿਖੇ ਐਤਵਾਰ ਨੂੰ ਹੋਏ ਆਮ ਆਦਮੀ ਪਾਰਟੀ (AAP) ਦੇ ਰੋਡ ਸ਼ੋਅ ਦੌਰਾਨ ਇੱਕ ਦਿਲਚਸਪ ਸਿਆਸੀ ਤਸਵੀਰ ਸਾਹਮਣੇ ਆਈ। ਕਾਂਗਰਸ ਦੇ ਕੌਂਸਲਰ ਹਰਜੀਤ ਸਿੰਘ ਭੋਲੂ ਨਾ ਸਿਰਫ਼ ਰੋਡ ਸ਼ੋਅ ਵਿੱਚ ਸ਼ਾਮਲ ਹੋਏ, ਸਗੋਂ ਉਹ AAP ਦੇ ਕੌਂਸਲਰਾਂ ਦੇ ਨਾਲ ਮੰਚ ਸਾਂਝਾ ਕਰਦੇ ਹੋਏ ਅਤੇ ਮਾਈਕ ਰਾਹੀਂ ਲੋਕਾਂ ਨੂੰ ਸੰਬੋਧਨ ਕਰਦੇ ਵੀ ਨਜ਼ਰ ਆਏ। ਉਨ੍ਹਾਂ ਦੀ ਮੌਜੂਦਗੀ ਨੇ ਮੋਹਾਲੀ ਦੇ ਸਿਆਸੀ ਗਲਿਆਰਿਆਂ ਵਿੱਚ ਨਵੀਆਂ ਚਰਚਾਵਾਂ ਨੂੰ ਜਨਮ ਦੇ ਦਿੱਤਾ ਹੈ।
ਭਾਵੇਂ ਇਸ ਮਾਮਲੇ ’ਤੇ ਹਰਜੀਤ ਸਿੰਘ ਭੋਲੂ ਵੱਲੋਂ ਅਜੇ ਤੱਕ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ, ਪਰ ਉਨ੍ਹਾਂ ਦੀ ਰੋਡ ਸ਼ੋਅ ਵਿੱਚ ਸਰਗਰਮ ਭੂਮਿਕਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਿਆਸੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਵਿਰੋਧੀ ਧਿਰਾਂ ਇਸ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਰਮਿਆਨ ਵਧ ਰਹੀ ਨੇੜਤਾ ਜਾਂ ਸਥਾਨਕ ਸਿਆਸੀ ਸਮੀਕਰਨਾਂ ਵਿੱਚ ਸੰਭਾਵਿਤ ਬਦਲਾਅ ਦੇ ਸੰਕੇਤ ਵਜੋਂ ਦੇਖ ਰਹੀਆਂ ਹਨ।

ਬੀਜੇਪੀ ਕੌਂਸਲਰ ਕੁਲਦੀਪ ਸਿੰਘ ਬਿੱਟੂ ਵੀ ਨਜ਼ਰ ਆਏ ਆਪ ਦੇ ਰੋਡ ਸ਼ੋ ਵਿੱਚ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੋਈ ਮੋਹਾਲੀ ਨਗਰ ਨਿਗਮ ਦੀ ਮੇਅਰ ਚੋਣ ਦੌਰਾਨ ਹਰਜੀਤ ਸਿੰਘ ਭੋਲੂ ਨੇ ਕਾਂਗਰਸ ਦੇ ਹੋਰ ਕੌਂਸਲਰਾਂ ਨਾਲ ਮਿਲ ਕੇ ਚੋਣ ਪ੍ਰਕਿਰਿਆ ਦਾ ਬਾਈਕਾਟ ਕੀਤਾ ਸੀ। ਕਾਂਗਰਸੀ ਕੌਂਸਲਰਾਂ ਨੇ ਮੇਅਰ ਦੀ ਚੋਣ ਨੂੰ ਲੈ ਕੇ ਇਤਰਾਜ਼ ਜਤਾਉਂਦਿਆਂ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ ਸੀ ਅਤੇ ਭੋਲੂ ਉਸ ਬਾਈਕਾਟ ਦਾ ਅਹਿਮ ਹਿੱਸਾ ਰਹੇ ਸਨ।
ਅਜਿਹੇ ਵਿੱਚ ਮੇਅਰ ਚੋਣ ਦੇ ਬਾਈਕਾਟ ਤੋਂ ਕੁਝ ਹੀ ਦਿਨਾਂ ਬਾਅਦ AAP ਦੇ ਰੋਡ ਸ਼ੋਅ ਵਿੱਚ ਉਨ੍ਹਾਂ ਦੀ ਮੌਜੂਦਗੀ ਨੇ ਸਿਆਸੀ ਚਰਚਾਵਾਂ ਨੂੰ ਹੋਰ ਗਰਮਾ ਦਿੱਤਾ ਹੈ। ਹੁਣ ਸਿਆਸੀ ਨਜ਼ਰਾਂ ਹਰਜੀਤ ਸਿੰਘ ਭੋਲੂ ਦੀ ਅਗਲੀ ਚਾਲ ਅਤੇ ਇਸ ਘਟਨਾਕ੍ਰਮ ਦੇ ਸੰਭਾਵਿਤ ਪ੍ਰਭਾਵਾਂ ’ਤੇ ਟਿਕੀਆਂ ਹੋਈਆਂ ਹਨ।





