ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਲਿਖਿਆ ਪੀਐਸਪੀਸੀਐਲ ਅਧਿਕਾਰੀ ਨੂੰ ਪੱਤਰ
ਫੌਰੀ ਤੌਰ ਤੇ ਕਰਮਚਾਰੀਆਂ ਦੀ ਗਿਣਤੀ ਵਧਾਈ ਜਾਵੇ ਅਤੇ ਲੋੜ ਅਨੁਸਾਰ ਟਰਾਂਸਫਾਰਮਰ ਲਗਾਏ ਜਾਣ : ਕੁਲਜੀਤ ਸਿੰਘ ਬੇਦੀ
ਮੋਹਾਲੀ :
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੀਐਸਪੀਸੀਐਲ ਦੇ ਸੁਪਰਿੰਟੈਂਡਿੰਗ ਇੰਜੀਨੀਅਰ ਨੂੰ ਪੱਤਰ ਲਿਖ ਕੇ ਮੋਹਾਲੀ ਸ਼ਹਿਰ ਵਿੱਚ ਬਿਜਲੀ ਦੇ ਭਾਰੀ ਕੱਟਾਂ ਸਬੰਧੀ ਫੌਰੀ ਤੌਰ ਤੇ ਕਰਮਚਾਰੀਆਂ ਦੀ ਗਿਣਤੀ ਵਿੱਚ ਵਾਧਾ ਕਰਨ ਅਤੇ ਲੋੜ ਅਨੁਸਾਰ ਟਰਾਂਸਫਾਰਮਰ ਲਗਾਉਣ ਲਈ ਪੱਤਰ ਲਿਖਿਆ ਹੈ।
ਆਪਣੇ ਪੱਤਰ ਵਿੱਚ ਡਿਪਟੀ ਮੇਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਪੂਰੇ ਮੋਹਾਲੀ ਸ਼ਹਿਰ ਵਿੱਚ ਗਰਮੀ ਦਾ ਮੌਸਮ ਆਉਣ ਦੇ ਨਾਲ ਹੀ ਬਿਜਲੀ ਦੇ ਕੱਟਾਂ ਦੀ ਗਿਣਤੀ ਬਹੁਤ ਜਿਆਦਾ ਵੱਧ ਗਈ ਹੈ। ਇਹਨਾਂ ਕੱਟਾਂ ਵਿੱਚ ਜਿਆਦਾਤਰ ਬਿਜਲੀ ਦਾ ਲੋੜ ਵਧਣ ਕਾਰਨ ਟਰਾਂਸਫਾਰਮਰਾਂ ਦੇ ਫਿਊਜ ਉੱਡਣ ਕਾਰਨ ਕੱਟ ਲੱਗ ਰਹੇ ਹਨ। ਬਿਜਲੀ ਵਿਭਾਗ ਵਿੱਚ ਸਟਾਫ ਦੀ ਭਾਰੀ ਕਮੀ ਹੈ। ਬਾਕੀ ਸ਼ਹਿਰ ਮੋਹਾਲੀ ਵਿੱਚ ਵੀ ਕਰਮਚਾਰੀਆਂ ਦੀ ਭਾਰੀ ਘਾਟ ਹੈ ਅਤੇ ਇਸੇ ਤਰ੍ਹਾਂ ਫੇਜ਼ 3ਬੀ1, ਫੇਜ਼ 5, ਫੇਜ਼ 3 ਬੀ 2 ਵਾਸਤੇ ਸਿਰਫ ਦੋ ਹੀ ਕਰਮਚਾਰੀ ਹਨ ਤੇ ਇਹ ਕਰਮਚਾਰੀ ਬਿਜਲੀ ਵਿੱਚ ਪੈਂਦੇ ਫਾਲਟ ਨੂੰ ਦੂਰ ਕਰਨ ਤੋਂ ਅਸਮਰਥ ਹਨ। ਇਸ ਲਈ ਫੌਰੀ ਤੌਰ ਤੇ ਕਰਮਚਾਰੀਆਂ ਦੀ ਗਿਣਤੀ ਵਧਾਉਣ ਦੀ ਲੋੜ ਹੈ। ਖਾਸ ਤੌਰ ਤੇ ਰਾਤ ਸਮੇਂ ਬਿਜਲੀ ਦੇ ਭਾਰੀ ਕੱਟ ਲੱਗ ਰਹੇ ਹਨ ਜਿਸ ਕਾਰਨ ਲੋਕ ਤਰਾਹੀ ਤਰਾਹੀ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਪੂਰੇ ਖੇਤਰ ਵਿੱਚ ਬਿਜਲੀ ਦੇ ਫਾਲਟਾਂ ਨੂੰ ਦੂਰ ਕਰਨ ਲਈ ਕਰਮਚਾਰੀਆਂ ਦੀ ਗਿਣਤੀ ਵਧਾਈ ਜਾਵੇ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹਨਾਂ ਦੇ ਵਾਰਡ ਵਿੱਚ ਪੀਐਸਪੀਸੀਐਲ ਵੱਲੋਂ ਪਹਿਲਾਂ ਹੀ 3 ਹੋਰ ਟਰਾਂਸਫਾਰਮਰ ਪਾਸ ਹਨ ਪਰ ਇਹ ਲਗਾਏ ਨਹੀਂ ਜਾ ਰਹੇ। ਇਸ ਕਾਰਨ ਲੋਡ ਦੀ ਸਮੱਸਿਆ ਵੱਧ ਰਹੀ ਹੈ ਤੇ ਇਸ ਲੋਡ ਨੂੰ ਕੰਟਰੋਲ ਕਰਨ ਲਈ ਟ੍ਰਾਂਸਫਾਰਮਰ ਫੌਰੀ ਤੌਰ ਤੇ ਲਗਾਏ ਜਾਣ। ਉਹਨਾਂ ਕਿਹਾ ਕਿ ਉਹਨਾਂ ਦੇ ਵਾਰਡ ਸਮੇਤ ਪੂਰੇ ਮੋਹਾਲੀ ਸ਼ਹਿਰ ਵਿੱਚ ਬਜ਼ੁਰਗਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਬਿਮਾਰ ਬਜ਼ੁਰਗਾਂ ਵਾਸਤੇ ਆਕਸੀਜਨ ਕੰਨਸਟਰੇਟਰ ਲੋਕਾਂ ਦੇ ਘਰਾਂ ਵਿੱਚ ਲੱਗੇ ਹੋਏ ਹਨ ਜੋ ਬਿਜਲੀ ਨਾਲ ਹੀ ਚਲਦੇ ਹਨ। ਮੌਜੂਦਾ ਸਮੇਂ ਹਾਲਾਤ ਇਹ ਹਨ ਕਿ ਕਈ ਕਈ ਘੰਟੇ ਰਾਤ ਵੇਲੇ ਲਾਈਟ ਚਲੀ ਜਾਂਦੀ ਹੈ। ਇਹ ਆਕਸੀਜਨ ਕੰਸਨਟਰੇਟਰ ਕਨਵਰਟਰ ਉੱਤੇ ਚੱਲਣ ਯੋਗ ਨਹੀਂ ਹਨ ਅਤੇ ਇਹਨਾਂ ਨੂੰ ਬਿਜਲੀ ਸਪਲਾਈ ਦੀ ਲੋੜ ਹੁੰਦੀ ਹੈ। ਬਿਜਲੀ ਦੇ ਕੱਟਾਂ ਨੂੰ ਅਤੇ ਫਾਲਟਾਂ ਨੂੰ ਦੂਰ ਕਰਨ ਲਈ ਕਰਮਚਾਰੀਆਂ ਦੀ ਗਿਣਤੀ ਵਧਾਉਣ ਅਤੇ ਟਰਾਂਸਫਾਰਮਰ ਫੌਰੀ ਤੌਰ ਤੇ ਲਗਾਉਣ ਦੀ ਤੁਰੰਤ ਲੋੜ ਹੈ।
ਡਿਪਟੀ ਮੇਅਰ ਨੇ ਆਸ ਪ੍ਰਗਟ ਕੀਤੀ ਕਿ ਪੀਐਸਪੀਸੀਐਲ ਅਧਿਕਾਰੀ ਇਸ ਪੱਤਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਇਸ ਸਬੰਧੀ ਕਾਰਵਾਈ ਕਰਨਗੇ ਤਾਂ ਜੋ ਲੋਕਾਂ ਨੂੰ ਸੁੱਖ ਦਾ ਸਾਹ ਆਵੇ।